DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

US Deport: ਅਮਰੀਕਾ ਵੱਲੋਂ 487 ਹੋਰ ਭਾਰਤੀਆਂ ਦੀ ਸੂਚੀ ਤਿਆਰ

ਛੇਤੀ ਦਿੱਤਾ ਜਾ ਸਕਦੈ ਦੇਸ਼ ਨਿਕਾਲਾ; ਭਾਰਤ ਨਾਲ 298 ਵਿਅਕਤੀਆਂ ਦੇ ਵੇਰਵੇ ਸਾਂਝੇ
  • fb
  • twitter
  • whatsapp
  • whatsapp
Advertisement

ਨਵੀਂ ਦਿੱਲੀ, 7 ਫਰਵਰੀ

ਭਾਰਤ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਸ ਨੇ ਹੱਥਕੜੀ ਲਗਾ ਕੇ ਗ਼ੈਰ-ਕਾਨੂੰਨੀ ਵਿਅਕਤੀਆਂ ਨੂੰ ਵਾਪਸ ਭੇਜੇ ਜਾਣ ਦੇ ਮੁੱਦੇ ’ਤੇ ਅਮਰੀਕਾ ਕੋਲ ਚਿੰਤਾ ਪ੍ਰਗਟਾਈ ਹੈ। ਉਨ੍ਹਾਂ ਇਹ ਵੀ ਕਿ ਅਜਿਹੇ ਮਾੜੇ ਸਲੂਕ ਤੋਂ ਬਚਿਆ ਜਾ ਸਕਦਾ ਸੀ। ਵਿਦੇਸ਼ ਸਕੱਤਰ ਵਿਕਰਮ ਮਿਸਰੀ ਨੇ ਕਿਹਾ ਕਿ ਅਮਰੀਕੀ ਅਧਿਕਾਰੀਆਂ ਵੱਲੋਂ 487 ਭਾਰਤੀ ਨਾਗਰਿਕਾਂ ਨੂੰ ਮੁਲਕ ’ਚੋਂ ਕੱਢੇ ਜਾਣ ਸਬੰਧੀ ਸੂਚੀ ਤਿਆਰ ਕਰ ਲਈ ਹੈ ਜਿਨ੍ਹਾਂ ਵਿਚੋਂ 298 ਵਿਅਕਤੀਆਂ ਦਾ ਬਿਉਰਾ ਭਾਰਤ ਨਾਲ ਸਾਂਝਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਅਮਰੀਕੀ ਅਧਿਕਾਰੀਆਂ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਦੀ ਤਸਦੀਕ ਕੀਤੀ ਜਾ ਰਹੀ ਹੈ। ਮਿਸਰੀ ਦਾ ਇਹ ਬਿਆਨ ਅਮਰੀਕਾ ਵੱਲੋਂ 104 ਗ਼ੈਰ-ਕਾਨੂੰਨੀ ਭਾਰਤੀਆਂ ਨੂੰ ਫੌਜੀ ਜਹਾਜ਼ ’ਚ 40 ਘੰਟੇ ਦੀ ਉਡਾਣ ਦੌਰਾਨ ਹੱਥਕੜੀ ਲਗਾ ਕੇ ਵਾਪਸ ਭੇਜੇ ਜਾਣ ’ਤੇ ਪੈਦਾ ਹੋਏ ਵਿਵਾਦ ਦੌਰਾਨ ਆਇਆ ਹੈ। ਸੂਤਰਾਂ ਨੇ ਕਿਹਾ ਕਿ 487 ਦੀ ਸੂਚੀ ਹੁਣੇ ਮਿਲੀ ਹੈ ਅਤੇ ਇਹ ਉਨ੍ਹਾਂ 96 ਵਿਅਕਤੀਆਂ ਤੋਂ ਵੱਖਰੀ ਹੈ ਜਿਨ੍ਹਾਂ ਨੂੰ ਅਮਰੀਕਾ ’ਚੋਂ ਕੱਢੇ ਜਾਣ ਲਈ ਪਹਿਲਾਂ ਹੀ ਤਸਦੀਕ ਕੀਤਾ ਜਾ ਚੁੱਕਿਆ ਹੈ। ਇਹ 96 ਵਿਅਕਤੀ ਉਨ੍ਹਾਂ 204 ਭਾਰਤੀਆਂ ਦੇ ਪਹਿਲੇ ਬੈਚ ’ਚ ਸ਼ਾਮਲ ਹਨ ਜਿਨ੍ਹਾਂ ’ਚੋਂ 104 ਇਕ ਦਿਨ ਪਹਿਲਾਂ ਮੁਲਕ ਆ ਚੁੱਕੇ ਹਨ। ਮਿਸਰੀ ਨੇ ਗੈਰ-ਕਾਨੂੰਨੀ ਪਰਵਾਸੀਆਂ ਨੂੰ ਵਾਪਸ ਭੇਜੇ ਜਾਣ ਨਾਲ ਸਬੰਧਤ ਸਵਾਲਾਂ ’ਤੇ ਕਿਹਾ, ‘‘ਅਸੀਂ ਆਪਣੀਆਂ ਚਿੰਤਾਵਾਂ ਤੋਂ ਅਮਰੀਕਾ ਨੂੰ ਜਾਣੂ ਕਰਵਾ ਦਿੱਤਾ ਹੈ।’’ ਉਨ੍ਹਾਂ ਕਿਹਾ ਕਿ ਹੱਥਕੜੀਆਂ ਲਗਾ ਕੇ ਗ਼ੈਰ-ਕਾਨੂੰਨੀ ਪਰਵਾਸੀਆਂ ਨੂੰ ਡਿਪੋਰਟ ਕਰਨ ਦੀ ਅਮਰੀਕੀ ਨੀਤੀ 2012 ਤੋਂ ਲਾਗੂ ਹੈ। ਜਦੋਂ ਉਨ੍ਹਾਂ ਨੂੰ ਸਵਾਲ ਕੀਤਾ ਗਿਆ ਕਿ 2012 ’ਚ ਭਾਰਤੀਆਂ ਨੂੰ ਹੱਥਕੜੀਆਂ ਲਗਾ ਕੇ ਮੁਲਕ ਭੇਜੇ ਜਾਣ ’ਤੇ ਉਸ ਸਮੇਂ ਸਰਕਾਰ ਵੱਲੋਂ ਕੋਈ ਇਤਰਾਜ਼ ਦਰਜ ਕਰਵਾਇਆ ਗਿਆ ਸੀ ਤਾਂ ਵਿਦੇਸ਼ ਸਕੱਤਰ ਨੇ ਕਿਹਾ, ‘‘ਮੈਨੂੰ ਨਹੀਂ ਜਾਪਦਾ ਕਿ ਕੋਈ ਵਿਰੋਧ ਜਤਾਇਆ ਗਿਆ ਸੀ। ਸਾਡੇ ਕੋਲ ਇਤਰਾਜ਼ ਜਤਾਏ ਜਾਣ ਸਬੰਧੀ ਕੋਈ ਰਿਕਾਰਡ ਨਹੀਂ ਹੈ।’’ ਮਿਸਰੀ ਨੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਵੱਲੋਂ ਵੀਰਵਾਰ ਨੂੰ ਸੰਸਦ ’ਚ ਦਿੱਤੇ ਗਏ ਬਿਆਨ ਦਾ ਹਵਾਲਾ ਦਿੱਤਾ। ਉਨ੍ਹਾਂ ਕਿਹਾ, ‘‘ਵਿਦੇਸ਼ ਮੰਤਰੀ ਨੇ ਅਮਰੀਕੀ ਨੇਮਾਂ ਸਬੰਧੀ ਤੈਅ ਪ੍ਰਕਿਰਿਆ ਤੋਂ ਜਾਣੂ ਕਰਵਾਇਆ ਸੀ ਜਿਸ ਬਾਰੇ ਇਮੀਗਰੇਸ਼ਨ ਤੇ ਕਸਟਮਜ਼ ਐੱਨਫੋਰਸਮੈਂਟ ਸਮੇਤ ਅਮਰੀਕੀ ਅਧਿਕਾਰੀਆਂ ਵੱਲੋਂ ਸਾਨੂੰ ਜਾਣਕਾਰੀ ਦਿੱਤੀ ਗਈ ਸੀ।’’ ਉਨ੍ਹਾਂ ਕਿਹਾ ਕਿ ਮੰਤਰੀ ਨੇ ਇਸ ਤੱਥ ਵੱਲ ਧਿਆਨ ਦਿਵਾਇਆ ਸੀ ਕਿ ਅਜਿਹੀ ਪ੍ਰਕਿਰਿਆ 2012 ਤੋਂ ਹੀ ਲਾਗੂ ਹੈ। -ਪੀਟੀਆਈ

Advertisement

ਪਰਵਾਸੀਆਂ ਨਾਲ ਕੋਈ ਮਾੜਾ ਸਲੂਕ ਨਾ ਹੋਵੇ: ਮਿਸਰੀ

ਵਿਦੇਸ਼ ਸਕੱਤਰ ਵਿਕਰਮ ਮਿਸਰੀ ਨੇ ਕਿਹਾ ਕਿ ਭਾਰਤ, ਅਮਰੀਕੀ ਅਧਿਕਾਰੀਆਂ ਕੋਲ ਲਗਾਤਾਰ ਜ਼ੋਰ ਦੇ ਕੇ ਆਖ ਰਿਹਾ ਹੈ ਕਿ ਭੇਜੇ ਜਾਣ ਵਾਲੇ ਪਰਵਾਸੀਆਂ ਨਾਲ ਕੋਈ ਮਾੜਾ ਸਲੂਕ ਨਹੀਂ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ, ‘‘ਸਾਡੇ ਧਿਆਨ ’ਚ ਮਾੜੇ ਸਲੂਕ ਦਾ ਕੋਈ ਵੀ ਮਾਮਲਾ ਸਾਹਮਣੇ ਆਉਣ ’ਤੇ ਅਸੀਂ ਉਸ ਨੂੰ ਚੁਕਦੇ ਰਹਾਂਗੇ।’’ ਮਿਸਰੀ ਨੇ ਗ਼ੈਰ-ਕਾਨੂੰਨੀ ਇਮੀਗਰੇਸ਼ਨ ਦੇ ਕਾਰੋਬਾਰ ਦੇ ‘ਅਸਲੀ ਕੈਂਸਰ’ ਖ਼ਿਲਾਫ਼ ਕਾਰਵਾਈ ਕਰਨ ’ਤੇ ਵੀ ਜ਼ੋਰ ਦਿੱਤਾ।

ਈਡੀ ਨੇ ਭਾਰਤੀਆਂ ਨੂੰ ਗ਼ੈਰਕਾਨੂੰਨੀ ਤੌਰ ’ਤੇ ਅਮਰੀਕਾ ਭੇਜਣ ਵਾਲੇ ਏਜੰਟਾਂ ਦੇ ਗੁੰਝਲਦਾਰ ਨੈੱਟਵਰਕ ਦੀ ਜਾਂਚ ਵਿੱਢੀ

ਨਵੀਂ ਦਿੱਲੀ: ਐੱਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਵੱਲੋਂ ਕੈਨੇਡੀਅਨ ਕਾਲਜਾਂ ’ਚ ‘ਫਰਜ਼ੀ’ ਦਾਖਲਿਆਂ ਰਾਹੀਂ ਭਾਰਤੀਆਂ ਨੂੰ ਗ਼ੈਰਕਾਨੂੰਨੀ ਤੌਰ ’ਤੇ ਅਮਰੀਕਾ ’ਚ ਦਾਖਲ ਹੋਣ ’ਚ ਮਦਦ ਕਰਨ ਵਾਲੇ ਭਾਰਤ, ਕੈਨੇਡਾ ਅਤੇ ਅਮਰੀਕਾ ਦੇ ਏਜੰਟਾਂ ਤੇ ਉਨ੍ਹਾਂ ਦੇ ਮਦਦਗਾਰਾਂ ਦੇ ‘ਗੁੰਝਲਦਾਰ ਨੈੱਟਵਰਕ’ ਦੀ ਜਾਂਚ ਕੀਤੀ ਜਾ ਰਹੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਗੁਜਰਾਤ ਦੇ ਵਿਦਿਆਰਥੀਆਂ ਵੱਲੋਂ ਵਿੱਤੀ ਲੈਣ-ਦੇਣ ਦੇ 8,500 ਤੋਂ ਵੱਧ ਮਾਮਲਿਆਂ ’ਤੇ ਏਜੰਸੀ ਦੀ ਨਜ਼ਰ ਹੈ ਅਤੇ ਉਹ ਗੁਜਰਾਤ ਪੁਲੀਸ ਦੀ ਅਪਰਾਧ ਸ਼ਾਖਾ ਵੱਲੋਂ 2023 ’ਚ ਦਰਜ ਐੱਫਆਈਆਰ ’ਤੇ ਵੀ ਗੌਰ ਕਰ ਰਹੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਵਿਦੇਸ਼ਾਂ ’ਚ ਫੰਡ ਭੇਜਣ ’ਚ ਮਦਦ ਕਰਨ ਵਾਲੀਆਂ ਕੁਝ ਕੌਮਾਂਤਰੀ ਵਿੱਤੀ ਕੰਪਨੀਆਂ ਵੀ ਈਡੀ ਦੀ ਜਾਂਚ ਦੇ ਘੇਰੇ ਵਿੱਚ ਹਨ। ਏਜੰਸੀ ਵੱਲੋਂ ਲੰਘੇ ਸਾਲ 35 ਥਾਵਾਂ ’ਤੇ ਛਾਪੇ ਮਾਰ ਕੇ 92 ਲੱਖ ਰੁਪਏ ਦੇ ਅਸਾਸੇ ਜ਼ਬਤ ਕੀਤੇ ਗਏ ਹਨ। ਈਡੀ ਨੇ ਪਿਛਲੇ ਸਾਲ 24 ਦਸੰਬਰ ਨੂੰ ਇੱਕ ਬਿਆਨ ’ਚ ਕਿਹਾ ਸੀ ਕਿ ਏਜੰਸੀ ਕੈਨੇਡਾ ਦੀ ਸਰਹੱਦ ’ਤੇ ਭਾਰਤੀ ਨਾਗਰਿਕਾਂ ਨੂੰ ਗੈਰ-ਕਾਨੂੰਨੀ ਢੰਗ ਨਾਲ ਅਮਰੀਕਾ ’ਚ ਦਾਖ਼ਲ ਕਰਵਾਉਣ ਸਬੰਧੀ ਮਨੀ ਲਾਂਡਰਿੰਗ ਮਾਮਲਿਆਂ ’ਚ ਕੁਝ ਕੈਨੇਡੀਅਨ ਕਾਲਜਾਂ ਤੇ ਕੁਝ ਭਾਰਤੀ ਸੰਸਥਾਵਾਂ ਦੀ ਕਥਿਤ ਸ਼ਮੂਲੀਅਤ ਦੀ ਜਾਂਚ ਕਰ ਰਹੀ ਹੈ। ਇਹ ਜਾਂਚ ਗੁਜਰਾਤ ਦੇ ਡਿੰਗੁਚਾ ਪਿੰਡ ਦੇ ਰਹਿਣ ਵਾਲੇ ਚਾਰ ਮੈਂਬਰੀ ਭਾਰਤੀ ਪਰਿਵਾਰ ਦੀ ਮੌਤ ਨਾਲ ਸਬੰਧਤ ਹੈ। ਚਾਰੋਂ ਜਣਿਆਂ ਦੀ 19 ਜਨਵਰੀ 2022 ਨੂੰ ਗ਼ੈਰਕਾਨੂੰਨੀ ਤੌਰ ’ਤੇ ਕੈਨੇਡਾ-ਅਮਰੀਕਾ ਸਰਹੱਦ ਪਾਰ ਕਰਨ ਦੀ ਕੋਸ਼ਿਸ਼ ਦੌਰਾਨ ਜ਼ਿਆਦਾ ਠੰਢ ਕਾਰਨ ਮੌਤ ਹੋ ਗਈ ਸੀ। ਅਧਿਕਾਰੀਆਂ ਨੇ ਕਿਹਾ ਕਿ ਹੁਣ ਤੱਕ ਦੀ ਜਾਂਚ ’ਚ ਸਾਹਮਣੇ ਆਇਆ ਹੈ ਕਿ ਭਾਰਤ, ਕੈਨੇਡਾ ਅਤੇ ਅਮਰੀਕਾ ’ਚ ਏਜੰਟਾਂ ਤੇ ਉਨ੍ਹਾਂ ਦੇ ਮਦਦਗਾਰਾਂ ਦਾ ਇੱਕ ‘ਗੁੰਝਲਦਾਰ ਨੈੱਟਵਰਕ’ ਫੈਲਿਆ ਹੋਇਆ ਹੈ। -ਪੀਟੀਆਈ

Advertisement
×