ਯੂਪੀ: ਬ੍ਰਿਜ ਭੂਸ਼ਨ ਦੇ ਪੁੱਤ ਦੇ ਕਾਫਿਲੇ ਦੀ ਗੱਡੀ ਵੱਲੋਂ ਟੱਕਰ ਮਾਰਨ ਕਾਰਨ ਦੋ ਨੌਜਵਾਨਾਂ ਦੀ ਮੌਤ, ਗੱਡੀ ਸਵਾਰ ਮੌਕੇ ਤੋਂ ਫ਼ਰਾਰ
ਗੋਂਡਾ (ਯੂਪੀ), 29 ਮਈ ਗੋਂਡਾ ਜ਼ਿਲ੍ਹੇ 'ਚ ਅੱਜ ਕੈਸਰਗੰਜ ਤੋਂ ਸੰਸਦ ਮੈਂਬਰ ਬ੍ਰਿਜ ਭੂਸ਼ਨ ਸ਼ਰਨ ਸਿੰਘ ਦੇ ਪੁੱਤਟੇ ਅਤੇ ਇਸ ਸੀਟ ਤੋਂ ਭਾਜਪਾ ਉਮੀਦਵਾਰ ਕਰਨ ਭੂਸ਼ਨ ਸਿੰਘ ਦੇ ਕਾਫਿਲੇ ’ਚ ਸ਼ਾਮਲ ਫਾਰਚੂਨਰ ਨਾਲ ਟੱਕਰ ਕਾਰਨ ਦੋ ਨੌਜਵਾਨਾਂ ਦੀ ਮੌਤ ਹੋ...
ਗੋਂਡਾ (ਯੂਪੀ), 29 ਮਈ
ਗੋਂਡਾ ਜ਼ਿਲ੍ਹੇ 'ਚ ਅੱਜ ਕੈਸਰਗੰਜ ਤੋਂ ਸੰਸਦ ਮੈਂਬਰ ਬ੍ਰਿਜ ਭੂਸ਼ਨ ਸ਼ਰਨ ਸਿੰਘ ਦੇ ਪੁੱਤਟੇ ਅਤੇ ਇਸ ਸੀਟ ਤੋਂ ਭਾਜਪਾ ਉਮੀਦਵਾਰ ਕਰਨ ਭੂਸ਼ਨ ਸਿੰਘ ਦੇ ਕਾਫਿਲੇ ’ਚ ਸ਼ਾਮਲ ਫਾਰਚੂਨਰ ਨਾਲ ਟੱਕਰ ਕਾਰਨ ਦੋ ਨੌਜਵਾਨਾਂ ਦੀ ਮੌਤ ਹੋ ਗਈ ਤੇ ਔਰਤ ਗੰਭੀਰ ਰੂਪ 'ਚ ਜ਼ਖਮੀ ਹੋ ਗਈ। ਇਸ ਘਟਨਾ ਤੋਂ ਗੁੱਸੇ ਵਿੱਚ ਆਏ ਪਿੰਡ ਵਾਸੀਆਂ ਨੇ ਸੜਕ ਜਾਮ ਕਰਕੇ ਪ੍ਰਦਰਸ਼ਨ ਕੀਤਾ। ਚਾਰ ਥਾਣਿਆਂ ਦੀ ਪੁਲੀਸ ਮੌਕੇ ’ਤੇ ਤਾਇਨਾਤ ਕਰ ਦਿੱਤੀ ਗਈ ਹੈ। ਕਰਨ ਭੂਸ਼ਣ ਸਿੰਘ ਆਪਣੇ ਕਾਫਲੇ ਨਾਲ ਕਰਨਲਗੰਜ ਤੋਂ ਬਹਿਰਾਇਚ ਜ਼ਿਲ੍ਹੇ ਦੇ ਹਜ਼ੂਰਪੁਰ ਵੱਲ ਜਾ ਰਿਹਾ ਸੀ ਤੇ ਰਾਹ ਵਿੱਚ ਬੈਕੁੰਠ ਡਿਗਰੀ ਕਾਲਜ ਦੇ ਕੋਲ ਕਾਫਲੇ ਦੀ ਅਗਵਾਈ ਕਰ ਰਹੇ ਕਰਨ ਭੂਸ਼ਨ ਸਿੰਘ ਦੀ ਗੱਡੀ ਲੰਘਣ ਤੋਂ ਬਾਅਦ ਸੁਰੱਖਿਆ ਮੁਲਾਜ਼ਮਾਂ ਨੂੰ ਲੈ ਕੇ ਜਾ ਰਹੀ ਗੱਡੀ ਬੇਕਾਬੂ ਹੋ ਕੇ ਮੋਟਰਸਾਈਕਲ ਨਾਲ ਟਕਰਾਅ ਗਈ। ਇਸ ਘਟਨਾ 'ਚ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਰੇਹਾਨ ਖਾਨ (17) ਅਤੇ ਸ਼ਹਿਜ਼ਾਦ ਖਾਨ (24) ਦੀ ਮੌਕੇ 'ਤੇ ਹੀ ਮੌਤ ਹੋ ਗਈ। ਟੱਕਰ 'ਚ 60 ਸਾਲਾ ਔਰਤ ਸੀਤਾ ਦੇਵੀ ਵੀ ਗੰਭੀਰ ਜ਼ਖ਼ਮੀ ਹੋ ਗਈ। ਉਸ ਨੂੰ ਮੈਡੀਕਲ ਕਾਲਜ ਭੇਜ ਦਿੱਤਾ ਗਿਆ ਹੈ। ਟੱਕਰ ਤੋਂ ਬਾਅਦ ਗੱਡੀ ਸਵਾਰ ਆਪਣੀ ਗੱਡੀ ਮੌਕੇ 'ਤੇ ਹੀ ਛੱਡ ਕੇ ਕਾਫਲੇ ਦੇ ਹੋਰ ਵਾਹਨਾਂ 'ਚ ਫ਼ਰਾਰ ਹੋ ਗਏ। ਘਟਨਾ ਤੋਂ ਬਾਅਦ ਤਣਾਅ ਦੀ ਸਥਿਤੀ ਹੈ।

