US-India Trade Deal: ਅਮਰੀਕਾ ਨਾਲ ਵਪਾਰ ਸਮਝੌਤੇ ਨੂੰ ਭਾਰਤ ਦੀਆਂ ਸ਼ਰਤਾਂ ਦਾ ਸਨਮਾਨ ਕਰਨਾ ਹੋਵੇਗਾ: ਜੈਸ਼ੰਕਰ
ਵਿਦੇਸ਼ ਮੰਤਰੀ ਨੇ ਅਮਰੀਕਾ ਨਾਲ ਮਸਲੇ ਹੱਲ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਹੋਣ ਦੀ ਗੱਲ ਕਹੀ
ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਐਤਵਾਰ ਨੂੰ ਕਿਹਾ ਕਿ ਭਾਰਤ ਅਤੇ ਅਮਰੀਕਾ ਦਰਮਿਆਨ ਕਿਸੇ ਵੀ ਵਪਾਰਕ ਸਮਝੌਤੇ ਨੂੰ ਨਵੀਂ ਦਿੱਲੀ ਦੀਆਂ "ਸ਼ਰਤਾਂ" ਦਾ ਸਨਮਾਨ ਕਰਨਾ ਪਵੇਗਾ ਅਤੇ ਵਾਸ਼ਿੰਗਟਨ ਦੀ ਟੈਰਿਫ ਨੀਤੀ ਨੂੰ ਲੈ ਕੇ ਦੋਵਾਂ ਦੇਸ਼ਾਂ ਦੇ ਸਬੰਧਾਂ ’ਚ ਤਣਾਅ ਦੇ ਵਿਚਕਾਰ ਇੱਕ "ਸਹਿਮਤੀ ਵਾਲਾ ਆਧਾਰ" ਲੱਭਣ ਦੀਆਂ ਕੋਸ਼ਿਸ਼ਾਂ ਚੱਲ ਰਹੀਆਂ ਹਨ।
ਇੱਥੇ ਇੱਕ ਸਮਾਗਮ ਦੌਰਾਨ ਜੈਸ਼ੰਕਰ ਨੇ ਭਾਰਤ ਤੇ ਅਮਰੀਕਾ ਦਰਮਿਆਨ ਮੌਜੂਦਾ ਮਸਲਿਆਂ ਨੂੰ ਸਵੀਕਾਰ ਕੀਤਾ ਅਤੇ ਕਿਹਾ ਕਿ ਉਨ੍ਹਾਂ ਵਿੱਚੋਂ ਬਹੁਤ ਸਾਰੇ ਮਸਲੇ ਤਜਵੀਜ਼ ਕੀਤੇ ਵਪਾਰਕ ਸਮਝੌਤੇ ਨੂੰ ਅੰਤਿਮ ਰੂਪ ਦੇਣ ਵਿੱਚ ਪਏ ਅੜਿੱਕਿਆਂ ਨਾਲ ਜੁੜੇ ਹੋਏ ਹਨ। ਵਿਦੇਸ਼ ਮੰਤਰੀ ਨੇ ਕਿਹਾ ਕਿ ਦੋਵਾਂ ਧਿਰਾਂ ਵਿਚਕਾਰ ਵਪਾਰ ਬਾਰੇ ਸਮਝ ਬਣਾਉਣੀ ਜ਼ਰੂਰੀ ਹੈ ਕਿਉਂਕਿ ਅਮਰੀਕਾ ਦੁਨੀਆ ਦਾ ਸਭ ਤੋਂ ਵੱਡਾ ਬਾਜ਼ਾਰ ਹੈ, ਪਰ ਨਾਲ ਹੀ ਇਹ ਵੀ ਕਿਹਾ ਕਿ ਭਾਰਤ ਦੀਆਂ ਸ਼ਰਤਾਂ ਦਾ ਸਨਮਾਨ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ, "ਅੱਜ ਸਾਡੇ ਅਮਰੀਕਾ ਨਾਲ ਮਸਲੇ ਹਨ। ਇਸ ਦਾ ਇੱਕ ਵੱਡਾ ਕਾਰਨ ਹੈ ਕਿ ਅਸੀਂ ਆਪਣੀ ਵਪਾਰਕ ਗੱਲਬਾਤ ਲਈ ਕਿਸੇ ਸਹਿਮਤੀ ਵਾਲੇ ਆਧਾਰ 'ਤੇ ਨਹੀਂ ਪਹੁੰਚੇ ਹਾਂ ਅਤੇ ਹੁਣ ਤੱਕ ਉੱਥੇ ਪਹੁੰਚਣ ਵਿੱਚ ਅਸਮਰੱਥਾ ਕਾਰਨ ਭਾਰਤ ’ਤੇ ਇੱਕ ਖਾਸ ਟੈਰਿਫ ਲਗਾਇਆ ਗਿਆ ਹੈ।" ਜੈਸ਼ੰਕਰ 'ਕੌਟਿਲਿਆ ਇਕਨਾਮਿਕ ਐਨਕਲੇਵ' ਵਿੱਚ ਇੱਕ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ, "ਇਸ ਤੋਂ ਇਲਾਵਾ, ਇੱਕ ਦੂਜਾ ਟੈਰਿਫ ਵੀ ਹੈ ਜਿਸ ਬਾਰੇ ਅਸੀਂ ਜਨਤਕ ਤੌਰ ’ਤੇ ਕਿਹਾ ਹੈ ਕਿ ਅਸੀਂ ਇਸ ਨੂੰ ਬਹੁਤ ਗੈਰ-ਵਾਜਬ ਮੰਨਦੇ ਹਾਂ, ਜਿਸ ਨੇ ਰੂਸ ਤੋਂ ਤੇਲ ਖਰੀਦਣ ਲਈ ਸਾਨੂੰ ਨਿਸ਼ਾਨਾ ਬਣਾਇਆ ਹੈ, ਜਦਕਿ ਹੋਰ ਦੇਸ਼ਾਂ ਨੇ ਵੀ ਅਜਿਹਾ ਕੀਤਾ ਹੈ। ਉਨ੍ਹਾਂ ਵਿੱਚ ਉਹ ਦੇਸ਼ ਵੀ ਸ਼ਾਮਲ ਹਨ ਜਿਨ੍ਹਾਂ ਦੇ ਇਸ ਸਮੇਂ ਰੂਸ ਨਾਲ ਸਾਡੇ ਨਾਲੋਂ ਕਿਤੇ ਵੱਧ ਵਿਰੋਧੀ ਸਬੰਧ ਹਨ।" -ਪੀਟੀਆਈ