Unnao rape case: ਉਨਾਓ ਜਬਰ-ਜਨਾਹ ਕੇਸ: ਦਿੱਲੀ ਹਾਈ ਕੋਰਟ ਵੱਲੋਂ ਕੁਲਦੀਪ ਸਿੰਘ ਸੇਂਗਰ ਨੂੰ ਅੰਤਰਿਮ ਜ਼ਮਾਨਤ
ਮੋਤੀਆ ਬਿੰਦ ਦਾ ਅਪਰੇਸ਼ਨ ਕਰਵਾਉਣ ਲਈ ਮਿਲੀ ਜ਼ਮਾਨਤ
ਨਵੀਂ ਦਿੱਲੀ, 22 ਜਨਵਰੀ
ਦਿੱਲੀ ਹਾਈ ਕੋਰਟ ਨੇ 2017 ਦੇ ਉਨਾਓ ਜਬਰ ਜਨਾਹ ਮਾਮਲੇ ਵਿੱਚ ਮੈਡੀਕਲ ਆਧਾਰ ’ਤੇ ਭਾਜਪਾ ਆਗੂ ਕੁਲਦੀਪ ਸਿੰਘ ਸੇਂਗਰ ਨੂੰ ਅੰਤਰਿਮ ਜ਼ਮਾਨਤ ਦੇ ਦਿੱਤੀ ਹੈ। ਜਸਟਿਸ ਨਵੀਨ ਚਾਵਲਾ ਅਤੇ ਹਰੀਸ਼ ਵੈਦਿਆਨਾਥਨ ਸ਼ੰਕਰ ਦੇ ਬੈਂਚ ਨੇ ਕਿਹਾ ਕਿ ਇਸ ਮਾਮਲੇ ਵਿਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਸੇਂਗਰ ਨੂੰ ਮੋਤੀਆਬਿੰਦ ਦਾ ਅਪਰੇਸ਼ਨ ਕਰਵਾਉਣ ਲਈ 23 ਜਨਵਰੀ ਨੂੰ ਰਿਹਾਅ ਕੀਤਾ ਜਾਵੇਗਾ। ਬੈਂਚ ਨੇ ਉਸ ਨੂੰ ਹਸਪਤਾਲ ਤੋਂ ਛੁੱਟੀ ਮਿਲਣ ਤੋਂ ਬਾਅਦ 27 ਜਨਵਰੀ ਤੋਂ ਪਹਿਲਾਂ ਆਤਮ ਸਮਰਪਣ ਕਰਨ ਦਾ ਨਿਰਦੇਸ਼ ਦਿੱਤਾ।
ਇਹ ਵੀ ਸਪੱਸ਼ਟ ਕੀਤਾ ਕਿ ਜੇਕਰ 24 ਜਨਵਰੀ ਨੂੰ ਸਰਜਰੀ ਨਹੀਂ ਹੋਈ ਤਾਂ ਸੇਂਗਰ ਨੂੰ ਉਸੇ ਸ਼ਾਮ ਆਤਮ ਸਮਰਪਣ ਕਰ ਦੇਣਾ ਚਾਹੀਦਾ ਹੈ।
ਅਦਾਲਤ ਨੇ ਕਿਹਾ ਕਿ ਉਹ ਅਪੀਲਕਰਤਾ ਦੀ ਸਜ਼ਾ ਨੂੰ ਮੁਅੱਤਲ ਕਰਦੇ ਹਨ.. ਉਹ ਹਸਪਤਾਲ ਤੋਂ ਛੁੱਟੀ ਮਿਲਣ ਮਗਰੋਂ 27 ਜਨਵਰੀ, ਦੁਪਹਿਰ 12 ਵਜੇ ਤੱਕ ਜੇਲ ਸੁਪਰਡੈਂਟ ਕੋਲ ਸਮਰਪਣ ਕਰੇ। ਸੇਂਗਰ ਨੂੰ ਦਿੱਲੀ ਦੀ ਤੀਸ ਹਜ਼ਾਰੀ ਅਦਾਲਤ ਨੇ 20 ਦਸੰਬਰ 2019 ਨੂੰ ਦੋਸ਼ੀ ਪਾਉਂਦਿਆਂ ਉਮਰ ਕੈਦ ਦੀ ਸਜ਼ਾ ਸੁਣਾਈ। ਉਹ ਵਿਧਾਨ ਸਭਾ ਦੀ ਮੈਂਬਰਸ਼ਿਪ ਵੀ ਗੁਆ ਬੈਠਾ ਹੈ। ਇਸ ਤੋਂ ਪਹਿਲਾਂ ਵੀ ਸੇਂਗਰ ਨੂੰ ਕਈ ਵਾਰ ਅਦਾਲਤ ਵਲੋਂ ਅੰਤਰਿਮ ਜ਼ਮਾਨਤ ਦਿੱਤੀ ਗਈ ਹੈ। ਇਸ ਕੇਸ ਕਾਰਨ ਲੋਕਾਂ ਦਾ ਗੁੱਸਾ ਅੱਜ ਵੀ ਬਰਕਰਾਰ ਹੈ।