ਗਾਜ਼ਾ ’ਚ ਹਾਲਾਤ ਦਾ ਜਾਇਜ਼ਾ ਲੈਣ ਲਈ ਇਜ਼ਰਾਈਲ ਪੁੱਜਾ ਅਮਰੀਕੀ ਦੂਤ
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਵਿਸ਼ੇਸ਼ ਦੂਤ ਸਟੀਵ ਵਿਟਕੌਫ ਗਾਜ਼ਾ ’ਚ ਵਿਗੜਦੀ ਮਨੁੱਖੀ ਸਥਿਤੀ ’ਤੇ ਚਰਚਾ ਕਰਨ ਲਈ ਵੀਰਵਾਰ ਨੂੰ ਇਜ਼ਰਾਈਲ ਪਹੁੰਚ ਗਏ ਹਨ। ਗਾਜ਼ਾ ਵਿੱਚ ਭੋਜਨ ਅਤੇ ਹੋਰ ਸਹਾਇਤਾ ਦੀ ਉਡੀਕ ਕਰਦਿਆਂ ਜਾਨਾਂ ਗੁਆਉਣ ਵਾਲਿਆਂ ਦੀ ਗਿਣਤੀ ਵਿੱਚ ਵਾਧਾ ਹੋ ਰਿਹਾ ਹੈ। ਇਸ ਦੌਰਾਨ ਵਿਟਕੌਫ ਨੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨਾਲ ਮੁਲਾਕਾਤ ਕਰਕੇ ਵਿਗੜ ਰਹੇ ਹਾਲਾਤ ਬਾਰੇ ਗੱਲਾਬਤ ਕੀਤੀ। ਟਰੰਪ ਨੇ ਸੋਸ਼ਲ ਮੀਡੀਆ ’ਤੇ ਹਮਾਸ ਨੂੰ ਹਥਿਆਰ ਸੁੱਟ ਕੇ ਬੰਧਕਾਂ ਨੂੰ ਰਿਹਾਅ ਕਰਨ ਲਈ ਕਿਹਾ ਹੈ। ਅਮਰੀਕੀ ਰਾਸ਼ਟਰਪਤੀ ਦੇ ਦਫ਼ਤਰ ਵ੍ਹਾਈਟ ਹਾਊਸ ਨੇ ਕਿਹਾ ਕਿ ਵਿਟਕੌਫ ਅਤੇ ਅਮਰੀਕੀ ਰਾਜਦੂਤ ਮਾਈਕ ਹਕਾਬੀ ਗਾਜ਼ਾ ਵਿੱਚ ਭੋਜਨ ਵੰਡ ਪ੍ਰਣਾਲੀ ਦਾ ਨਿਰੀਖਣ ਕਰਨਗੇ। ਗਾਜ਼ਾ ਦੇ ਸਿਹਤ ਮੰਤਰਾਲੇ ਨੇ ਵੀਰਵਾਰ ਨੂੰ ਕਿਹਾ ਕਿ ਪਿਛਲੇ 24 ਘੰਟਿਆਂ ਵਿੱਚ ਸਹਾਇਤਾ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਦਿਆਂ ਘੱਟੋ-ਘੱਟ 91 ਫਲਸਤੀਨੀ ਮਾਰੇ ਗਏ, ਜਦਕਿ 600 ਤੋਂ ਵੱਧ ਜ਼ਖਮੀ ਹੋਏ ਹਨ। ਉੱਤਰੀ ਗਾਜ਼ਾ ਦੇ ਜ਼ਿਕਿਮ ਚੌਰਾਹੇ ’ਤੇ ਭੋਜਨ ਦੀ ਉਡੀਕ ਕਰਦਿਆਂ ਬੁੱਧਵਾਰ ਨੂੰ 54 ਵਿਅਕਤੀਆਂ ਦੀ ਮੌਤ ਹੋਈ ਸੀ। ਇਜ਼ਰਾਈਲ ਦੀ ਫੌਜ ਨੇ ਕਿਹਾ ਕਿ ਫਲਸਤੀਨੀਆਂ ਨੇ ਸਹਾਇਤਾ ਲਈ ਪੁੱਜੇ ਟਰੱਕਾਂ ਨੂੰ ਘੇਰ ਲਿਆ ਸੀ ਅਤੇ ਇਜ਼ਰਾਇਲੀ ਫੌਜ ਨੇ ਚਿਤਾਵਨੀ ਵਜੋਂ ਗੋਲੀਬਾਰੀ ਕੀਤੀ। ਦੂਜੇ ਪਾਸੇ ਇੱਕ ਸੁਰੱਖਿਆ ਅਧਿਕਾਰੀ ਨੇ ਕਿਹਾ ਕਿ ਗੋਲੀਬਾਰੀ ਭੀੜ ਦੇ ਅੰਦਰੋਂ ਹੋਈ ਸੀ। ਗਾਜ਼ਾ ਵਿੱਚ ਭੋਜਨ ਦੀ ਭਾਰੀ ਕਮੀ ਕਾਰਨ ਕਈ ਸੰਸਥਾਵਾਂ ਹਵਾਈ ਜਹਾਜ਼ਾਂ ਰਾਹੀਂ ਭੋਜਨ ਸੁੱਟ ਰਹੀਆਂ ਹਨ। ਹਾਲਾਂਕਿ ਇਸ ਕਾਰਨ ਭੀੜ ਵਿੱਚ ਝਗੜੇ ਹੋ ਰਹੇ ਹਨ, ਜਿਸ ਨਾਲ ਲੋਕਾਂ ਨੂੰ ਭੋਜਨ ਮਿਲਣ ਵਿੱਚ ਵੀ ਮੁਸ਼ਕਲ ਆ ਰਹੀ ਹੈ। ਕੌਮਾਂਤਰੀ ਭਾਈਚਾਰੇ ਵੱਲੋਂ ਗਾਜ਼ਾ ਦੀ ਮਾੜੀ ਸਥਿਤੀ ਲਈ ਇਜ਼ਰਾਈਲ ਦੀ ਆਲੋਚਨਾ ਕੀਤੀ ਜਾ ਰਹੀ ਹੈ।