ਯੂਪੀ: ਹਾਪੁੜ ਦੀ ਨਿੱਜੀ ਯੂਨੀਵਰਸਿਟੀ ਤੋਂ ਫ਼ਰਜ਼ੀ ਮਾਰਕਸ਼ੀਟਾਂ ਤੇ ਡਿਗਰੀਆਂ ਬਰਾਮਦ
UP: Fake marksheets, degrees recovered from private university in Hapur, varsity chairman arrested
ਹਾਪੁੜ(ਯੂਪੀ), 18 ਮਈ
ਯੂਪੀ ਦੀ ਸਪੈਸ਼ਲ ਟਾਸਕ ਫੋਰਸ ਟੀਮ ਵੱਲੋਂ ਮਾਰੇ ਛਾਪੇ ਦੌਰਾਨ ਹਾਪੁੜ ਜ਼ਿਲ੍ਹੇ ਦੀ ਇਕ ਨਿੱਜੀ ਯੂਨੀਵਰਸਿਟੀ ’ਚੋਂ ਵੱਡੀ ਗਿਣਤੀ ਵਿਚ ਨਕਲੀ ਮਾਰਕਸ਼ੀਟਾਂ ਤੇ ਡਿਗਰੀਆਂ ਬਰਾਮਦ ਹੋਈਆਂ ਹਨ। ਪੁਲੀਸ ਵਿਚਲੇ ਸੂਤਰਾਂ ਨੇ ਕਿਹਾ ਕਿ ਐੱਸਟੀਐੱਫ ਦੀ ਟੀਮ ਨੇ ਯੂਨੀਵਰਸਿਟੀ ਦੇ ਚੇਅਰਮੈਨ ਵਿਜੇਂਦਰ ਸਿੰਘ ਹੁੱਡਾ ਤੇ ਹੋਰ ਸਟਾਫ ਸਣੇ ਦਸ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਛਾਪੇ ਸ਼ਨਿੱਚਰਵਾਰ ਦੇਰ ਰਾਤ ਮਾਰੇ ਗਏ ਸਨ। ਪੁਲੀਸ ਨੇ ਕਿਹਾ ਕਿ ਪੁੱਛਗਿੱਛ ਦੌਰਾਨ ਮੁਲਜ਼ਮਾਂ ਨੇ ਮੰਨਿਆ ਕਿ ਉਹ ਪ੍ਰਤੀ ਮਾਰਕਸ਼ੀਟ 50 ਹਜ਼ਾਰ ਤੋਂ 4 ਲੱਖ ਰੁਪਏ ਲੈਂਦੇ ਸਨ। ਪੁਲੀਸ ਨੇ ਪਿਲਖੁਵਾ ਵਿਚ ਮੋਨਾਡ ਯੂਨੀਵਰਸਿਟੀ ਵਿਚ ਸ਼ਨਿੱਚਰਵਾਰ ਰਾਤ ਨੂੰ ਮਾਰੇ ਛਾਪੇ ਦੌਰਾਨ ਅਹਿਮ ਦਸਤਾਵੇਜ਼, ਕੰਪਿਊਟਰ ਤੇ ਹੋਰ ਵਸਤਾਂ ਕਬਜ਼ੇ ਵਿਚ ਲਈਆਂ ਹਨ। ਪੁਲੀਸ ਨੇ ਭਾਰਤੀ ਨਿਆਂਏ ਸੰਹਿਤਾ ਦੀਆਂ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਮੁਲਜ਼ਮਾਂ ਨੂੰ ਕੋਰਟ ਵਿਚ ਪੇਸ਼ ਕੀਤਾ ਗਿਆ, ਜਿੱਥੋਂ ਉਨ੍ਹਾਂ ਨੂੰ ਜੇਲ੍ਹ ਭੇਜ ਦਿੱਤਾ ਹੈ। -ਪੀਟੀਆਈ