ਉੱਤਰ ਪ੍ਰਦੇਸ਼: ਜਾਵੇਦ ਹਬੀਬ ਤੇ ਪੁੱਤਰ ਖ਼ਿਲਾਫ਼ ਧੋਖਾਧੜੀ ਦੇ 23 ਕੇਸ ਦਰਜ
ਪੁਲੀਸ ਨੇ ਮੁਲਜ਼ਮਾਂ ਨੂੰ ਵਿਦੇਸ਼ ਭੱਜਣ ਤੋਂ ਰੋਕਣ ਲੲੀ ਲੁੱਕਆੳੂਟ ਨੋਟਿਸ ਜਾਰੀ ਕੀਤਾ
ਉੱਤਰ ਪ੍ਰਦੇਸ਼ ਦੇ ਸੰਭਲ ਜ਼ਿਲ੍ਹੇ ਵਿੱਚ ਕਰੀਬ ਸੱਤ ਕਰੋੜ ਰੁਪਏ ਦੀ ਧੋਖਾਧੜੀ ਦੇ ਦੋਸ਼ ਹੇਠ ਸੈਲੀਬ੍ਰਿਟੀ ਹੇਅਰ ਸਟਾਈਲਿਸਟ ਜਾਵੇਦ ਹਬੀਬ, ਉਸ ਦੇ ਪੁੱਤਰ ਅਨੋਸ ਹਬੀਬ ਅਤੇ ਉਸ ਦੇ ਇਕ ਸਹਿਯੋਗੀ ਖ਼ਿਲਾਫ਼ ਘੱਟੋ-ਘੱਟ 23 ਕੇਸ ਦਰਜ ਕੀਤੇ ਗਏ ਹਨ। ਪੁਲੀਸ ਨੇ ਮੁਲਜ਼ਮਾਂ ਨੂੰ ਵਿਦੇਸ਼ ਭੱਜਣ ਤੋਂ ਰੋਕਣ ਲਈ ਹਬੀਬ ਅਤੇ ਉਸ ਦੇ ਪੁੱਤਰ ਖ਼ਿਲਾਫ਼ ਲੁੱਕਆਊਟ ਨੋਟਿਸ ਜਾਰੀ ਕੀਤਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਮੁਲਜ਼ਮ ਜੇ ਪੀੜਤਾਂ ਦਾ ਧਨ ਵਾਪਸ ਨਹੀਂ ਕਰਦੇ ਹਨ ਤਾਂ ਭਾਰਤੀ ਨਿਆਂ ਸੰਹਿਤਾ ਦੀ ਧਾਰਾ 107 ਤਹਿਤ ਉਨ੍ਹਾਂ ਦੀ ਸੰਪਤੀ ਵੀ ਜ਼ਬਤ ਕੀਤੀ ਜਾ ਸਕਦੀ ਹੈ।
ਐੱਸ ਪੀ ਕ੍ਰਿਸ਼ਨ ਕੁਮਾਰ ਵਿਸ਼ਨੋਈ ਨੇ ਦੱਸਿਆ ਕਿ ਮੁਲਜ਼ਮਾਂ ਨੇ ਐੱਫ ਐੱਲ ਸੀ ਕੰਪਨੀ ਦੇ ਬੈਨਰ ਹੇਠ ਨਿਵੇਸ਼ ਯੋਜਨਾ ਚਲਾਈ ਸੀ, ਜਿਸ ਵਿੱਚ ਬਿਟਕੁਆਇਨ ਨਿਵੇਸ਼ ’ਤੇ 50-70 ਫੀਸਦ ਸਾਲਾਨਾ ਮੁਨਾਫੇ ਦਾ ਵਾਅਦਾ ਕੀਤਾ ਗਿਆ ਸੀ। ਵਿਸ਼ਨੋਈ ਨੇ ਕਿਹਾ, ‘‘ਉਨ੍ਹਾਂ ਨੇ ਹਰੇਕ ਨਿਵੇਸ਼ਕ ਕੋਲੋਂ ਪੰਜ ਤੋਂ ਸੱਤ ਲੱਖ ਰੁਪਏ ਲਏ ਸਨ ਅਤੇ ਭਰੋਸਾ ਦਿੱਤਾ ਸੀ ਕਿ ਇਸ ਯੋਜਨਾ ਨਾਲ ਉਨ੍ਹਾਂ ਨੂੰ ਵਧੀਆ ਮੁਨਾਫਾ ਮਿਲੇਗਾ ਪਰ ਢਾਈ ਸਾਲ ਬਾਅਦ ਵੀ ਕਿਸੇ ਨਿਵੇਸ਼ਕ ਨੂੰ ਉਸ ਦਾ ਧਨ ਵਾਪਸ ਨਹੀਂ ਮਿਲਿਆ।’’ ਉਨ੍ਹਾਂ ਦੱਸਿਆ ਕਿ ਹੁਣ ਤੱਕ ਅਜਿਹੇ 38 ਵਿਅਕਤੀਆਂ ਦੀ ਪਛਾਣ ਕੀਤੀ ਗਈ ਹੈ ਜਿਨ੍ਹਾਂ ਨਾਲ ਧੋਖਾਧੜੀ ਹੋਈ ਸੀ। ਵਿਸ਼ਨੋਈ ਨੇ ਕਿਹਾ, ‘‘ਜਾਵੇਦ ਹਬੀਬ, ਉਨ੍ਹਾਂ ਦੇ ਪੁੱਤਰ ਅਨੋਸ ਹਬੀਬ ਅਤੇ ਉਨ੍ਹਾਂ ਦੇ ਸਹਿਯੋਗੀ ਸੈਫੁਲ ਖ਼ਿਲਾਫ਼ 23 ਕੇਸ ਦਰਜ ਕੀਤੇ ਗਏ ਹਨ।’’