ਅਮਰੀਕੀ ਫੌ਼ਜ ਵਿੱਚ ਜਵਾਨਾਂ ਦੇ ਦਾੜ੍ਹੀ ਰੱਖਣ ’ਤੇ ਪਾਬੰਦੀ
ਰੱਖਿਆ ਮੰਤਰੀ ਦੇ ਫ਼ੈਸਲੇ ਨਾਲ ਸਿੱਖ ਫ਼ੌਜੀਆਂ ਲੲੀ ਨਵੀਂ ਚੁਣੌਤੀ ਪੈਦਾ ਹੋਈ
ਅਮਰੀਕਾ ਦੇ ਰੱਖਿਆ ਮੰਤਰੀ ਪੀਟ ਹੈਗਸੈਥ ਨੇ ਸਖ਼ਤ ਨਵੀਂ ਨੀਤੀ ਦਾ ਐਲਾਨ ਕੀਤਾ ਹੈ ਜਿਸ ਤਹਿਤ ਅਮਰੀਕੀ ਫੌਜ ਵਿੱਚ ਸੇਵਾ ਨਿਭਾਅ ਰਹੇ ਜਵਾਨਾਂ ਤੇ ਅਧਿਕਾਰੀਆਂ ਦੇ ਦਾੜ੍ਹੀ ਰੱਖਣ ’ਤੇ ਪਾਬੰਦੀ ਲਗਾਈ ਗਈ ਹੈ। ਸਿਰਫ਼ ਵਿਸ਼ੇਸ਼ ਬਲਾਂ ਨੂੰ ਹੀ ਇਸ ਨੀਤੀ ਤੋਂ ਛੋਟ ਦਿੱਤੀ ਗਈ ਹੈ। ਹੈਗਸੈਥ ਨੇ 30 ਸਤੰਬਰ ਨੂੰ ਸਾਰੀਆਂ ਸ਼ਾਖਾਵਾਂ ਨੂੰ 2010 ਤੋਂ ਪਹਿਲਾਂ ਦੇ ਮਾਪਦੰਡਾਂ ’ਤੇ ਵਾਪਸ ਅਮਲ ਕਰਨ ਸਬੰਧੀ ਜਾਰੀ ਕੀਤੇ ਆਪਣੇ ਹੁਕਮਾਂ ਵਿੱਚ ਦਾੜ੍ਹੀ ਰੱਖਣ ਲਈ ਕਿਸੇ ਵੀ ਤਰ੍ਹਾਂ ਦੀ ਛੋਟ ਦੇਣ ਤੋਂ ਇਨਕਾਰ ਕੀਤਾ ਹੈ। ਇਸ ਫੈਸਲੇ ਨਾਲ ਸਿੱਖਾਂ ਵਰਗੇ ਘੱਟ ਗਿਣਤੀ ਵਰਗ ਦੇ ਜਵਾਨਾਂ ਨੂੰ ਮੁਸ਼ਕਲ ਵਿੱਚ ਪਾ ਦਿੱਤਾ ਗਿਆ ਹੈ।
ਨਵੇਂ ਬਣੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਅਮਰੀਕਾ ਦੇ ਇਸ ਫੈਸਲੇ ਦੀ ਨਿਖੇਧੀ ਕਰਦਿਆਂ ਕਿਹਾ ਕਿ ਇਸ ਕਦਮ ਨਾਲ ਇੱਕ ਜਮਹੂਰੀ ਦੇਸ਼ ਜੋ ਕਿ ਸਾਰੇ ਧਰਮਾਂ ਨੂੰ ਬਰਾਬਰ ਅਧਿਕਾਰ ਅਤੇ ਸੁਰੱਖਿਆ ਪ੍ਰਦਾਨ ਕਰਨ ਦਾ ਦਾਅਵਾ ਕਰਦਾ ਹੈ, ਦੇ ਅਕਸ ਨੂੰ ਢਾਹ ਲੱਗੇਗੀ। ਉਨ੍ਹਾਂ ਪਿਛਲੇ ਨਿਯਮਾਂ ਨੂੰ ਬਹਾਲ ਕਰਨ ਦੀ ਮੰਗ ਕੀਤੀ ਹੈ ਜੋ ਕਿ ਸਿੱਖ ਸੈਨਿਕਾਂ ਨੂੰ ਆਪਣੀ ਫੌਜੀ ਡਿਊਟੀ ਨਿਭਾਉਂਦੇ ਹੋਏ ਆਪਣੇ ਧਾਰਮਿਕ ਨਿਯਮਾਂ ਦੀ ਪਾਲਣਾ ਕਰਨ ਦੀ ਇਜਾਜ਼ਤ ਵੀ ਦਿੰਦੇ ਸਨ। ਉਨ੍ਹਾਂ ਚੇਤੇ ਕਰਵਾਇਆ ਕਿ ਸਿੱਖ ਸੈਨਿਕਾਂ ਨੇ ਦੋ ਵਿਸ਼ਵ ਜੰਗਾਂ ਵਿੱਚ ਆਪਣਾ ਫ਼ਰਜ਼ ਬਾਖੂਬੀ ਨਿਭਾਇਆ ਸੀ। ਹਾਲਾਂਕਿ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਅਕਾਲ ਤਖ਼ਤ ਦੇ ਅਧਿਕਾਰੀਆਂ ਨੇ ਇਸ ਕਦਮ ਬਾਰੇ ਪੂਰੀ ਸਪੱਸ਼ਟਤਾ ਮਿਲਣ ਤੱਕ ਟਿੱਪਣੀ ਕਰਨ ਤੋਂ ਗੁਰੇਜ਼ ਕੀਤਾ ਹੈ। ਉਨ੍ਹਾਂ ਕਿਹਾ ਕਿ ਸਿੱਖਾਂ ਦੀਆਂ ਸਰਵਉੱਚ ਸੰਸਥਾਵਾਂ ਇਸ ਆਦੇਸ਼ ਦੀ ਚੰਗੀ ਤਰ੍ਹਾਂ ਜਾਂਚ ਕਰਨ ਅਤੇ ਅਮਰੀਕੀ ਫੌਜ ਵਿੱਚ ਸੇਵਾ ਨਿਭਾਅ ਰਹੇ ਮੌਜੂਦਾ ਸਿੱਖ ਸੈਨਿਕਾਂ ਨਾਲ ਸਲਾਹ ਕਰਨ ਤੋਂ ਬਾਅਦ ਹੀ ਟਿੱਪਣੀ ਕਰਨਗੀਆਂ। ਉੱਧਰ, ਇਸ ਕਦਮ ਦੀ ਅਮਰੀਕਾ ਵਿਚਲੇ ਨਾਗਰਿਕ ਅਧਿਕਾਰ ਸਮੂਹਾਂ, ਸਾਬਕਾ ਫੌਜੀਆਂ ਅਤੇ ਧਾਰਮਿਕ ਆਜ਼ਾਦੀ ਦੇ ਸਮਰਥਕਾਂ ਵੱਲੋਂ ਸਖ਼ਤ ਆਲੋਚਨਾ ਕੀਤੀ ਜਾ ਰਹੀ ਹੈ। ਨਵੀਂ ਨੀਤੀ ਕਈ ਸੇਵਾ ਮੈਂਬਰਾਂ, ਖ਼ਾਸ ਕਰ ਕੇ ਸਿੱਖਾਂ, ਮੁਸਲਮਾਨਾਂ, ਯਹੂਦੀਆਂ ਅਤੇ ਸਿਆਹਫਾਮ ਸੈਨਿਕਾਂ ਨੂੰ ਆਪਣੇ ਫੌਜੀ ਕਰੀਅਰ ਅਤੇ ਆਪਣੇ ਧਾਰਮਿਕ ਵਿਸ਼ਵਾਸਾਂ ਜਾਂ ਸਿਹਤ ਲੋੜਾਂ ਵਿੱਚੋਂ ਕਿਸੇ ਇੱਕ ਨੂੰ ਚੁਣਨ ਲਈ ਮਜਬੂਰ ਕਰ ਸਕਦੀ ਹੈ।
ਨੌਰਥ ਅਮਰੀਕਨ ਪੰਜਾਬੀ ਐਸੋਸੀਏਸ਼ਨ ਵੱਲੋਂ ਹੁਕਮਾਂ ਦਾ ਤਿੱਖਾ ਵਿਰੋਧ
ਨੌਰਥ ਅਮਰੀਕਨ ਪੰਜਾਬੀ ਐਸੋਸੀਏਸ਼ਨ (ਐੱਨ ਏ ਪੀ ਏ) ਨੇ ਅਮਰੀਕੀ ਫੌਜ ਵਿੱਚ ਦਾੜ੍ਹੀ ਰੱਖਣ ਦੀ ਛੋਟ ਨੂੰ ਵਾਪਸ ਲੈਣ ਵਾਲੇ ਪੈਂਟਾਗਨ ਦੇ ਤਾਜ਼ਾ ਹੁਕਮਾਂ ’ਤੇ ਡੂੰਘੀ ਚਿੰਤਾ ਅਤੇ ਸਖ਼ਤ ਵਿਰੋਧ ਜ਼ਾਹਿਰ ਕੀਤਾ ਹੈ। ਨੌਰਥ ਅਮਰੀਕਨ ਪੰਜਾਬੀ ਐਸੋਸੀਏਸ਼ਨ ਦੇ ਕਾਰਜਕਾਰੀ ਨਿਰਦੇਸ਼ਕ ਸਤਨਾਮ ਸਿੰਘ ਚਾਹਲ ਨੇ ਕਿਹਾ ਕਿ ਇਨ੍ਹਾਂ ਹੁਕਮਾਂ ਦਾ ਸਿੱਖਾਂ, ਯਹੂਦੀਆਂ, ਮੁਸਲਮਾਨਾਂ ਅਤੇ ਹੋਰ ਧਾਰਮਿਕ ਘੱਟ ਗਿਣਤੀਆਂ ’ਤੇ ਕਾਫੀ ਪ੍ਰਭਾਵ ਪਵੇਗਾ, ਜਿਨ੍ਹਾਂ ਦਾ ਵਿਸ਼ਵਾਸ ਦਾੜ੍ਹੀ ਅਤੇ ਹੋਰ ਧਾਰਮਿਕ ਕਕਾਰਾਂ ਕਾਇਮ ਰੱਖਣ ਦੀ ਮੰਗ ਕਰਦਾ ਹੈ। ਚਾਹਲ ਨੇ ਕਿਹਾ ਕਿ ਇਹ ਕਦਮ ਉਨ੍ਹਾਂ ਲੋਕਾਂ ਨਾਲ ਵਿਸ਼ਵਾਸਘਾਤ ਹੈ ਜਿਨ੍ਹਾਂ ਨੇ ਹਥਿਆਰਬੰਦ ਬਲਾਂ ਵਿੱਚ ਧਾਰਮਿਕ ਛੋਟਾਂ ਪ੍ਰਾਪਤ ਕਰਨ ਲਈ ਸਾਲਾਂ ਤੱਕ ਸੰਘਰਸ਼ ਕੀਤਾ ਹੈ। ਚਾਹਲ ਨੇ ਕਿਹਾ, “ਇਹ ਫੈਸਲਾ ਅਨੁਸ਼ਾਸਨ ਬਾਰੇ ਨਹੀਂ ਹੈ, ਬਲਕਿ ਇਹ ਸਿਰਫ਼ ਉਨ੍ਹਾਂ ਸੈਨਿਕਾਂ ਦੀ ਇੱਜ਼ਤ ਅਤੇ ਧਾਰਮਿਕ ਪਛਾਣ ਖੋਹਣ ਬਾਰੇ ਹੈ ਜੋ ਕਿ ਵਫ਼ਾਦਾਰੀ ਅਤੇ ਮਾਣ ਨਾਲ ਇਸ ਦੇਸ਼ ਦੀ ਸੇਵਾ ਕਰਦੇ ਹਨ।”