ਯੂਪੀ: ਸਕੂਲ ਅਧਿਆਪਕ ਵੱਲੋਂ ਕਾਂਸਟੇਬਲ ਦੀ ਗੋਲੀ ਮਾਰ ਕੇ ਹੱਤਿਆ
ਬਾਗ਼ਪਤ, 30 ਜੂਨ
ਇੱਥੇ ਇਕ ਸਰਕਾਰੀ ਸਕੂਲ ਦੇ ਅਧਿਆਪਕ ਨੇ ਪੁਲੀਸ ਕਾਂਸਟੇਬਲ ਦੀ ਕਥਿਤ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਘਟਨਾ ਤੋਂ ਬਾਅਦ ਅਧਿਆਪਕ ਫ਼ਰਾਰ ਹੈ।
ਪੁਲੀਸ ਮੁਤਾਬਕ ਇਹ ਘਟਨਾ ਖੇਖੜਾ ਪੁਲੀਸ ਥਾਣੇ ਅਧੀਨ ਆਉਂਦੇ ਸੁਨਹੇੜਾ ਪਿੰਡ ਵਿੱਚ ਵਾਪਰੀ। ਪੁਲੀਸ ਨੇ ਦੱਸਿਆ ਕਿ ਕਾਂਸਟੇਬਲ ਅਜੈ ਕੁਮਾਰ (32), ਜੋ ਛੁੱਟੀ ’ਤੇ ਘਰ ਆਇਆ ਸੀ, ਐਤਵਾਰ ਰਾਤ ਨੂੰ ਖਾਣੇ ਤੋਂ ਬਾਅਦ ਪਿੰਡ ਦੇ ਬਾਹਰ ਘੁੰਮ ਰਿਹਾ ਸੀ, ਜਦੋਂ ਉਸ ਦੀ ਮੁਲਾਕਾਤ ਸਹਾਰਨਪੁਰ ਦੇ ਇੱਕ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਅਧਿਆਪਕ ਵਜੋਂ ਕੰਮ ਕਰਨ ਵਾਲੇ ਸਥਾਨਕ ਵਿਅਕਤੀ ਮੋਹਿਤ ਆਰੀਆ ਨਾਲ ਹੋਈ। ਦੋਵਾਂ ਵਿਚਕਾਰ ਪਹਿਲਾਂ ਕ੍ਰਿਕਟ ਮੈਚ ਨੂੰ ਲੈ ਕੇ ਅਤੇ ਬਾਅਦ ਵਿੱਚ ਵਟਸਐਪ ਚੈਟ ਨੂੰ ਲੈ ਕੇ ਝਗੜਾ ਹੋਇਆ। ਜਦੋਂ ਲੜਾਈ ਵਧ ਗਈ, ਤਾਂ ਮੁਲਜ਼ਮ ਨੇ ਕਥਿਤ ਪਿਸਤੌਲ ਤੋਂ ਗੋਲੀ ਚਲਾ ਦਿੱਤੀ। ਪਰਿਵਾਰਕ ਮੈਂਬਰ ਅਜੈ ਕੁਮਾਰ ਨੂੰ ਫੌਰੀ ਸੋਨੀਪਤ ਦੇ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਵਧੀਕ ਪੁਲੀਸ ਸੁਪਰਡੈਂਟ ਐਨਪੀ ਸਿੰਘ ਨੇ ਕਿਹਾ ਕਿ ਪੀੜਤ ਪੁਲੀਸ ਕਾਂਸਟੇਬਲ ਸਹਾਰਨਪੁਰ ਪੁਲੀਸ ਵਿਭਾਗ ਵਿੱਚ ਤਾਇਨਾਤ ਸੀ ਅਤੇ ਛੁੱਟੀ ’ਤੇ ਪਿੰਡ ਆਇਆ ਸੀ। ਸਿੰਘ ਨੇ ਕਿਹਾ ਕਿ ਕਤਲ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਮੁਲਜ਼ਮ ਦੇ ਸੰਭਾਵਿਤ ਟਿਕਾਣਿਆਂ ’ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। -ਪੀਟੀਆਈ