ਉੱਤਰ ਪ੍ਰਦੇਸ਼: ਐੱਸਯੂਵੀ ਨਹਿਰ ’ਚ ਡਿੱਗੀ, 11 ਸ਼ਰਧਾਲੂਆਂ ਦੀ ਮੌਤ
ਗੌਂਡਾ ਜ਼ਿਲ੍ਹੇ ਦੇ ਇਟਿਆਥੋਕ ਖੇਤਰ ਵਿੱਚ ਅੱਜ ਇਕ ਐੱਸਯੂਵੀ ਦੇ ਸਰਯੂ ਨਦੀ ਵਿੱਚ ਡਿੱਗਣ ਕਾਰਨ 11 ਵਿਅਕਤੀਆਂ ਦੀ ਮੌਤ ਹੋ ਗਈ ਅਤੇ ਚਾਰ ਹੋਰ ਜ਼ਖ਼ਮੀ ਹੋ ਗਏ। ਪੁਲੀਸ ਨੇ ਇਹ ਜਾਣਕਾਰੀ ਦਿੱਤੀ। ਗੋਂਡਾ ਦੇ ਐੱਸਪੀ ਵਿਨੀਤ ਜੈਸਵਾਲ ਨੇ ਦੱਸਿਆ ਕਿ ਇਸ ਹਾਦਸੇ ਵਿੱਚ ਮਰਨ ਵਾਲੇ ਸ਼ਰਧਾਲੂਆਂ ਵਿੱਚ ਛੇ ਔਰਤਾਂ, ਦੋ ਪੁਰਸ਼ ਅਤੇ ਤਿੰਨ ਬੱਚੇ ਸ਼ਾਮਲ ਹਨ ਜਦੋਂ ਕਿ ਚਾਲਕ ਸਣੇ ਚਾਰ ਹੋਰਾਂ ਨੂੰ ਬਚਾਅ ਲਿਆ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਘਟਨਾ ’ਤੇ ਦੁੱਖ ਜ਼ਾਹਿਰ ਕਰਦਿਆਂ ਪੀੜਤ ਪਰਿਵਾਰਾਂ ਨੂੰ ਪ੍ਰਧਾਨ ਮੰਤਰੀ ਕੌਮੀ ਰਾਹਤ ਫੰਡ ’ਚੋਂ ਦੋ-ਦੋ ਲੱਖ ਰੁਪਏ ਅਤੇ ਜ਼ਖ਼ਮੀਆਂ ਨੂੰ 50-50 ਹਜ਼ਾਰ ਰੁਪਏ ਦੇਣ ਦਾ ਐਲਾਨ ਕੀਤਾ ਹੈ। ਇਸੇ ਤਰ੍ਹਾਂ ਸੂਬੇ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਹਾਦਸੇ ’ਤੇ ਦੁੱਖ ਜ਼ਾਹਿਰ ਕਰਦਿਆਂ ਮਰਨ ਵਾਲੇ ਵਿਅਕਤੀਆਂ ਦੇ ਪਰਿਵਾਰਕ ਮੈਂਬਰਾਂ ਨੂੰ ਪੰਜ-ਪੰਜ ਲੱਖ ਰੁਪਏ ਦੀ ਆਰਥਿਕ ਸਹਾਇਤ ਦੇਣ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਜ਼ਖ਼ਮੀਆਂ ਨੂੰ ਤੁਰੰਤ ਹਸਪਤਾਲ ਪਹੁੰਚਾ ਕੇ ਉਨ੍ਹਾਂ ਦਾ ਸਮੁੱਚਾ ਇਲਾਜ ਕਰਵਾਉਣ ਦੇ ਨਿਰਦੇਸ਼ ਦਿੱਤੇ ਹਨ। ਇਟਿਆਥੋਕ ਥਾਣੇ ਦੇ ਮੁਖੀ ਕ੍ਰਿਸ਼ਨ ਗੋਪਾਲ ਰਾਏ ਨੇ ਦੱਸਿਆ ਕਿ ਐੱਸਯੂਵੀ ਸਵਾਰ ਸ਼ਰਧਾਲੂ ਮੋਤੀਗੰਜ ਥਾਣਾ ਖੇਤਰ ਦੇ ਸੀਹਾਗਾਓਂ ਪਿੰਡ ਤੋਂ ਖੜਗੂਪੁਰ ਸਥਿਤ ਪ੍ਰਸਿੱਧ ਪ੍ਰਿਥਵੀਨਾਥ ਮੰਦਰ ਵਿੱਚ ਪਵਿੱਤਰ ਜਲ ਚੜ੍ਹਾਉਣ ਜਾ ਰਹੇ ਸੀ। ਇਸ ਦੌਰਾਨ ਬੇਲਵਾ ਬਹੁਤਾ ਨੇੜੇ ਇਹ ਹਾਦਸਾ ਵਾਪਰ ਗਿਆ। ਰਾਏ ਨੇ ਦੱਸਿਆ ਕਿ ਐੱਸਯੂਵੀ ਵਿੱਚ ਚਾਲਕ ਸਣੇ 15 ਵਿਅਕਤੀ ਸਵਾਰ ਸਨ। ਵਾਹਨ ਸੜਕ ਤੋਂ ਤਿਲਕ ਕੇ ਨਹਿਰ ਵਿੱਚ ਪਲਟ ਗਿਆ। ਮੌਕੇ ’ਤੇ ਮੌਜੂਦ ਲੋਕਾਂ ਨੇ ਤੁਰੰਤ ਪੁਲੀਸ ਨੂੰ ਸੂਚਨਾ ਦਿੱਤੀ। ਸਥਾਨਕ ਲੋਕਾਂ ਅਤੇ ਬਚਾਅ ਦਲ ਦੀ ਮਦਦ ਨਾਲ ਡੁੱਬੇ ਹੋਏ ਵਾਹਨ ’ਚੋਂ 11 ਲਾਸ਼ਾਂ ਕੱਢੀਆਂ ਗਈਆਂ। ਪੁਲੀਸ ਨੇ ਦੱਸਿਆ ਕਿ ਵਾਹਨ ਦੇ ਚਾਲਕ ਸਣੇ ਚਾਰ ਜਣਿਆਂ ਨੂੰ ਬਚਾਅ ਲਿਆ ਗਿਆ ਹੈ ਉਨ੍ਹਾਂ ਨੂੰ ਨੇੜਲੇ ਹਸਪਤਾਲ ਵਿੱਚ ਲਿਜਾਇਆ ਗਿਆ ਹੈ।