ਯੂਪੀ: ਯਮੁਨਾ ਐਕਸਪ੍ਰੈੱਸਵੇਅ ’ਤੇ ਮਿੰਨੀ ਬੱਸ ਤੇ ਟਰੱਕ ਦੀ ਟੱਕਰ; 6 ਹਲਾਕ, 2 ਜ਼ਖ਼ਮੀ
ਇਥੇ ਯਮੁਨਾ ਐਕਸਪ੍ਰੈੱਸਵੇਅ ਉੱਤੇ ਸ਼ਨਿੱਚਰਵਾਰ ਵੱਡੇ ਤੜਕੇ ਮਿੰਨੀ ਵੈਨ ਤੇ ਟਰੱਕ ਦੀ ਟੱਕਰ ਵਿਚ ਛੇ ਵਿਅਕਤੀਆਂ ਦੀ ਮੌਤ ਹੋ ਗਈ ਤੇ ਦੋ ਜਣੇ ਜ਼ਖ਼ਮੀ ਹੋ ਗਏ। ਐੱਸਐੱਸਪੀ ਸ਼ਲੋਕ ਕੁਮਾਰ ਨੇ ਕਿਹਾ, ‘‘ਹਾਦਸਾ ਤੜਕੇ 3 ਵਜੇ ਦੇ ਕਰੀਬ ਮਾਈਲਸਟੋਨ 140 ਨੇੜੇ ਹੋਇਆ। ਆਗਰਾ ਜਾ ਰਹੀ ਮਿੰਨੀ ਵੈਨ ਕਿਸੇ ਭਾਰੀ ਵਾਹਨ ਨਾਲ ਟੱਕਰਾ ਗਈ। ਹਾਦਸਾ ਸ਼ਾਇਦ ਡਰਾਈਵਰ ਨੂੰ ਨੀਂਦ ਆਉਣ ਕਰਕੇ ਵਾਪਰਿਆ।’’ ਅਧਿਕਾਰੀ ਨੇ ਕਿਹਾ, ‘‘ਹਾਦਸੇ ਵਿਚ ਛੇ ਵਿਅਕਤੀਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦੋਂਕਿ ਦੋ ਜਣੇ ਗੰਭੀਰ ਜ਼ਖ਼ਮੀ ਦੱਸੇ ਜਾਂਦੇ ਹਨ, ਜਿਨ੍ਹਾਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।’’ ਉਨ੍ਹਾਂ ਕਿਹਾ ਕਿ ਪੀੜਤ ਪਰਿਵਾਰਾਂ ਨੂੰ ਸੂਚਿਤ ਕਰ ਦਿੱਤਾ ਹੈ ਤੇ ਅਗਲੇਰੀ ਕਾਰਵਾਈ ਜਾਰੀ ਹੈ।
ਇਸ ਦੌਰਾਨ ਅੱਜ ਵੱਡੇ ਤੜਕੇ 4 ਵਜੇ ਦੇ ਕਰੀਬ ਇਕ ਵੱਖਰੇ ਹਾਦਸੇ ਵਿਚ ਦਿੱਲੀ ਤੋਂ ਮੱਧ ਪ੍ਰਦੇਸ਼ ਜਾ ਰਹੀ ਨਿੱਜੀ ਬੱਸ ਮਾਈਲਸਟੋਨ 131 ਨੇੜੇ ਪਲਟ ਗਈ। ਐੱਸਐੱਸਪੀ ਨੇ ਕਿਹਾ, ‘‘ਅੱਠ ਜ਼ਖ਼ਮੀਆਂ ਨੂੰ ਮਥੁਰਾ ਦੇ ਜ਼ਿਲ੍ਹਾ ਹਸਪਤਾਲ ਵਿਚ ਭਰਤੀ ਕੀਤਾ ਗਿਆ ਹੈ ਜਦੋਂਕਿ ਨੌਂ ਹੋਰਾਂ ਨੂੰ ਆਗਰਾ ਦੇ ਐੱਸਐੱਨ ਮੈਡੀਕਲ ਕਾਲਜ ਵਿਚ ਭਰਤੀ ਕੀਤਾ ਹੈ। ਇਨ੍ਹਾਂ ਸਾਰਿਆਂ ਦੀ ਹਾਲਤ ਸਥਿਰ ਹੈ।’’ ਪੁਲੀਸ ਨੂੰ ਸ਼ੱਕ ਹੈ ਕਿ ਡਰਾਈਵਰ ਸ਼ਾਇਦ ਨੀਂਦ ਵਿਚ ਸੀ।
ਉਧਰ ਯੂਪੀ ਦੇ ਮੁਜ਼ੱਫਰਨਗਰ ਵਿਚ ਸ਼ੁੱਕਰਵਾਰ ਨੂੰ ਜਨਸਾਥ ਰੋਡ ’ਤੇ ਬੱਸ ਡਿਵਾਈਡਰ ਨਾਲ ਟਕਰਾਉਣ ਕਾਰਨ ਰੈਪਿਡ ਐਕਸ਼ਨ ਫੋਰਸ (RAF) ਦੀਆਂ 12 ਮਹਿਲਾ ਜਵਾਨਾਂ ਅਤੇ ਇੱਕ ਕਾਂਸਟੇਬਲ ਜ਼ਖਮੀ ਹੋ ਗਿਆ। ਨਾਈਮੰਡੀ ਪੁਲੀਸ ਸਟੇਸ਼ਨ ਦੇ ਇੰਚਾਰਜ ਦਿਨੇਸ਼ ਚੰਦਰ ਬਘੇਲ ਨੇ ਕਿਹਾ ਕਿ ਜ਼ਖਮੀਆਂ ਦੀ ਪਛਾਣ ਸੀਮਾ, ਸੁਸ਼ੀਲਾ, ਮੋਨੀ, ਸੰਗੀਤਾ, ਅਨੀਤਾ, ਨਿਧੀ, ਸੰਤੋਸ਼, ਰੇਖਾ, ਕ੍ਰਿਸ਼ਨਾ, ਪੁਸ਼ਪਾ, ਊਸ਼ਾ, ਰੇਸ਼ਾ ਅਤੇ ਡਰਾਈਵਰ ਮੁੰਨੀਲਾਲ ਵਜੋਂ ਹੋਈ ਹੈ। ਇਨ੍ਹਾਂ ਸਾਰਿਆਂ ਨੂੰ ਮੁਜ਼ੱਫਰਨਗਰ ਮੈਡੀਕਲ ਕਾਲਜ ਲਿਜਾਇਆ ਗਿਆ। ਮੁੰਨੀਲਾਲ ਦੀ ਲੱਤ ਵਿੱਚ ਫਰੈਕਚਰ ਸੀ, ਜਦੋਂ ਕਿ ਹੋਰਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਬਘੇਲ ਨੇ ਕਿਹਾ ਕਿ ਜਵਾਨ ਕਾਂਵੜ ਡਿਊਟੀ ਤੋਂ ਆਪਣੇ ਆਰਾਮ ਕੈਂਪ ਵਿੱਚ ਵਾਪਸ ਆ ਰਹੇ ਸਨ, ਅਤੇ ਡਰਾਈਵਰ ਸ਼ਾਇਦ ਸੌਂ ਗਿਆ ਸੀ। -ਪੀਟੀਆਈ