ਅਮਰੀਕਾ ਨੇ ਵੀਜ਼ਾ ਬਿਨੈਕਾਰਾਂ ਤੋਂ ਸੋਸ਼ਲ ਮੀਡੀਆ ਖਾਤਿਆਂ ਦੀ ਜਾਣਕਾਰੀ ਮੰਗੀ
ਨਵੀਂ ਦਿੱਲੀ, 26 ਜੂਨ
ਕੌਮੀ ਸੁਰੱਖਿਆ ਦਾ ਹਵਾਲਾ ਦਿੰਦੇ ਹੋਏ ਅਮਰੀਕਾ ਨੇ ਵੀਜ਼ਾ ਬਿਨੈਕਾਰਾਂ ਨੂੰ ਪਿਛਲੇ ਪੰਜ ਸਾਲਾਂ ਵਿੱਚ ਵਰਤੇ ਗਏ ਹਰੇਕ ਸੋਸ਼ਲ ਮੀਡੀਆ ਪਲੇਟਫਾਰਮ ਦੇ ਆਪਣੇ ਯੂਜ਼ਰਨੇਮ ਜਾਂ ਹੈਂਡਲ ਦਾ ਖੁਲਾਸਾ ਕਰਨ ਲਈ ਕਿਹਾ ਹੈ। ਭਾਰਤ ਵਿੱਚ ਅਮਰੀਕੀ ਦੂਤਾਵਾਸ ਨੇ ਵੀਰਵਾਰ ਨੂੰ ਜਾਰੀ ਇੱਕ ਸੰਖੇਪ ਬਿਆਨ ਵਿੱਚ ਇਹ ਜਾਣਕਾਰੀ ਸਾਂਝੀ ਕੀਤੀ, ਜਿਸ ਵਿੱਚ ਸੋਸ਼ਲ ਮੀਡੀਆ ਜਾਣਕਾਰੀ ਨੂੰ ਖਾਲੀ ਛੱਡਣ ਵਿਰੁੱਧ ਵੀ ਚੇਤਾਵਨੀ ਦਿੱਤੀ ਗਈ ਹੈ। ਇਸ ਵਿਚ ਕਿਹਾ ਗਿਆ ਹੈ ਕਿ ਜਾਣਕਾਰੀ ਸਾਂਝੀ ਨਾ ਕੀਤੇ ਜਾਣ ’ਤੇ ਵੀਜ਼ਾ ਰੱਦ ਹੋ ਸਕਦਾ ਹੈ ਅਤੇ ਭਵਿੱਖ ਦੇ ਵੀਜ਼ਿਆਂ ਨੂੰ ਅਯੋਗ ਕੀਤਾ ਜਾ ਸਕਦਾ ਹੈ।
ਇਸ ਸਬੰਧੀ X 'ਤੇ ਪੋਸਟ ਕੀਤੇ ਗਏ ਬਿਆਨ ਵਿੱਚ ਲਿਖਿਆ, ‘‘ਵੀਜ਼ਾ ਬਿਨੈਕਾਰਾਂ ਨੂੰ DS-160 ਵੀਜ਼ਾ ਬਿਨੈ-ਪੱਤਰ ਫਾਰਮ ’ਤੇ ਪਿਛਲੇ 5 ਸਾਲਾਂ ਤੋਂ ਵਰਤੇ ਗਏ ਹਰੇਕ ਪਲੇਟਫਾਰਮ ਦੇ ਸਾਰੇ ਸੋਸ਼ਲ ਮੀਡੀਆ ਯੂਜ਼ਰਨੇਮ ਜਾਂ ਹੈਂਡਲ ਸੂਚੀਬੱਧ ਕਰਨ ਦੀ ਲੋੜ ਹੈ। ਬਿਨੈਕਾਰ ਦਸਤਖ਼ਤ ਕਰਨ ਅਤੇ ਜਮ੍ਹਾਂ ਕਰਾਉਣ ਤੋਂ ਪਹਿਲਾਂ ਪ੍ਰਮਾਣਿਤ ਕਰਨਗੇ ਕਿ ਉਨ੍ਹਾਂ ਦੇ ਵੀਜ਼ਾ ਬਿਨੈ-ਪੱਤਰ ਵਿੱਚ ਦਿੱਤੀ ਗਈ ਜਾਣਕਾਰੀ ਸਹੀ ਅਤੇ ਸੱਚੀ ਹੈ।’’ ਪੋਸਟ ਵਿਚ ਅੱਗੇ ਕਿਹਾ ਗਿਆ ਹੈ ਕਿ ਸੋਸ਼ਲ ਮੀਡੀਆ ਜਾਣਕਾਰੀ ਛੱਡਣ ਨਾਲ ਵੀਜ਼ਾ ਰੱਦ ਹੋ ਸਕਦਾ ਹੈ ਅਤੇ ਭਵਿੱਖ ਦੇ ਵੀਜ਼ਿਆਂ ਲਈ ਅਯੋਗ ਕਰਾਰ ਦਿੱਤਾ ਜਾ ਸਕਦਾ ਹੈ।
23 ਜੂਨ ਨੂੰ ਅਮਰੀਕੀ ਦੂਤਾਵਾਸ ਨੇ F, M, ਜਾਂ J ਗੈਰ-ਪਰਵਾਸੀ ਵੀਜ਼ਾ ਲਈ ਅਰਜ਼ੀ ਦੇਣ ਵਾਲਿਆਂ ਨੂੰ ਉਨ੍ਹਾਂ ਦੇ ਸੋਸ਼ਲ ਮੀਡੀਆ ਖਾਤਿਆਂ ਦੀ ਪੜਦਾਦਾਰੀ ਸੈਟਿੰਗਾਂ ਨੂੰ ਜਨਤਕ ਕਰਨ ਲਈ ਕਿਹਾ ਸੀ ਤਾਂ ਜੋ ਜਾਂਚ ਵਿੱਚ ਸਹੂਲਤ ਹੋ ਸਕੇ। ਇਸ ਨੂੰ ਕਾਨੂੰਨ ਅਧੀਨ ਅਮਰੀਕਾ ਵਿੱਚ ਉਨ੍ਹਾਂ ਦੀ ਪਛਾਣ ਪੱਕੀ ਕਰਨ ਅਤੇ ਦਾਖਲੇ ਲਈ ਜ਼ਰੂਰੀ ਦੱਸਿਆ ਗਿਆ ਹੈ।
Visa applicants are required to list all social media usernames or handles of every platform they have used from the last 5 years on the DS-160 visa application form. Applicants certify that the information in their visa application is true and correct before they sign and… pic.twitter.com/ZiSewKYNbt
— U.S. Embassy India (@USAndIndia) June 26, 2025
ਦੂਤਾਵਾਸ ਨੇ ਇਹ ਵੀ ਕਿਹਾ ਸੀ ਕਿ 2019 ਤੋਂ ਅਮਰੀਕਾ ਨੇ ਵੀਜ਼ਾ ਬਿਨੈਕਾਰਾਂ ਨੂੰ ਪਰਵਾਸੀ ਅਤੇ ਗੈਰ-ਪਰਵਾਸੀ ਵੀਜ਼ਾ ਬਿਨੈ-ਪੱਤਰ ਫਾਰਮਾਂ ’ਤੇ ਸੋਸ਼ਲ ਮੀਡੀਆ ਪ੍ਰਦਾਨ ਕਰਨ ਦੀ ਲੋੜ ਹੈ। F ਜਾਂ M ਸ਼੍ਰੇਣੀ ਵਿਦਿਆਰਥੀ ਵੀਜ਼ਾ ਲਈ ਹੈ ਅਤੇ J ਸ਼੍ਰੇਣੀ ਐਕਸਚੇਂਜ ਵਿਜ਼ਟਰ ਵੀਜ਼ਾ ਲਈ ਹੈ।
ਵੀਰਵਾਰ ਦੇ ਸੰਚਾਰ ਵਿੱਚ ਦੂਤਾਵਾਸ ਨੇ ਦੋ ਸਬੰਧਤ ਡਿਜੀਟਲ ਪੋਸਟਰ ਵੀ ਨੱਥੀ ਕੀਤੇ। ‘‘ਹਰੇਕ ਯੂ.ਐੱਸ. ਵੀਜ਼ਾ ਫੈਸਲਾ ਇੱਕ ਕੌਮੀ ਸੁਰੱਖਿਆ ਫੈਸਲਾ ਹੈ," ਇੱਕ ਪੋਸਟਰ ਦੇ ਸਿਖਰ ’ਤੇ ਇੱਕ ਨੋਟ ਦੇ ਬਾਅਦ ਕੈਪਸ਼ਨ ਲਿਖਿਆ ਸੀ। ਨੋਟ ਵਿੱਚ ਲਿਖਿਆ ਸੀ, "ਸੰਯੁਕਤ ਰਾਜ ਅਮਰੀਕਾ ਵੀਜ਼ਾ ਬਿਨੈਕਾਰਾਂ ਨੂੰ ਵੀਜ਼ਾ ਬਿਨੈ-ਪੱਤਰ ਫਾਰਮਾਂ 'ਤੇ ਸੋਸ਼ਲ ਮੀਡੀਆ ਪਛਾਣਕਰਤਾ ਪ੍ਰਦਾਨ ਕਰਨ ਦੀ ਮੰਗ ਕਰਦਾ ਹੈ। ਅਸੀਂ ਆਪਣੀ ਵੀਜ਼ਾ ਸਕ੍ਰੀਨਿੰਗ ਅਤੇ ਜਾਂਚ ਵਿੱਚ ਉਪਲਬਧ ਸਾਰੀ ਜਾਣਕਾਰੀ ਦੀ ਵਰਤੋਂ ਕਰਦੇ ਹਾਂ।’’
24 ਜੂਨ ਨੂੰ ਦੂਤਾਵਾਸ ਦੇ ਬਿਆਨ ਵਿੱਚ ਕਿਹਾ ਗਿਆ ਸੀ ਕਿ ਅਮਰੀਕਾ ਨੇ ਇਮੀਗ੍ਰੇਸ਼ਨ ਕਾਨੂੰਨਾਂ ਦੇ ਲਾਗੂਕਰਨ ਨੂੰ ਵਧਾ ਦਿੱਤਾ ਹੈ ਅਤੇ ਉਲੰਘਣਾ ਕਰਨ ਵਾਲਿਆਂ ਨੂੰ ਭਵਿੱਖ ਦੇ ਵੀਜ਼ਾ ਯੋਗਤਾ ਲਈ ਨਜ਼ਰਬੰਦੀ, ਦੇਸ਼ ਨਿਕਾਲੇ ਅਤੇ ਸਥਾਈ ਨਤੀਜਿਆਂ ਦਾ ਸਾਹਮਣਾ ਕਰਨਾ ਪਵੇਗਾ। ਅਮਰੀਕਾ ਨੇ ਅੱਗੇ ਚੇਤਾਵਨੀ ਦਿੱਤੀ ਕਿ ਗੈਰ-ਕਾਨੂੰਨੀ ਤੌਰ ’ਤੇ ਦੇਸ਼ ਵਿੱਚ ਦਾਖਲ ਹੋਣ ਵਾਲਿਆਂ ਨੂੰ ਜੇਲ੍ਹ ਦਾ ਸਮਾਂ ਅਤੇ ਦੇਸ਼ ਨਿਕਾਲਾ ਭੁਗਤਣਾ ਪਵੇਗਾ। ਭਾਰਤ ਵਿੱਚ ਅਮਰੀਕੀ ਦੂਤਾਵਾਸ ਨੇ ਇਸ ਮਹੀਨੇ ਵੀਜ਼ਾ ਅਤੇ ਇਮੀਗ੍ਰੇਸ਼ਨ ਦੇ ਵਿਸ਼ੇ ’ਤੇ ਕਈ ਬਿਆਨ ਜਾਰੀ ਕੀਤੇ ਹਨ। -ਪੀਟੀਆਈ