ਅਮਰੀਕਾ-ਭਾਰਤ ਵਪਾਰ ਸਮਝੌਤਾ ‘ਜਲਦੀ’ ਸੰਭਵ: ਟਰੰਪ ਪ੍ਰਸ਼ਾਸਨ
ਭਾਰਤ ਸਮਝੌਤੇ ਵਿੱਚ ਕਿਸਾਨਾਂ ਦੇ ਹਿੱਤਾਂ ਦੀ ਗੱਲ ਕਰੇਗਾ: ਗੋਇਲ
ਟਰੰਪ ਪ੍ਰਸ਼ਾਸਨ ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਹੈ ਕਿ ਭਾਰਤ ਅਤੇ ਅਮਰੀਕਾ ਵਿਚਕਾਰ ਵਪਾਰ ਸਮਝੌਤਾ ਜਲਦੀ ਹੀ ਹੋ ਸਕਦਾ ਹੈ।
ਰਾਸ਼ਟਰੀ ਆਰਥਿਕ ਕੌਂਸਲ ਦੇ ਡਾਇਰੈਕਟਰ, ਕੇਵਿਨ ਹੈਸੈੱਟ (Kevin Hassett) ਨੇ ਇੱਕ ਇੰਟਰਵਿਊ ਵਿੱਚ ਕਿਹਾ, “ ਹਾਂ, ਅਸੀਂ ਸਮਝੌਤਾ ਦੇ ਬਹੁਤ ਨੇੜੇ ਹਾਂ। ਮੈਂ ਰਾਜਦੂਤ ਨਾਲ ਗੱਲ ਕੀਤੀ ਹੈ ਸਾਡੀਆਂ ਮੁਲਾਕਾਤਾਂ ਹੋਈਆਂ ਹਨ।”
ਹੈਸੈੱਟ ਨੇ ਮੰਨਿਆ ਕਿ ਭਾਰਤ ਦੇ ਰੂਸ ਨਾਲ ਸਬੰਧਾਂ ਕਾਰਨ ਇਹ ਗੁੰਝਲਦਾਰ ਸਥਿਤੀ ਹੈ।
ਉਨ੍ਹਾਂ ਕਿਹਾ, “ ਮੈਨੂੰ ਲੱਗਦਾ ਹੈ ਕਿ ਇਹ ਗੁੰਝਲਦਾਰ ਸਥਿਤੀ ਹੈ ਕਿਉਂਕਿ ਇਸ ਵਿੱਚ ਭਾਰਤ ਰੂਸ ਨਾਲ ਕੀ ਕਰਦਾ ਹੈ ਅਤੇ ਭਾਰਤ ਸਾਡੇ (ਅਮਰੀਕਾ) ਨਾਲ ਕੀ ਕਰਦਾ ਹੈ, ਇਹ ਸਭ ਸ਼ਾਮਲ ਹੈ। ਪਰ ਉਹ ਚੰਗੇ ਦੋਸਤ ਹਨ ਅਤੇ ਸਾਨੂੰ ਉਮੀਦ ਹੈ ਕਿ ਅਸੀਂ ਇਸਨੂੰ ਜਲਦੀ ਹੀ ਹੱਲ ਕਰ ਲਵਾਂਗੇ।”
ਵਣਜ ਅਤੇ ਉਦਯੋਗ ਮੰਤਰੀ ਪੀਯੂਸ਼ ਗੋਇਲ ਨੇ ਕਿਹਾ ਕਿ ਜਦੋਂ ਇਹ ਸਮਝੌਤਾ ਨਿਰਪੱਖ, ਬਰਾਬਰ ਅਤੇ ਸੰਤੁਲਿਤ ਹੋਵੇਗਾ, ਤਾਂ ਤੁਹਾਨੂੰ ਭਾਰਤ ਅਤੇ ਅਮਰੀਕਾ ਵਿਚਕਾਰ ਪ੍ਰਸਤਾਵਿਤ ਵਪਾਰ ਸਮਝੌਤੇ ਬਾਰੇ ਇੱਕ ਚੰਗੀ ਖ਼ਬਰ ਸੁਣਨ ਨੂੰ ਮਿਲੇਗੀ।
ਗੋਇਲ ਨੇ ਦਿੱਲੀ ਵਿੱਚ ਇੱਕ ਸਮਾਗਮ ਵਿੱਚ ਕਿਹਾ ਕਿ ਭਾਰਤ ਸਮਝੌਤੇ ਵਿੱਚ ਕਿਸਾਨਾਂ ਅਤੇ ਮਛੇਰਿਆਂ ਦੇ ਹਿੱਤਾਂ ਦੀ ਵੀ ਰਾਖੀ ਕਰੇਗਾ।
ਜ਼ਿਕਰਯੋਗ ਹੈ ਭਾਰਤ ਅਤੇ ਅਮਰੀਕਾ ਮਾਰਚ ਤੋਂ ਪ੍ਰਸਤਾਵਿਤ ਦੁਵੱਲੇ ਵਪਾਰ ਸਮਝੌਤੇ ਲਈ ਗੱਲਬਾਤ ਕਰ ਰਹੇ ਹਨ ਅਤੇ ਹੁਣ ਤੱਕ ਦੋਵਾਂ ਧਿਰਾਂ ਵਿਚਕਾਰ ਛੇ ਦੌਰ ਦੀ ਗੱਲਬਾਤ ਹੋ ਚੁੱਕੀ ਹੈ।

