ਅਮਰੀਕਾ ਨੇ ਇਰਾਨੀ ਪੈਟਰੋਲੀਅਮ ਉਤਪਾਦਾਂ ਦੇ ਵਪਾਰ ਲਈ 6 ਭਾਰਤੀ ਕੰਪਨੀਆਂ ’ਤੇ ਪਾਬੰਦੀਆਂ ਲਗਾਈਆਂ
ਟਰੰਪ ਪ੍ਰਸ਼ਾਸਨ ਨੇ ਇਰਾਨ-ਮੂਲ ਦੇ ਪੈਟਰੋ-ਕੈਮੀਕਲ ਉਤਪਾਦਾਂ ਦੀ ਮਹੱਤਵਪੂਰਨ ਵਿਕਰੀ ਅਤੇ ਖਰੀਦਦਾਰੀ ਲਈ ਛੇ ਭਾਰਤੀ ਕੰਪਨੀਆਂ ’ਤੇ ਪਾਬੰਦੀਆਂ ਲਗਾ ਦਿੱਤੀਆਂ ਹਨ।
ਇਰਾਨੀ ਪੈਟਰੋਲੀਅਮ, ਪੈਟਰੋਲੀਅਮ ਉਤਪਾਦਾਂ ਜਾਂ ਪੈਟਰੋ-ਕੈਮੀਕਲ ਵਪਾਰ ਵਿੱਚ ਲੱਗੀਆਂ 20 ਆਲਮੀ ਸੰਸਥਾਵਾਂ ’ਤੇ ਪਾਬੰਦੀਆਂ ਲਗਾਉਣ ਮੌਕੇ ਵਿਦੇਸ਼ ਵਿਭਾਗ ਨੇ ਬੁੱਧਵਾਰ ਨੂੰ ਕਿਹਾ, ‘‘ਇਰਾਨੀ ਸ਼ਾਸਨ ਮੱਧ ਪੂਰਬ ਵਿੱਚ ਸੰਘਰਸ਼ ਨੂੰ ਹਵਾ ਦੇਣਾ ਜਾਰੀ ਰੱਖ ਰਿਹਾ ਹੈ ਤਾਂ ਜੋ ਆਪਣੀਆਂ ਅਸਥਿਰਤਾ ਫੈਲਾਉਣ ਵਾਲੀਆਂ ਗਤੀਵਿਧੀਆਂ ਲਈ ਫੰਡ ਜੁਟਾ ਸਕੇ। ਅੱਜ, ਸੰਯੁਕਤ ਰਾਜ ਅਮਰੀਕਾ ਉਸ ਮਾਲੀਏ ਦੇ ਪ੍ਰਵਾਹ ਨੂੰ ਰੋਕਣ ਲਈ ਕਾਰਵਾਈ ਕਰ ਰਿਹਾ ਹੈ ਜਿਸਦੀ ਵਰਤੋਂ ਸ਼ਾਸਨ ਵਿਦੇਸ਼ਾਂ ਵਿੱਚ ਅਤਿਵਾਦ ਦਾ ਸਮਰਥਨ ਕਰਨ ਅਤੇ ਆਪਣੇ ਹੀ ਲੋਕਾਂ ’ਤੇ ਜ਼ੁਲਮ ਕਰਨ ਲਈ ਕਰਦਾ ਹੈ।’’
ਵਿਦੇਸ਼ ਵਿਭਾਗ ਨੇ ਕਿਹਾ ਕਿ ਭਾਰਤ, ਸੰਯੁਕਤ ਅਰਬ ਅਮੀਰਾਤ, ਤੁਰਕੀ ਅਤੇ ਇੰਡੋਨੇਸ਼ੀਆ ਦੀਆਂ ਕਈ ਕੰਪਨੀਆਂ ਨੂੰ ਇਰਾਨ-ਮੂਲ ਦੇ ਪੈਟਰੋ-ਕੈਮੀਕਲ ਉਤਪਾਦਾਂ ਦੀ ਮਹੱਤਵਪੂਰਨ ਵਿਕਰੀ ਅਤੇ ਖਰੀਦਦਾਰੀ ਲਈ ਨਾਮਜ਼ਦ ਕੀਤਾ ਜਾ ਰਿਹਾ ਹੈ।
ਇਸ ਵਿਚ ਕਿਹਾ ਗਿਆ ਹੈ ਕਿ, ‘‘ਜਿਵੇਂ ਕਿ ਰਾਸ਼ਟਰਪਤੀ ਟਰੰਪ ਨੇ ਕਿਹਾ ਹੈ, ਕੋਈ ਵੀ ਦੇਸ਼ ਜਾਂ ਵਿਅਕਤੀ ਜੋ ਇਰਾਨੀ ਤੇਲ ਜਾਂ ਪੈਟਰੋ-ਕੈਮੀਕਲ ਖਰੀਦਣ ਦੀ ਚੋਣ ਕਰਦਾ ਹੈ, ਉਹ ਆਪਣੇ ਆਪ ਨੂੰ ਅਮਰੀਕੀ ਪਾਬੰਦੀਆਂ ਦੇ ਖਤਰੇ ਵਿੱਚ ਪਾਉਂਦਾ ਹੈ ਅਤੇ ਉਸ ਨੂੰ ਸੰਯੁਕਤ ਰਾਜ ਨਾਲ ਵਪਾਰ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।’’
ਇਰਾਨ ਦੇ ਪੈਟਰੋ-ਕੈਮੀਕਲ ਵਪਾਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਅਮਰੀਕਾ ਨੇ ਕਈ ਅਧਿਕਾਰ ਖੇਤਰਾਂ ਵਿੱਚ 13 ਸੰਸਥਾਵਾਂ ਨੂੰ ਨਾਮਜ਼ਦ ਕੀਤਾ ਹੈ ਜੋ ਇਰਾਨ-ਮੂਲ ਦੇ ਪੈਟਰੋ-ਕੈਮੀਕਲਾਂ ਦੀ ਟ੍ਰਾਂਸਸ਼ਿਪਮੈਂਟ, ਵਿਕਰੀ ਅਤੇ ਖਰੀਦ ਵਿੱਚ ਸ਼ਾਮਲ ਹਨ।
ਨਾਮਜ਼ਦ ਕੀਤੀਆਂ ਗਈਆਂ ਭਾਰਤ-ਅਧਾਰਤ ਕੰਪਨੀਆਂ
ਕੰਚਨ ਪੋਲੀਮਰਜ਼, ਇਸ ਨੇ ਫਰਵਰੀ ਅਤੇ ਜੁਲਾਈ 2024 ਦਰਮਿਆਨ ਯੂਏਈ-ਅਧਾਰਤ ਟੈਨਿਸ ਟਰੇਡਿੰਗ ਤੋਂ 1.3 ਮਿਲੀਅਨ ਡਾਲਰ ਤੋਂ ਵੱਧ ਦੇ ਇਰਾਨ-ਮੂਲ ਦੇ ਪੈਟਰੋ-ਕੈਮੀਕਲ ਉਤਪਾਦਾਂ, ਜਿਸ ਵਿੱਚ ਪੋਲੀਥੀਨ ਵੀ ਸ਼ਾਮਲ ਹੈ, ਦੀ ਦਰਾਮਦ ਅਤੇ ਖਰੀਦਦਾਰੀ ਕੀਤੀ।
ਅਲਕੈਮੀਕਲ ਸੋਲਿਊਸ਼ਨਜ਼, ਇਹ ਇੱਕ ਪੈਟਰੋ-ਕੈਮੀਕਲ ਵਪਾਰਕ ਕੰਪਨੀ ਹੈ ਜਿਸ ਨੇ ਜਨਵਰੀ ਅਤੇ ਦਸੰਬਰ 2024 ਦਰਮਿਆਨ ਕਈ ਕੰਪਨੀਆਂ ਤੋਂ 84 ਮਿਲੀਅਨ ਡਾਲਰ ਤੋਂ ਵੱਧ ਦੇ ਇਰਾਨ-ਮੂਲ ਦੇ ਪੈਟਰੋ-ਕੈਮੀਕਲ ਉਤਪਾਦਾਂ ਦੀ ਦਰਾਮਦ ਅਤੇ ਖਰੀਦ ਕੀਤੀ ਹੈ।
ਰਾਮਨਿਕਲਾਲ ਐੱਸ ਗੋਸਾਲੀਆ ਐਂਡ ਕੰਪਨੀ, ਇਸ ਨੇ ਜਨਵਰੀ 2024 ਅਤੇ ਜਨਵਰੀ 2025 ਦਰਮਿਆਨ ਕਈ ਕੰਪਨੀਆਂ ਤੋਂ ਮੀਥੇਨੌਲ ਅਤੇ ਟੋਲੂਇਨ ਸਮੇਤ 22 ਮਿਲੀਅਨ ਡਾਲਰ ਤੋਂ ਵੱਧ ਦੇ ਇਰਾਨ-ਮੂਲ ਦੇ ਪੈਟਰੋ-ਕੈਮੀਕਲ ਉਤਪਾਦਾਂ ਦੀ ਦਰਾਮਦ ਅਤੇ ਖਰੀਦ ਕੀਤੀ।
ਇਸੇ ਤਰ੍ਹਾਂ ਜੁਪੀਟਰ ਡਾਈ ਕੈਮ ਪ੍ਰਾਈਵੇਟ ਲਿਮਟਿਡ ਵੀ ਪਾਬੰਦੀਆਂ ਦੀ ਸੂਚੀ ਵਿੱਚ ਹੈ, ਜਿਸਨੇ ਜਨਵਰੀ 2024 ਅਤੇ ਜਨਵਰੀ 2025 ਦਰਮਿਆਨ ਕਈ ਕੰਪਨੀਆਂ ਤੋਂ ਟੋਲੂਇਨ ਸਮੇਤ 49 ਮਿਲੀਅਨ ਡਾਲਰ ਤੋਂ ਵੱਧ ਦੇ ਇਰਾਨ-ਮੂਲ ਦੇ ਪੈਟਰੋ-ਕੈਮੀਕਲ ਉਤਪਾਦਾਂ ਦੀ ਦਰਾਮਦ ਅਤੇ ਖਰੀਦ ਕੀਤੀ।
ਬਾਕੀ ਦੋ ਪਾਬੰਦੀਸ਼ੁਦਾ ਭਾਰਤੀ ਕੰਪਨੀਆਂ ਗਲੋਬਲ ਇੰਡਸਟਰੀਅਲ ਕੈਮੀਕਲਜ਼ ਲਿਮਟਿਡ ਅਤੇ ਪਰਸਿਸਟੈਂਟ ਪੈਟਰੋਕੈਮ ਪ੍ਰਾਈਵੇਟ ਲਿਮਟਿਡ ਹਨ, ਜਿਨ੍ਹਾਂ ਨੇ ਮੁੱਖ ਤੌਰ ’ਤੇ ਪਿਛਲੇ ਸਾਲ ਦੌਰਾਨ ਕਈ ਕੰਪਨੀਆਂ ਨਾਲ ਕ੍ਰਮਵਾਰ 51 ਮਿਲੀਅਨ ਡਾਲਰ ਅਤੇ 14 ਮਿਲੀਅਨ ਡਾਲਰ ਤੋਂ ਵੱਧ ਦਾ ਕਾਰੋਬਾਰ ਕੀਤਾ ਹੈ।
ਇਨ੍ਹਾਂ ਕੰਪਨੀਆਂ ਨੂੰ ਇਰਾਨ ਤੋਂ ਪੈਟਰੋ-ਕੈਮੀਕਲ ਉਤਪਾਦਾਂ ਦੀ ਖਰੀਦ, ਪ੍ਰਾਪਤੀ, ਵਿਕਰੀ, ਆਵਾਜਾਈ ਜਾਂ ਮਾਰਕੀਟਿੰਗ ਲਈ ਜਾਣਬੁੱਝ ਕੇ ਇੱਕ ਮਹੱਤਵਪੂਰਨ ਲੈਣ-ਦੇਣ ਵਿੱਚ ਸ਼ਾਮਲ ਹੋਣ ਲਈ ਨਾਮਜ਼ਦ ਕੀਤਾ ਗਿਆ ਹੈ। ਪਾਬੰਦੀਆਂ-ਸਬੰਧਤ ਕਾਰਵਾਈਆਂ ਦੇ ਨਤੀਜੇ ਵਜੋਂ, ਨਾਮਜ਼ਦ ਵਿਅਕਤੀਆਂ ਦੀ ਸਾਰੀ ਜਾਇਦਾਦ ਅਤੇ ਜਾਇਦਾਦ ਵਿੱਚ ਹਿੱਤ ਜੋ ਸੰਯੁਕਤ ਰਾਜ ਵਿੱਚ ਹਨ ਜਾਂ ਅਮਰੀਕੀ ਵਿਅਕਤੀਆਂ ਦੇ ਕਬਜ਼ੇ ਜਾਂ ਨਿਯੰਤਰਣ ਵਿੱਚ ਹਨ, ਨੂੰ ਬਲੌਕ ਕਰ ਦਿੱਤਾ ਗਿਆ ਹੈ।
ਇਸ ਤੋਂ ਇਲਾਵਾ ਅਮਰੀਕੀ ਖਜ਼ਾਨਾ ਵਿਭਾਗ 50 ਤੋਂ ਵੱਧ ਵਿਅਕਤੀਆਂ ਅਤੇ ਸੰਸਥਾਵਾਂ ਨੂੰ ਨਾਮਜ਼ਦ ਕਰ ਰਿਹਾ ਹੈ। ਖਜ਼ਾਨਾ ਵਿਭਾਗ ਦੇ ਬਿਆਨ ਵਿੱਚ ਯੂਏਈ-ਅਧਾਰਤ ਭਾਰਤੀ ਨਾਗਰਿਕ ਪੰਕਜ ਨਾਗਜੀਭਾਈ ਪਟੇਲ ਦਾ ਵੀ ਨਾਮ ਹੈ, ਜਿਸ ਨੇ ਹੁਸੈਨ ਦੇ ਨੈਟਵਰਕ ਵਿੱਚ ਕਈ ਸ਼ਿਪਿੰਗ ਕੰਪਨੀਆਂ, ਜਿਵੇਂ ਕਿ ਟਿਓਡੋਰ ਸ਼ਿਪਿੰਗ, ਵਿੱਚ ਇੱਕ ਕਾਰਜਕਾਰੀ ਵਜੋਂ ਸੇਵਾ ਨਿਭਾਈ ਹੈ। ਉਸ ਨੂੰ ਪਾਬੰਦੀਆਂ ਦੀ ਸੂਚੀ ਵਿੱਚ ਰੱਖਿਆ ਗਿਆ ਹੈ।