ਚੈਟਜੀਪੀਟੀ ਦੀ ਵਰਤੋਂ ਸੋਚਣ ਦੀ ਸਮਰੱਥਾ ਨੂੰ ਕਰ ਸਕਦੀ ਹੈ ਪ੍ਰਭਾਵਿਤ
ਐਡੀਲੇਡ, 8 ਜੁਲਾਈ
ਵਿਗਿਆਨੀਆਂ ਨੇ ਦਾਅਵਾ ਕੀਤਾ ਕਿ ਚੈਟਜੀਪੀਟੀ ਜਿਹੀਆਂ ਮਸਨੂਈ ਬੌਧਿਕਤਾ (ਏਆਈ) ਤਕਨੀਕਾਂ ਦੀ ਵਰਤੋਂ ਨਾਲ ਮਨੁੱਖੀ ਦਿਮਾਗ ਦੇ ਆਲੋਚਨਾਤਮਕ ਢੰਗ ਨਾਲ ਸੋਚਣ ਦੀ ਸਮਰੱਥਾ ਪ੍ਰਭਾਵਿਤ ਹੋ ਸਕਦੀ ਹੈ। ਐੱਮਆਈਟੀ ਦੇ ਵਿਗਿਆਨੀਆਂ ਨੇ ਹਾਲ ਹੀ ਵਿੱਚ ਕੀਤੇ ਅਧਿਐਨ ਮਗਰੋਂ ਕਿਹਾ ਹੈ ਕਿ ਲੇਖ ਲਿਖਣ ’ਚ ਮਦਦ ਲਈ ਚੈਟਜੀਪੀਟੀ ਦੀ ਵਰਤੋਂ ਕਰਨ ਨਾਲ ਬੌਧਿਕ ਸਮਝ ਅਤੇ ਸਿੱਖਣ ਦੇ ਹੁਨਰ ’ਚ ਘਾਟ ਹੋ ਸਕਦੀ ਹੈ। ਐੱਮਆਈਟੀ ਦੀ ਟੀਮ ਨੇ ਚਾਰ ਮਹੀਨਿਆਂ ਦੇ ਸਮੇਂ ਦਰਮਿਆਨ 54 ਬਾਲਗਾਂ ਨੂੰ ਏਆਈ (ਚੈਟਜੀਪੀਟੀ), ਖੋਜ ਇੰਜਣ ਜਾਂ ਆਪਣੇ ਖੁਦ ਦੇ ਦਿਮਾਗ ਦੀ ਵਰਤੋਂ (ਸਿਰਫ਼ ਦਿਮਾਗ ਦੀ ਵਰਤੋਂ ਕਰਨ ਵਾਲਾ ਸਮੂਹ) ਕਰਕੇ ਤਿੰਨ ਲੇਖਾਂ ਦੀ ਲੜੀ ਲਿਖਣ ਲਈ ਕਿਹਾ। ਟੀਮ ਨੇ ਦਿਮਾਗ ’ਚ ਬਿਜਲੀ ਗਤੀਵਿਧੀ ਦੀ ਪੜਤਾਲ ਕਰਕੇ ਅਤੇ ਲੇਖਾਂ ਦੇ ਭਾਸ਼ਾਈ ਵਿਸ਼ਲੇਸ਼ਣ ਰਾਹੀਂ ਬੌਧਿਕ ਪੱਧਰ ਦਾ ਅਨੁਮਾਨ ਲਾਇਆ। ਏਆਈ ਦੀ ਵਰਤੋਂ ਕਰਨ ਵਾਲਿਆਂ ਦੀ ਬੌਧਿਕ ਸਮਝ ਹੋਰ ਦੋ ਸਮੂਹਾਂ ਮੁਕਾਬਲੇ ਕਾਫੀ ਘੱਟ ਸੀ। ਇਸ ਸਮੂਹ ਨੂੰ ਆਪਣੇ ਲੇਖਾਂ ਦੇ ਹਵਾਲੇ ਯਾਦ ਕਰਨ ’ਚ ਵੀ ਮੁਸ਼ਕਲ ਹੋਈ। ਲੇਖਕਾਂ ਦਾ ਦਾਅਵਾ ਹੈ ਕਿ ਇਹ ਦਰਸਾਉਂਦਾ ਹੈ ਕਿ ਕਿਵੇਂ ਲੰਮੇ ਸਮੇਂ ਤੱਕ ਏਆਈ ਦੀ ਵਰਤੋਂ ਨਾਲ ਪ੍ਰਤੀਭਾਗੀਆਂ ਦੀ ਬੌਧਿਕ ਸਮਝ ’ਤੇ ਅਸਰ ਪਿਆ। ਜਦੋਂ ਉਨ੍ਹਾਂ ਨੂੰ ਆਪਣੇ ਦਿਮਾਗ ਦੀ ਵਰਤੋਂ ਕਰਨ ਦਾ ਮੌਕਾ ਮਿਲਿਆ ਤਾਂ ਉਹ ਦੂਜੇ ਦੋ ਸਮੂਹਾਂ ਦੀ ਤਰ੍ਹਾਂ ਚੰਗਾ ਪ੍ਰਦਰਸ਼ਨ ਕਰਨ ਤੋਂ ਅਸਮਰੱਥ ਰਹੇ। -ਏਜੰਸੀ