ਰਾਜ ਸਭਾ ’ਚ ਸਿੰਘਵੀ ਦੀ ਸੀਟ ’ਤੇ ਨੋਟ ਮਿਲਣ ਕਾਰਨ ਹੰਗਾਮਾ
ਨਵੀਂ ਦਿੱਲੀ, 6 ਦਸੰਬਰ
ਕਾਂਗਰਸ ਮੈਂਬਰ ਅਭਿਸ਼ੇਕ ਮਨੂ ਸਿੰਘਵੀ ਦੀ ਸੀਟ ਤੋਂ ਸੁਰੱਖਿਆ ਅਮਲੇ ਨੂੰ ਕਥਿਤ ਤੌਰ ’ਤੇ ਨੋਟਾਂ ਦਾ ਬੰਡਲ ਮਿਲਣ ’ਤੇ ਭਾਜਪਾ ਮੈਂਬਰਾਂ ਨੇ ਅੱਜ ਰਾਜ ਸਭਾ ’ਚ ਜ਼ੋਰਦਾਰ ਹੰਗਾਮਾ ਕੀਤਾ ਜਿਸ ਕਾਰਨ ਸਦਨ ਦੀ ਕਾਰਵਾਈ ਦਿਨ ਭਰ ਲਈ ਉਠਾ ਦਿੱਤੀ ਗਈ। ਸਦਨ ਦੀ ਕਾਰਵਾਈ ਦੌਰਾਨ ਭਾਜਪਾ ਮੈਂਬਰਾਂ ਨੇ ਵੀਰਵਾਰ ਨੂੰ ਰਾਜ ਸਭਾ ’ਚੋਂ ਨੋਟ ਮਿਲਣ ’ਤੇ ਕਾਂਗਰਸ ਤੋਂ ਜਵਾਬ ਦੀ ਮੰਗ ਕਰਦਿਆਂ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਸਦਨ ਦੀ ਕਾਰਵਾਈ ਚਲਾ ਰਹੇ ਉਪ ਚੇਅਰਮੈਨ ਹਰੀਵੰਸ਼ ਨੇ ਹੁਕਮਰਾਨ ਧਿਰ ਦੇ ਮੈਂਬਰਾਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਪਰ ਜਦੋਂ ਉਹ ਨਾ ਮੰਨੇ ਤਾਂ ਉਨ੍ਹਾਂ ਸੋਮਵਾਰ ਸਵੇਰ ਤੱਕ ਲਈ ਰਾਜ ਸਭਾ ਉਠਾ ਦਿੱਤੀ। ਨੋਟ ਸੀਟ ਨੰਬਰ 222 ਤੋਂ ਮਿਲੇ ਸਨ ਜੋ ਸਿੰਘਵੀ ਨੂੰ ਅਲਾਟ ਕੀਤੀ ਗਈ ਹੈ। ਇਸ ਤੋਂ ਪਹਿਲਾਂ ਰਾਜ ਸਭਾ ਚੇਅਰਮੈਨ ਜਗਦੀਪ ਧਨਖੜ ਨੇ ਕਿਹਾ ਕਿ ਸੁਰੱਖਿਆ ਅਮਲੇ ਨੂੰ ਸਿੰਘਵੀ ਨੂੰ ਅਲਾਟ ਸੀਟ ਤੋਂ 500 ਰੁਪਏ ਦੇ ਨੋਟਾਂ ਦਾ ਬੰਡਲ ਮਿਲਿਆ ਹੈ ਜਿਸ ਨਾਲ ਹੁਕਮਰਾਨ ਅਤੇ ਵਿਰੋਧੀ ਧਿਰਾਂ ਦੇ ਮੈਂਬਰਾਂ ਵਿਚਕਾਰ ਤਕਰਾਰ ਸ਼ੁਰੂ ਹੋ ਗਈ। ਧਨਖੜ ਨੇ ਕਿਹਾ ਕਿ ਉਨ੍ਹਾਂ ਜਾਂਚ ਦੇ ਹੁਕਮ ਦੇ ਦਿੱਤੇ ਹਨ ਪਰ ਇਹ ਨਹੀਂ ਸਪੱਸ਼ਟ ਕਿ ਇਹ ਨੋਟ ਅਸਲੀ ਹਨ ਜਾਂ ਨਕਲੀ। ਉਨ੍ਹਾਂ ਕਿਹਾ ਕਿ ਕਿਸੇ ਨੇ ਵੀ ਨੋਟਾਂ ’ਤੇ ਹੱਕ ਨਹੀਂ ਜਤਾਇਆ ਹੈ ਅਤੇ ਇੰਜ ਜਾਪਦਾ ਹੈ ਕਿ ਮੁਲਕ ਦਾ ਅਰਥਚਾਰਾ ਅਜਿਹਾ ਹੋ ਗਿਆ ਹੈ ਕਿ ਲੋਕ ਨੋਟਾਂ ਨੂੰ ਭੁੱਲ ਸਕਦੇ ਹਨ। -ਪੀਟੀਆਈ
ਸਿੰਘਵੀ ਨੇ ਘਟਨਾ ਦੀ ਜਾਂਚ ਮੰਗੀ
ਨਵੀਂ ਦਿੱਲੀ:
ਕਾਂਗਰਸ ਆਗੂ ਅਭਿਸ਼ੇਕ ਸਿੰਘਵੀ ਨੇ ਉਨ੍ਹਾਂ ਦੀ ਸੀਟ ਤੋਂ ਨਗ਼ਦੀ ਮਿਲਣ ਦੀ ਘਟਨਾ ਦੀ ਜਾਂਚ ਕਰਨ ਦੀ ਮੰਗ ਕਰਦਿਆਂ ਇਸ ਨੂੰ ਸੁਰੱਖਿਆ ਲਾਪਰਵਾਹੀ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸੀਟਾਂ ’ਤੇ ਸ਼ੀਸ਼ੇ ਲਗਾ ਦਿੱਤੇ ਜਾਣੇ ਚਾਹੀਦੇ ਹਨ ਜਾਂ ਉਸ ਦੀ ਤਾਰਬੰਦੀ ਕਰ ਦੇਣੀ ਚਾਹੀਦੀ ਹੈ ਤਾਂ ਜੋ ਕਿਸੇ ਨੂੰ ਉਥੇ ਗਾਂਜਾ ਰੱਖਣ ਤੋਂ ਰੋਕਿਆ ਜਾ ਸਕੇ। ਕਾਂਗਰਸ ਆਗੂ ਨੇ ਕਿਹਾ ਕਿ ਹਰ ਮੁੱਦੇ ’ਤੇ ਸਿਆਸਤ ਨਹੀਂ ਹੋਣੀ ਚਾਹੀਦੀ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਉਹ ਸਦਨ ’ਚ ਦੁਪਹਿਰ 12.57 ਵਜੇ ਪੁੱਜੇ ਸਨ ਅਤੇ 1 ਵਜੇ ਚਲੇ ਗਏ ਸਨ। ਉਸ ਮਗਰੋਂ ਉਹ ਡੇਢ ਵਜੇ ਤੱਕ ਕੰਟੀਨ ’ਚ ਬੈਠੇ ਰਹੇ ਅਤੇ ਫਿਰ ਸੰਸਦ ’ਚੋਂ ਚਲੇ ਗਏ ਸਨ। ਸਿੰਘਵੀ ਨੇ ਦਾਅਵਾ ਕੀਤਾ ਕਿ ਜਦੋਂ ਉਹ ਸੰਸਦ ਅੰਦਰ ਹੁੰਦੇ ਹਨ ਤਾਂ ਉਨ੍ਹਾਂ ਕੋਲ 500 ਰੁਪਏ ਦਾ ਸਿਰਫ਼ ਇਕ ਨੋਟ ਹੁੰਦਾ ਹੈ। -ਪੀਟੀਆਈ