ਸੁਰੱਖਿਆ ਕੌਂਸਲ ਸਣੇ ਮੁੱਖ ਬਹੁਪੱਖੀ ਸੰਸਥਾਵਾਂ ’ਚ ਫੌਰੀ ਸੁਧਾਰਾਂ ਦੀ ਲੋੜ: ਮੁਰਮੂ
ਸੰਯੁਕਤ ਰਾਸ਼ਟਰ ਮਹਾਸਭਾ ਦੇ 79ਵੇਂ ਇਜਲਾਸ ਦੇ ਪ੍ਰਧਾਨ ਫਿਲੇਮੋਨ ਯਾਂਗ ਨੇ ਰਾਸ਼ਟਰਪਤੀ ਨਾਲ ਕੀਤੀ ਮੁਲਾਕਾਤ
ਨਵੀਂ ਦਿੱਲੀ, 6 ਫਰਵਰੀ
ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਅੱਜ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਸਣੇ ਮੁੱਖ ਬਹੁਪੱਖੀ ਸੰਸਥਾਵਾਂ ਵਿੱਚ ਫੌਰੀ ਤੇ ਵਿਆਪਕ ਸੁਧਾਰਾਂ ਦੀ ਲੋੜ ’ਤੇ ਜ਼ੋਰ ਦਿੱਤਾ, ਤਾਂ ਜੋ ਉਨ੍ਹਾਂ ਨੂੰ ਸਮਕਾਲੀ ਵਿਸ਼ਵਵਿਆਪੀ ਹਕੀਕਤਾਂ ਦਾ ਪ੍ਰਤੀਬਿੰਬ ਬਣਾਇਆ ਜਾ ਸਕੇ। ਸੰਯੁਕਤ ਰਾਸ਼ਟਰ ਮਹਾਸਭਾ (ਯੂਐੱਨਜੀਏ) ਦੇ 79ਵੇਂ ਇਜਲਾਸ ਦੇ ਪ੍ਰਧਾਨ ਫਿਲੇਮੋਨ ਯਾਂਗ ਦਾ ਸਵਾਗਤ ਕਰਦਿਆਂ ਮੁਰਮੂ ਨੇ ਕਿਹਾ ਕਿ 2025 ਵਿੱਚ ਵਿਕਾਸ ਲਈ ਵਿੱਤ ਬਾਰੇ ਚੌਥੀ ਕਾਨਫ਼ਰੰਸ ਅਤੇ ਤੀਜੀ ਸੰਯੁਕਤ ਰਾਸ਼ਟਰ ਸਮੁੰਦਰੀ ਕਾਨਫ਼ਰੰਸ ਵਰਗੀਆਂ ਮਹੱਤਵਪੂਰਨ ਸੰਯੁਕਤ ਰਾਸ਼ਟਰ ਕਾਨਫ਼ਰੰਸਾਂ ਹੋਣਗੀਆਂ। ਯਾਂਗ ਨੇ ਇੱਥੇ ਰਾਸ਼ਟਰਪਤੀ ਭਵਨ ਵਿੱਚ ਰਾਸ਼ਟਰਪਤੀ ਨਾਲ ਮੁਲਾਕਾਤ ਕੀਤੀ। ਮੁਰਮੂ ਨੇ ਯਾਂਗ ਨੂੰ ਇਨ੍ਹਾਂ ਪਲੈਟਫਾਰਮਾਂ ਵਿੱਚ ਭਾਰਤ ਦੀ ਸਰਗਰਮ ਅਤੇ ਰਚਨਾਤਮਕ ਹਿੱਸੇਦਾਰੀ ਦਾ ਭਰੋਸਾ ਦਿੱਤਾ।
ਇੱਕ ਅਧਿਕਾਰਤ ਬਿਆਨ ਅਨੁਸਾਰ, ਰਾਸ਼ਟਰਪਤੀ ਮੁਰਮੂ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਸਣੇ ਮੁੱਖ ਬਹੁਪੱਖੀ ਸੰਸਥਾਵਾਂ ਵਿੱਚ ਜਲਦੀ ਅਤੇ ਵਿਆਪਕ ਸੁਧਾਰਾਂ ਦੀ ਲੋੜ ’ਤੇ ਜ਼ੋਰ ਦਿੱਤਾ, ਤਾਂ ਜੋ ਉਨ੍ਹਾਂ ਨੂੰ ਸਮਕਾਲੀ ਵਿਸ਼ਵ ਹਕੀਕਤਾਂ ਦਾ ਪ੍ਰਤੀਬਿੰਬ ਬਣਾਇਆ ਜਾ ਸਕੇ। ਮੁਰਮੂ ਨੇ ਟਿਕਾਊ ਵਿਕਾਸ ਲਈ ਵਿਗਿਆਨ ਅਤੇ ਡੇਟਾ-ਆਧਾਰਿਤ ਨਜ਼ਰੀਏ ਅਤੇ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਵਾਲੇ ਦ੍ਰਿਸ਼ਟੀਕੋਣ ਲਈ ਯਾਂਗ ਦੀ ਸ਼ਲਾਘਾ ਕੀਤੀ। ਉਨ੍ਹਾਂ ਸਤੰਬਰ 2024 ਵਿੱਚ ਨਿਊਯਾਰਕ ’ਚ ਹੋਏ ਸੰਮੇਲਨ ਵਿੱਚ ‘ਭਵਿੱਖ ਲਈ ਸਮਝੌਤਾ’ ਨੂੰ ਅਪਣਾਉਣ ਵਿੱਚ ਉਨ੍ਹਾਂ ਦੀ ਅਗਵਾਈ ਦੀ ਵੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਭਾਰਤ ਸੰਯੁਕਤ ਰਾਸ਼ਟਰ ਸਣੇ ਗਲੋਬਲ ਸਾਊਥ ਦੀਆਂ ਮੁਸ਼ਕਲਾਂ ਸਬੰਧੀ ਆਵਾਜ਼ ਬੁਲੰਦ ਕਰਦਾ ਰਹੇਗਾ ਜੋ ਕਿ ‘ਵਸੁਧੈਵ ਕੁਟੁੰਬਕਮ’ ਦੇ ਵਿਚਾਰ ਤੋਂ ਪ੍ਰੇਰਿਤ ਹੈ।
ਦੋਹਾਂ ਆਗੂਆਂ ਨੇ ਭਾਰਤ ਅਤੇ ਕੈਮਰੂਨ ਵਿਚਾਲੇ ਨਜ਼ਦੀਕੀ ਅਤੇ ਦੋਸਤਾਨਾ ਦੁਵੱਲੇ ਸਬੰਧਾਂ ’ਤੇ ਵੀ ਚਰਚਾ ਕੀਤੀ ਜੋ ਕਿ ਸਾਲ ਦਰ ਸਾਲ ਲਗਾਤਾਰ ਮਜ਼ਬੂਤ ਹੋਏ ਹਨ, ਖਾਸ ਕਰ ਕੇ ਵਿਕਾਸ ਸਬੰਧੀ ਭਾਈਵਾਲੀ ਅਤੇ ਸਮਰੱਥਾ ਨਿਰਮਾਣ ਵਿੱਚ। ਯਾਂਗ ਇੱਕ ਕੈਮਰੂਨ ਸਿਆਸਤਦਾਨ ਹੈ। ਮੁਰਮੂ ਨੇ ਕਿਹਾ ਕਿ ਭਾਰਤ, ਅਫਰੀਕਾ ਨਾਲ ਇੱਕ ਵਿਸ਼ੇਸ਼ ਸਬੰਧ ਸਾਂਝਾ ਕਰਦਾ ਹੈ ਅਤੇ 2023 ਵਿੱਚ ਭਾਰਤ ਦੀ ਜੀ20 ਪ੍ਰਧਾਨਗੀ ਦੌਰਾਨ ਹੀ ਅਫਰੀਕੀ ਯੂਨੀਅਨ ਨੂੰ ਸਥਾਈ ਮੈਂਬਰ ਵਜੋਂ ਸਮੂਹ ਵਿੱਚ ਸ਼ਾਮਲ ਕੀਤਾ ਗਿਆ ਸੀ। -ਪੀਟੀਆਈ

