ਉੱਤਰ ਪ੍ਰਦੇਸ਼: ਭੜਕਾਊ ਪੋਸਟ ਦੇ ਦੋਸ਼ ਹੇਠ ਲੋਕ ਗਾਇਕਾ ਨੇਹਾ ਸਿੰਘ ਰਾਠੌੜ ਖ਼ਿਲਾਫ਼ ਦੇਸ਼ਧ੍ਰੋਹ ਦੇ ਕੇਸ ਦਰਜ
UP: Folk singer Neha Singh Rathore booked for 'provocative' social media posts
Advertisement
ਲਖਨਊ, 28 ਅਪਰੈਲ
ਲਖਨਊ ਦੇ ਹਜ਼ਰਤਗੰਜ ਥਾਣੇ ਵਿੱਚ ਲੋਕ ਗਾਇਕਾ ਨੇਹਾ ਸਿੰਘ ਰਾਠੌੜ ਖ਼ਿਲਾਫ਼ ਦੇਸ਼ਧ੍ਰੋਹ ਸਣੇ ਕਈ ਗੰਭੀਰ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਪੁਲੀਸ ਸੂਤਰਾਂ ਨੇ ਅੱਜ ਇਹ ਜਾਣਕਾਰੀ ਦਿੱਤੀ।
ਇਸ ਦੌਰਾਨ Neha Singh Rathore ਨੇ ਜਵਾਬੀ ਹਮਲਾ ਕਰਦਿਆਂ ਸੋਸ਼ਲ ਮੀਡੀਆ ’ਤੇ ਦਾਅਵਾ ਕੀਤਾ ਕਿ ਸਰਕਾਰ ਉਨ੍ਹਾਂ ਵਿਰੁੱਧ ਐੱਫਆਈਆਰ ਦਰਜ ਕਰਕੇ ਅਸਲ ਮੁੱਦਿਆਂ ਤੋਂ ਧਿਆਨ ਹਟਾਉਣਾ ਚਾਹੁੰਦੀ ਹੈ।
ਰਾਠੌੜ ਵਿਰੁੱਧ ਦਾਇਰ ਸ਼ਿਕਾਇਤ ਵਿੱਚ ਕਿਹਾ ਗਿਆ ਹੈ ਕਿ ਪਿਛਲੇ ਹਫ਼ਤੇ ਪਹਿਲਗਾਮ ਅਤਿਵਾਦੀ ਹਮਲੇ ਦੇ ਮੱਦੇਨਜ਼ਰ ਇੱਕ ਖਾਸ ਧਾਰਮਿਕ ਭਾਈਚਾਰੇ ਨੂੰ ਨਿਸ਼ਾਨਾ ਬਣਾਉਂਦੇ ਹੋਏ ਸੋਸ਼ਲ ਮੀਡੀਆ ’ਤੇ ਉਨ੍ਹਾਂ ਦੀਆਂ ਭੜਕਾਊ ਪੋਸਟ ਦੇਸ਼ ਦੀ ਏਕਤਾ ਨੂੰ ਨੁਕਸਾਨ ਪਹੁੰਚਾ ਸਕਦੀ ਹੈ।
ਪੁਲੀਸ ਸੂਤਰਾਂ ਨੇ ਦੱਸਿਆ ਕਿ ਕਵੀ ਅਭੈ ਪ੍ਰਤਾਪ ਸਿੰਘ ਦੀ ਸ਼ਿਕਾਇਤ ’ਤੇ ਐੱਫਆਈਆਰ ਦਰਜ ਕੀਤੀ ਗਈ ਹੈ। ਸ਼ਿਕਾਇਤਕਰਤਾ ਅਭੈ ਪ੍ਰਤਾਪ ਸਿੰਘ ਨੇ ਕਿਹਾ, ‘‘ਗਾਇਕਾ ਅਤੇ ਕਵਿੱਤਰੀ ਨੇਹਾ ਸਿੰਘ ਰਾਠੌੜ ਨੇ ਆਪਣੇ ‘ਐਕਸ’ ਹੈਂਡਲ ’ਤੇ ਪਹਿਲਗਾਮ ਅਤਿਵਾਦੀ ਹਮਲੇ ’ਤੇ ਇਤਰਾਜ਼ਯੋਗ ਟਿੱਪਣੀ ਕੀਤੀ ਸੀ ਅਤੇ ਸੋਸ਼ਲ ਮੀਡੀਆ ਪਲੇਟਫਾਰਮ ’ਤੇ ਅਜਿਹੇ ਵੀਡੀਓ ਅਤੇ ਪੋਸਟ ਸਾਂਝੇ ਕੀਤੇ ਸਨ ਜਿਨ੍ਹਾਂ ਦਾ ਕੌਮੀ ਅਖੰਡਤਾ ’ਤੇ ਮਾੜਾ ਪ੍ਰਭਾਵ ਪਿਆ ਸੀ।’’
ਪੁਲੀਸ ਨੇ ਕਿਹਾ ਕਿ ਸ਼ਿਕਾਇਤ ਵਿੱਚ ਰਾਠੌੜ ’ਤੇ ਧਰਮ ਅਤੇ ਜਾਤ ਦੇ ਆਧਾਰ ’ਤੇ ਭਾਈਚਾਰਿਆਂ ਵਿੱਚ ਮਤਭੇਦ ਪੈਦਾ ਕਰਨ ਅਤੇ ਫਿਰਕੂ ਸਦਭਾਵਨਾ ਨੂੰ ਭੰਗ ਕਰਨ ਦਾ ਦੋਸ਼ ਲਗਾਇਆ ਗਿਆ ਹੈ।
ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਹੈ ਕਿ ਰਾਠੌੜ ਨੇ ਪਹਿਲਗਾਮ ਹਮਲੇ ਵਿੱਚ ਨਿਰਦੋਸ਼ ਲੋਕਾਂ ਦੀ ਮੌਤ ’ਤੇ ਸਵਾਲ ਉਠਾਏ ਅਤੇ ਦੇਸ਼ ਵਿਰੋਧੀ ਬਿਆਨ ਦਿੱਤੇ, ਜਿਸ ਨਾਲ ਸ਼ਾਂਤੀ ਅਤੇ ਜਨਤਕ ਵਿਵਸਥਾ ਦੀ ਉਲੰਘਣਾ ਦਾ ਖ਼ਤਰਾ ਪੈਦਾ ਹੋਇਆ। ਸ਼ਿਕਾਇਤਕਰਤਾ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਗਾਇਕਾ ਦਾ ਬਿਆਨ ਪਾਕਿਸਤਾਨ ਵਿੱਚ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਿਆ, ਜਿੱਥੇ ਮੀਡੀਆ ਉਸ ਨੂੰ ਭਾਰਤ ਵਿਰੋਧੀ ਪ੍ਰਚਾਰ ਲਈ ਵਰਤ ਰਿਹਾ ਹੈ।
ਸ਼ਿਕਾਇਤ ਦੇ ਆਧਾਰ ’ਤੇ ਹਜ਼ਰਤਗੰਜ ਪੁਲੀਸ ਨੇ ਕਿਹਾ ਕਿ ਲੋਕ ਗਾਇਕਾ ਖ਼ਿਲਾਫ਼ BNS ਤਹਿਤ ਕਈ ਦੋਸ਼ਾਂ ਹੇਠ ਕੇਸ ਦਰਜ ਕੀਤਾ ਗਿਆ ਹੈ, ਜਿਸ ਵਿੱਚ ਫਿਰਕੂ ਦੁਸ਼ਮਣੀ ਨੂੰ ਭੜਕਾਉਣਾ, ਜਨਤਕ ਸ਼ਾਂਤੀ ਭੰਗ ਕਰਨੀ ਅਤੇ ਭਾਰਤ ਦੀ ਪ੍ਰਭੂਸੱਤਾ, ਏਕਤਾ ਅਤੇ ਅਖੰਡਤਾ ਨੂੰ ਖ਼ਤਰਾ ਪੈਦਾ ਕਰਨ ਦੀ ਕੋਸ਼ਿਸ਼ ਕਰਨਾ ਸ਼ਾਮਲ ਹੈ। ਇਸ ਦੇ ਨਾਲ ਹੀ ਉਸ ਵਿਰੁੱਧ ਸੂਚਨਾ ਤਕਨਾਲੋਜੀ (ਆਈਟੀ) ਐਕਟ ਤਹਿਤ ਵੀ ਕੇਸ ਦਰਜ ਕੀਤਾ ਗਿਆ ਹੈ। -ਪੀਟੀਆਈ
Advertisement
×