ਅਮਰੀਕਾ ਨੇ ਟਰੱਕ ਡਰਾਈਵਰਾਂ ਲਈ ਵਰਕ ਵੀਜ਼ੇ ਰੋਕੇ
ਅਮਰੀਕਾ ਨੇ ਕਮਰਸ਼ੀਅਲ ਟਰੱਕ ਡਰਾਈਵਰਾਂ ਨੂੰ ਦਿੱਤੇ ਜਾਣ ਵਾਲੇ ਵਰਕ ਵੀਜ਼ਾ ’ਤੇ ਤੁਰੰਤ ਰੋਕ ਲਗਾ ਦਿੱਤੀ ਹੈ। ਇਸ ਫ਼ੈਸਲੇ ਦਾ ਅਸਰ ਭਾਰਤ ਸਣੇ ਕਈ ਮੁਲਕਾਂ ਦੇ ਉਨ੍ਹਾਂ ਡਰਾਈਵਰਾਂ ’ਤੇ ਪਵੇਗਾ, ਜੋ ਅਮਰੀਕੀ ਟਰਾਂਸਪੋਰਟ ਸੈਕਟਰ ’ਚ ਕੰਮ ਕਰਨ ਦੀ ਉਮੀਦ ’ਚ ਬੈਠੇ ਸਨ। ਕੁਝ ਦਿਨ ਪਹਿਲਾਂ ਇਕ ਪੰਜਾਬੀ ਡਰਾਈਵਰ ਵੱਲੋਂ ਟਰੱਕ ਗਲਤ ਦਿਸ਼ਾ ’ਚ ਮੋੜਨ ਕਾਰਨ ਇਕ ਕਾਰ ’ਚ ਸਵਾਰ ਤਿੰਨ ਵਿਅਕਤੀ ਮਾਰੇ ਗਏ ਸਨ। ਅਮਰੀਕੀ ਸਰਕਾਰ ਦਾ ਫ਼ੈਸਲਾ ਇਸ ਘਟਨਾ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਅਮਰੀਕੀ ਵਿਦੇਸ਼ ਮੰਤਰੀ ਮਾਰਕ ਰੂਬੀਓ ਨੇ ‘ਐਕਸ’ ’ਤੇ ਕਮਰਸ਼ੀਅਲ ਟਰੱਕ ਡਰਾਈਵਰਾਂ ਲਈ ਵਰਕਰ ਵੀਜ਼ੇ ਜਾਰੀ ਕਰਨ ’ਤੇ ਰੋਕ ਲਾਉਣ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਇਹ ਕਦਮ ਕਿਸੇ ਖਾਸ ਦੇਸ਼ ਨੂੰ ਨਿਸ਼ਾਨਾ ਬਣਾਉਣ ਲਈ ਨਹੀਂ ਹੈ, ਬਲਕਿ ਵਿਦੇਸ਼ ਤੋਂ ਆਉਣ ਵਾਲੇ ਟਰੱਕ ਡਰਾਈਵਰਾਂ ਦੀ ਯੋਗਤਾ ਅਤੇ ਸੁਰੱਖਿਆ ਮਾਪਦੰਡਾਂ ਦੀ ਸਮੀਖਿਆ ਲਈ ਚੁੱਕਿਆ ਗਿਆ ਹੈ।
ਪੰਜਾਬੀ ਟਰੱਕ ਡਰਾਈਵਰ ’ਤੇ ਹੱਤਿਆ ਦੇ ਦੋਸ਼
ਨਿਊਯਾਰਕ: ਫਲੋਰੀਡਾ ਹਾਈਵੇਅ ’ਤੇ ਗਲਤ ਢੰਗ ਨਾਲ ਮੋੜ ਕੱਟਣ ਕਾਰਨ ਹਾਦਸੇ ’ਚ ਤਿੰਨ ਵਿਅਕਤੀਆਂ ਦੀ ਮੌਤ ਮਗਰੋਂ ਭਾਰਤੀ ਮੂਲ ਦਾ ਟਰੱਕ ਡਰਾਈਵਰ ਹਰਜਿੰਦਰ ਸਿੰਘ (28) ਹੱਤਿਆ ਦੇ ਦੋਸ਼ਾਂ ਦਾ ਸਾਹਮਣਾ ਕਰ ਰਿਹਾ ਹੈ। ਹਾਦਸੇ ਮਗਰੋਂ ਹਰਜਿੰਦਰ ਸਿੰਘ ਕੈਲੀਫੋਰਨੀਆ ਭੱਜ ਗਿਆ ਸੀ, ਜਿਸ ਨੂੰ ਗ੍ਰਿਫ਼ਤਾਰ ਕਰਕੇ ਫਲੋਰੀਡਾ ਲਿਆਂਦਾ ਗਿਆ ਹੈ। ਲੈਫ਼ਟੀਨੈਂਟ ਗਵਰਨਰ ਜਯ ਕੌਲਿਨਜ਼ ਨੇ ਸੋਸ਼ਲ ਮੀਡੀਆ ’ਤੇ ਕਿਹਾ, ‘‘ਟਰੱਕ ਡਰਾਈਵਰ ਨੇ ਸੋਚਿਆ ਸੀ ਕਿ ਉਹ ਕਾਨੂੰਨ ਤੋਂ ਭੱਜ ਸਕਦਾ ਹੈ ਪਰ ਮੈਂ ਉਸ ਨੂੰ ਅਦਾਲਤ ਦੇ ਕਟਹਿਰੇ ’ਚ ਖੜ੍ਹਾ ਕਰਨ ਲਈ ਵਾਪਸ ਲਿਆਂਦਾ ਹੈ।’’ ‘ਨਿਊਯਾਰਕ ਪੋਸਟ’ ਮੁਤਾਬਕ ਹਰਜਿੰਦਰ ਸਿੰਘ ਖ਼ਿਲਾਫ਼ ਹੱਤਿਆ ਦੇ ਤਿੰਨ ਦੋਸ਼ ਲੱਗੇ ਹਨ। ਉਸ ਨੇ 12 ਅਗਸਤ ਨੂੰ ਆਪਣੇ ਟਰੱਕ ਨਾਲ ਭੀੜ-ਭਾੜ ਵਾਲੇ ਫਲੋਰੀਡਾ ਹਾਈਵੇਅ ’ਤੇ ਗ਼ੈਰਕਾਨੂੰਨੀ ਢੰਗ ਨਾਲ ਯੂ-ਟਰਨ ਲਿਆ ਸੀ। ਹੋਮਲੈਂਡ ਸਕਿਊਰਿਟੀ ਵਿਭਾਗ ਦੀ ਸਹਾਇਕ ਸਕੱਤਰ ਟ੍ਰਿਸ਼ੀਆ ਮੈਕਲੌਗਲਿਨ ਨੇ ਕਿਹਾ ਕਿ ਨਿਊਸਮ ਦੇ ਕੈਲੀਫੋਰਨੀਆ ਡੀਐੱਮਵੀ ਨੇ ਗ਼ੈਰਕਾਨੂੰਨੀ ਪਰਵਾਸੀ ਨੂੰ ਕਮਰਸ਼ੀਅਲ ਡਰਾਈਵਰ ਦਾ ਲਾਇਸੈਂਸ ਜਾਰੀ ਕੀਤਾ ਜਿਸ ਕਾਰਨ ਤਿੰਨ ਬੇਕਸੂਰ ਵਿਅਕਤੀ ਮਾਰੇ ਗਏ। ਰਿਪੋਰਟ ਮੁਤਾਬਕ ਹਰਜਿੰਦਰ ਸਿੰਘ 2018 ’ਚ ਗ਼ੈਰਕਾਨੂੰਨੀ ਢੰਗ ਨਾਲ ਅਮਰੀਕਾ ’ਚ ਦਾਖ਼ਲ ਹੋਇਆ ਸੀ ਅਤੇ ਉਹ ਕਿਸੇ ਤਰੀਕੇ ਨਾਲ ਕੈਲੀਫੋਰਨੀਆ ਤੇ ਵਾਸ਼ਿੰਗਟਨ ’ਚ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਲੈਣ ’ਚ ਕਾਮਯਾਬ ਰਿਹਾ ਸੀ। -ਪੀਟੀਆਈ