ਐੱਸਸੀਐੱਲ ਮੁਹਾਲੀ ਦੇ ਅਪਗ੍ਰੇਡੇਸ਼ਨ ਨੂੰ ਮਿਲੀ ਪ੍ਰਵਾਨਗੀ: ਸਾਹਨੀ
ਪੱਤਰ ਪ੍ਰੇਰਕ
ਨਵੀਂ ਦਿੱਲੀ, 6 ਦਸੰਬਰ
ਪੰਜਾਬ ਦੇ ਮੁਹਾਲੀ ਸਥਿਤ ਐੱਸਸੀਐੱਲ ਦੇ ਅਪਗ੍ਰੇਡੇਸ਼ਨ ਤੇ ਆਧੁਨਿਕੀਕਰਨ ਨੂੰ ਪ੍ਰਵਾਨਗੀ ਮਿਲ ਗਈ ਹੈ। ਸੰਸਦ ਸਰਦ ਰੁੱਤ ਸੈਸ਼ਨ ਦੌਰਾਨ ਰਾਜ ਸਭਾ ਮੈਂਬਰ ਡਾ. ਵਿਕਰਮਜੀਤ ਸਿੰਘ ਸਾਹਨੀ ਨੂੰ ਦਿੱਤੇ ਲਿਖਤੀ ਜਵਾਬ ’ਚ ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰੀ ਜੀਤਨ ਪ੍ਰਸਾਦ ਨੇ ਮੁਹਾਲੀ ਦੀ ਸੈਮੀ-ਕੰਡਕਟਰ ਲੈਬਾਰਟਰੀ (ਐੱਸ.ਸੀ.ਐੱਲ.) ਦੇ ਆਧੁਨਿਕੀਕਰਨ ਦੀ ਯੋਜਨਾ ਬਾਰੇ ਅਪਡੇਟ ਮੁਹੱਈਆ ਕਰਵਾਇਆ ਹੈ। ਡਾ. ਸਾਹਨੀ ਨੇ ਫਰਵਰੀ 2024 ਵਿੱਚ ਐੱਸਸੀਐੱਲ ਲਈ 10,000 ਰੁਪਏ ਕਰੋੜ ਦੀ ਆਧੁਨਿਕੀਕਰਨ ਯੋਜਨਾ ਅਤੇ ਕੈਬਨਿਟ ਦੀ ਮਨਜ਼ੂਰੀ ਲਈ ਇਸ ਦੀ ਸਮਾਂ-ਸੀਮਾ ਬਾਰੇ ਸਰਕਾਰ ਦੇ ਪਹਿਲੇ ਐਲਾਨ ਬਾਰੇ ਸਪੱਸ਼ਟੀਕਰਨ ਮੰਗਿਆ ਸੀ। ਸਾਹਨੀ ਨੇ ਦੱਸਿਆ ਕਿ ਉਨ੍ਹਾਂ ਨੂੰ ਮਿਲੀ ਜਾਣਕਾਰੀ ਅਨੁਸਾਰ ਸਰਕਾਰ ਨੇ ਕੁੱਲ 76,000 ਰੁਪਏ ਕਰੋੜ ਦੀ ਰਕਮ ਦੇ ਨਾਲ ਸੈਮੀਕਨ ਇੰਡੀਆ ਪ੍ਰੋਗਰਾਮ ਨੂੰ ਮਨਜ਼ੂਰੀ ਦਿੱਤੀ ਹੈ। ਇਸ ਪ੍ਰੋਗਰਾਮ ਤਹਿਤ ਮੁਹਾਲੀ ਵਿੱਚ ਸੈਮੀ-ਕੰਡਕਟਰ ਲੈਬਾਰਟਰੀ ਦਾ ਆਧੁਨਿਕੀਕਰਨ ਵੀ ਸ਼ਾਮਲ ਹੈ। ਹਾਲਾਂਕਿ, ਸਰਕਾਰ ਇਸ ਅਹਿਮ ਪ੍ਰਾਜੈਕਟ ਨੂੰ ਅਪਗ੍ਰੇਡ ਕਰਨ ਲਈ ਰੋਡਮੈਪ ਨੂੰ ਅੰਤਿਮ ਰੂਪ ਦੇਣ ਲਈ ਹਿੱਸੇਦਾਰਾਂ ਨਾਲ ਮਸ਼ਵਰਾ ਕਰ ਰਹੀ ਹੈ। ਡਾ: ਸਾਹਨੀ ਨੇ ਇਹ ਵੀ ਕਿਹਾ ਕਿ ਮੁਹਾਲੀ ਸਥਿਤ ਸੈਮੀ-ਕੰਡਕਟਰ ਲੈਬਾਰਟਰੀ ਭਾਰਤ ਦੀ ਤਕਨੀਕੀ ਅਤੇ ਆਰਥਿਕ ਸਵੈ-ਨਿਰਭਰਤਾ ਲਈ ਰਣਨੀਤਕ ਮਹੱਤਵ ਰੱਖਦੀ ਹੈ ਅਤੇ ਉਹ ਇੱਕ ਸਾਲ ਤੋਂ ਇਹ ਮੁੱਦਾ ਸਰਕਾਰ ਕੋਲ ਉਠਾ ਰਹੇ ਹਨ। ਇਸ ਲਿਖਤੀ ਭਰੋਸੇ ਨਾਲ ਉਹ ਐੱਸਸੀਐੱਲ ਆਧੁਨਿਕੀਕਰਨ ਲਈ ਆਸਵੰਦ ਹਨ|