ਭਾਰਤ ਸਣੇ ਹੋਰ ਮੁਲਕਾਂ ’ਤੇ ਅਮਰੀਕੀ ਟੈਰਿਫ 7 ਤੋਂ ਹੋਣਗੇ ਲਾਗੂ
ਅਮਰੀਕਾ ਵੱਲੋਂ ਭਾਰਤ ਸਮੇਤ 70 ਮੁਲਕਾਂ ’ਤੇ ਟੈਰਿਫ ਲਗਾਉਣ ਦੀ ਤਰੀਕ ਪਹਿਲੀ ਅਗਸਤ ਤੋਂ ਵਧਾ ਕੇ 7 ਅਗਸਤ ਕਰ ਦਿੱਤੀ ਗਈ ਹੈ। ਇਸ ਦੇ ਨਾਲ ਹੀ ਵ੍ਹਾਈਟ ਹਾਊਸ ਨੇ ਟੈਰਿਫ ਦਰਾਂ ਦੀ ਵਿਸਥਾਰਤ ਸੂਚੀ ਜਾਰੀ ਕੀਤੀ ਹੈ। ‘ਜਵਾਬੀ ਟੈਰਿਫ ਦਰਾਂ ’ਚ ਹੋਰ ਸੋਧ’ ਨਾਮ ਵਾਲੇ ਇਕ ਕਾਰਜਕਾਰਨੀ ਹੁਕਮ ’ਚ ਰਾਸ਼ਟਰਪਤੀ ਡੋਨਲਡ ਟਰੰਪ ਨੇ ਇਹ ਐਲਾਨ ਕੀਤਾ। ਸੂਚੀ ਮੁਤਾਬਕ ਭਾਰਤ ’ਤੇ 25 ਫ਼ੀਸਦ ਜਵਾਬੀ ਟੈਰਿਫ ਲਗਾਇਆ ਗਿਆ ਹੈ। ਹੁਕਮਾਂ ’ਚ ਅਮਰੀਕਾ ਨੂੰ ਡੀਜ਼ਲ ਅਤੇ ਜੈੱਟ ਫਿਊਲ ਵਰਗੇ ਪੈਟਰੋਲੀਅਮ ਉਤਪਾਦਾਂ ਦੀ ਬਰਾਮਦਗੀ ’ਤੇ ਕਿਸੇ ਡਿਊਟੀ ਜਾਂ ਟੈਰਿਫ ਦਾ ਕੋਈ ਜ਼ਿਕਰ ਨਹੀਂ ਹੈ ਜਿਸ ਤੋਂ ਜਾਪਦਾ ਹੈ ਕਿ ਭਾਰਤ ਨੂੰ ਇਸ ਤੋਂ ਛੋਟ ਜਾਰੀ ਰਹੇਗੀ। ਰੂਸ ਤੋਂ ਕੱਚਾ ਤੇਲ ਅਤੇ ਫੌਜੀ ਉਪਕਰਨ ਖ਼ਰੀਦਣ ਕਾਰਨ ਭਾਰਤ ’ਤੇ ਜੁਰਮਾਨਾ ਲਗਾਉਣ ਬਾਰੇ ਵੀ ਕੋਈ ਸੰਕੇਤ ਨਹੀਂ ਦਿੱਤੇ ਗਏ ਹਨ। ਸੂਚੀ ’ਚ ਦਵਾਈਆਂ ਆਦਿ ਉਤਪਾਦ, ਇਲੈਕਟ੍ਰਾਨਿਕਸ ਅਤੇ ਆਈਸੀਟੀ ਵਸਤਾਂ (ਸੈਮੀਕੰਡਕਟਰਜ਼, ਸਮਾਰਟਫੋਨਜ਼, ਐੱਸਐੱਸਡੀਜ਼ ਤੇ ਕੰਪਿਊਟਰਜ਼) ਸ਼ਾਮਲ ਨਹੀਂ ਹਨ। ਇਸ ਨਾਲ 86 ਅਰਬ ਡਾਲਰ ਦੀ ਭਾਰਤੀ ਬਾਕੀ ਸਫਾ 10 »
ਬਰਾਮਦਗੀ ਵਿੱਚੋਂ ਲਗਭਗ ਅੱਧੇ ’ਤੇ ਅਸਰ ਪੈ ਸਕਦਾ ਹੈ। ਸੂਤਰਾਂ ਨੇ ਦੱਸਿਆ ਕਿ ਭਾਰਤ ਵੱਲੋਂ ਅਮਰੀਕਾ ਨਾਲ ਵਪਾਰ ਸਮਝੌਤੇ ਲਈ ਗੱਲਬਾਤ ਜਾਰੀ ਹੈ ਪਰ ਉਹ ਖੇਤੀਬਾੜੀ, ਡੇਅਰੀ ਅਤੇ ਜੈਨੇਟਿਕ ਤੌਰ ’ਤੇ ਸੋਧੇ ਹੋਏ ਉਤਪਾਦਾਂ ਉਪਰ ਕੋਈ ਸਮਝੌਤਾ ਨਹੀਂ ਕਰੇਗਾ। ਦੋਵੇਂ ਮੁਲਕਾਂ ਵਿਚਕਾਰ ਵਾਰਤਾ ਦੇ ਛੇਵੇਂ ਗੇੜ ਲਈ ਅਮਰੀਕੀ ਟੀਮ 25 ਅਗਸਤ ਨੂੰ ਭਾਰਤ ਆ ਰਹੀ ਹੈ। ਜਿਨ੍ਹਾਂ ਖੇਤਰਾਂ ’ਤੇ 25 ਫ਼ੀਸਦ ਡਿਊਟੀ ਦਾ ਅਸਰ ਪਵੇਗਾ, ਉਨ੍ਹਾਂ ਵਿੱਚ ਕੱਪੜੇ (10.3 ਅਰਬ), ਰਤਨ ਅਤੇ ਗਹਿਣੇ (12 ਅਰਬ), ਝੀਂਗਾ (2.24 ਅਰਬ ਡਾਲਰ), ਚਮੜਾ ਅਤੇ ਜੁੱਤੇ (1.18 ਅਰਬ), ਜਾਨਵਰਾਂ ਦੇ ਉਤਪਾਦ (2 ਅਰਬ ਡਾਲਰ), ਰਸਾਇਣ (2.34 ਅਰਬ) ਅਤੇ ਇਲੈਕਟ੍ਰੀਕਲ ਤੇ ਮਕੈਨੀਕਲ ਮਸ਼ੀਨਰੀ (ਲਗਭਗ 9 ਬਿਲੀਅਨ ਡਾਲਰ) ਸ਼ਾਮਲ ਹਨ।
ਭਾਰਤ-ਅਮਰੀਕਾ ਭਾਈਵਾਲੀ ਅੱਗੇ ਵੀ ਜਾਰੀ ਰਹੇਗੀ: ਵਿਦੇਸ਼ ਮੰਤਰਾਲਾ
ਨਵੀਂ ਦਿੱਲੀ: ਭਾਰਤ ਨੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਦੋਸ਼ ਖਾਰਜ ਕਰਦਿਆਂ ਕਿਹਾ ਕਿ ਦੋਵੇਂ ਮੁਲਕਾਂ ਵਿਚਾਲੇ ਭਾਈਵਾਲੀ ਨੇ ਕਈ ਬਦਲਾਵਾਂ ਅਤੇ ਚੁਣੌਤੀਆਂ ਦਾ ਸਾਹਮਣਾ ਕੀਤਾ ਹੈ ਅਤੇ ਇਹ ਭਾਈਵਾਲੀ ਅੱਗੇ ਵੀ ਲਗਾਤਾਰ ਜਾਰੀ ਰਹੇਗੀ। ਵਿਦੇਸ਼ ਮੰਤਰਾਲੇ ਦੀ ਇਹ ਟਿੱਪਣੀ ਟਰੰਪ ਵੱਲੋਂ ਭਾਰਤ ’ਤੇ 25 ਫ਼ੀਸਦ ਟੈਰਿਫ ਲਗਾਉਣ ਅਤੇ ਭਾਰਤੀ ਅਰਥਚਾਰੇ ਨੂੰ ‘ਬੇਜਾਨ’ ਦੱਸੇ ਜਾਣ ਦੇ ਇਕ ਦਿਨ ਮਗਰੋਂ ਆਈ ਹੈ। ਵਿਦੇਸ਼ ਮੰਤਰਾਲੇ ਦੇ ਤਰਜਮਾਨ ਰਣਧੀਰ ਜੈਸਵਾਲ ਨੇ ਇਹ ਵੀ ਕਿਹਾ ਕਿ ਭਾਰਤ ਦੀ ਊਰਜਾ ਖ਼ਰੀਦ ਬਾਜ਼ਾਰ ਦੇ ਰੁਝਾਨਾਂ ਅਤੇ ਦੁਨੀਆ ਦੇ ਮੌਜੂਦਾ ਹਾਲਾਤ ’ਤੇ ਕੇਂਦਰਤ ਹੁੰਦੀ ਹੈ। ਟਰੰਪ ਵੱਲੋਂ ਪੱਛਮੀ ਪਾਬੰਦੀਆਂ ਦੇ ਬਾਵਜੂਦ ਰੂਸੀ ਪੈਟਰੋਲੀਅਮ ਉਤਪਾਦਾਂ ਦੀ ਖ਼ਰੀਦ ਲਈ ਭਾਰਤ ਦੀ ਆਲੋਚਨਾ ਕੀਤੇ ਜਾਣ ਦਰਮਿਆਨ ਜੈਸਵਾਲ ਨੇ ਇਹ ਪ੍ਰਤੀਕਰਮ ਦਿੱਤਾ। ਜੈਸਵਾਲ ਨੇ ਕਿਹਾ ਕਿ ਭਾਰਤ ਅਤੇ ਰੂਸ ਵਿਚਾਲੇ ਸਥਿਰ ਭਾਈਵਾਲੀ ਹੈ ਅਤੇ ਵੱਖ-ਵੱਖ ਦੇਸ਼ਾਂ ਨਾਲ ਨਵੀਂ ਦਿੱਲੀ ਦੇ ਦੁਵੱਲੇ ਸਬੰਧਾਂ ਨੂੰ ਕਿਸੇ ਤੀਜੇ ਦੇਸ਼ ਦੇ ‘ਨਜ਼ਰੀਏ’ ਤੋਂ ਨਹੀਂ ਦੇਖਿਆ ਜਾਣਾ ਚਾਹੀਦਾ ਹੈ। ਜੈਸਵਾਲ ਨੇ ਆਪਣੀ ਹਫ਼ਤਾਵਾਰੀ ਪ੍ਰੈੱਸ ਵਾਰਤਾ ਦੌਰਾਨ ਕਿਹਾ, ‘‘ਭਾਰਤ ਅਤੇ ਅਮਰੀਕਾ ਵਿਚਾਲੇ ਸਾਂਝੇ ਹਿੱਤਾਂ, ਜਮਹੂਰੀ ਕਦਰਾਂ-ਕੀਮਤਾਂ ਅਤੇ ਲੋਕਾਂ ਵਿਚਕਾਰ ਮਜ਼ਬੂਤ ਸਬੰਧਾਂ ’ਤੇ ਆਧਾਰਿਤ ਵਿਆਪਕ ਆਲਮੀ ਰਣਨੀਤਕ ਭਾਈਵਾਲੀ ਹੈ। -ਪੀਟੀਆਈ
ਸਰਕਾਰ ਅਮਰੀਕਾ ਨਾਲ ਵਪਾਰ ਵਾਰਤਾ ’ਚ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਕਰੇਗੀ: ਸ਼ਿਵਰਾਜ
ਨਵੀਂ ਦਿੱਲੀ: ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਕਿ ਸਰਕਾਰ ਅਮਰੀਕਾ ਨਾਲ ਵਪਾਰ ਵਾਰਤਾ ’ਚ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਕਰੇਗੀ। ਮੇਘਾਲਿਆ ਅਨਾਨਾਸ ਮੇਲੇ ਦਾ ਉਦਘਾਟਨ ਕਰਨ ਮਗਰੋਂ ਚੌਹਾਨ ਨੇ ਕਿਹਾ, ‘‘ਅਸੀਂ ਸਪੱਸ਼ਟ ਆਖਿਆ ਹੈ ਕਿ ਦੇਸ਼ ਦੇ ਹਿੱਤ ਸਿਖਰਲੀ ਤਰਜੀਹ ਹਨ। ਕਿਸਾਨਾਂ ਦੇ ਹਿੱਤਾਂ ਦੀ ਰਾਖੀ ਕੀਤੀ ਜਾਵੇਗੀ।’’ -ਪੀਟੀਆਈ