ਵਿਦਿਆਰਥੀ ਸੰਘਰਸ਼ ਅੱਗੇ ਪੰਜਾਬ ਯੂਨੀਵਰਸਿਟੀ ਪ੍ਰਸ਼ਾਸਨ ਨੂੰ ਆਖ਼ਰਕਾਰ ਝੁਕਣਾ ਪਿਆ ਅਤੇ ਵਿਦਿਆਰਥੀਆਂ ਨੂੰ ਆਪਣੇ ਹੱਕਾਂ ਲਈ ਸੰਘਰਸ਼ ਕਰਨ ਤੋਂ ਰੋਕਣ ਵਾਲਾ ਹਲਫ਼ਨਾਮਾ ਲੈਣ ਦਾ ਫ਼ੈਸਲਾ ਅੱਜ ਦੇਰ ਸ਼ਾਮ ਵਾਪਸ ਲੈ ਲਿਆ ਗਿਆ। ਵਾਈਸ ਚਾਂਸਲਰ ਦਫ਼ਤਰ ਅੱਗੇ ‘ਐਂਟੀ ਐਫੀਡੈਵਿਟ ਫਰੰਟ’ ਦੇ ਅਣਮਿਥੇ ਸਮੇਂ ਲਈ ਚੱਲ ਰਹੇ ਧਰਨੇ ਵਿੱਚ ਡੀਨ ਵਿਦਿਆਰਥੀ ਭਲਾਈ (ਮੁੰਡੇ) ਪ੍ਰੋ. ਅਮਿਤ ਚੌਹਾਨ, ਡੀਨ ਵਿਦਿਆਰਥੀ ਭਲਾਈ (ਕੁੜੀਆਂ) ਪ੍ਰੋ. ਨਮਿਤਾ ਗੁਪਤਾ ਤੇ ਐਸੋਸੀਏਟ ਡੀਨ ਨੇ ਪਹੁੰਚ ਕੇ ਫੈਸਲਾ ਵਾਪਸ ਲੈਣ ਬਾਰੇ ਐਲਾਨ ਕੀਤਾ ਤੇ ਵਿਦਿਆਰਥੀਆਂ ਨੂੰ ਫ਼ੈਸਲੇ ਦੀ ਲਿਖਤੀ ਕਾਪੀ ਸੌਂਪੀ।
ਯੂਨੀਵਰਸਿਟੀ ਅਥਾਰਿਟੀ ਵੱਲੋਂ ਲਿਖਤੀ ਫ਼ੈਸਲਾ ਦਿੱਤੇ ਜਾਣ ਮਗਰੋਂ ‘ਐਂਟੀ ਐਫੀਡੈਵਿਟ ਫਰੰਟ’ ਨੇ ਧਰਨਾ ਖਤਮ ਕਰ ਦਿੱਤਾ ਤੇ ਇਸ ਨੂੰ ਵਿਦਿਆਰਥੀ ਸੰਘਰਸ਼ ਦੀ ਜਿੱਤ ਦੱਸਦਿਆਂ ਨਾਅਰੇ ਲਾ ਕੇ ਆਪਣੀ ਜਿੱਤ ਦੀ ਖੁਸ਼ੀ ਦਾ ਪ੍ਰਗਟਾਵਾ ਕੀਤਾ। ਇਸ ਦੌਰਾਨ ਐਫੀਡੈਵਿਟ ਦੇ ਮੁੱਦੇ ਨੂੰ ਲੈ ਕੇ ਵਿਦਿਆਰਥੀ ਕੌਂਸਲ ਦੇ ਸਕੱਤਰ ਅਭਿਸ਼ੇਕ ਡਾਗਰ ਵੱਲੋਂ ਪਿਛਲੇ ਸੱਤ ਦਿਨਾਂ ਤੋਂ ਸ਼ੁਰੂ ਕੀਤੀ ਭੁੱਖ ਹੜਤਾਲ ਵੀ ਖ਼ਤਮ ਕਰ ਦਿੱਤੀ ਗਈ।
ਵਿਦਿਆਰਥੀ ਆਗੂਆਂ ਵਿੱਚ ਮੀਤ ਪ੍ਰਧਾਨ ਅਸ਼ਮੀਤ ਸਿੰਘ, ਸਕੱਤਰ ਅਭਿਸ਼ੇਕ ਡਾਗਰ, ਹਾਈ ਕੋਰਟ ਵਿੱਚ ਐਫੀਡੈਵਿਟ ਖਿਲਾਫ਼ ਪਟੀਸ਼ਨ ਦਾਇਰ ਕਰਨ ਵਾਲੇ ਵਿਦਿਆਰਥੀ ਅਰਚਿਤ ਗਰਗ ਨੇ ਦੱਸਿਆ ਕਿ ਅਥਾਰਿਟੀ ਨੇ ਲਿਖਤੀ ਫ਼ੈਸਲੇ ਵਿੱਚ ਮੰਨਿਆ ਹੈ ਕਿ ਪੂਰੇ ਦਾ ਪੂਰਾ ਐਫੀਡੈਵਿਟ ਤੁਰੰਤ ਪ੍ਰਭਾਵ ਨਾਲ਼ ਵਾਪਸ ਲੈ ਲਿਆ ਗਿਆ ਹੈ ਤੇ ਪਟੀਸ਼ਨਰ ਨੂੰ ਹਾਈ ਕੋਰਟ ਤੋਂ ਆਪਣਾ ਕੇਸ ਵਾਪਸ ਲੈਣਾ ਪਵੇਗਾ। ਇਸ ’ਤੇ ਪਟੀਸ਼ਨਰ ਨੇ ਵੀ ਸਹਿਮਤੀ ਪ੍ਰਗਟ ਕੀਤੀ।
ਸੈਨੇਟ ਬਹਾਲੀ ਵਾਸਤੇ ਸੰਘਰਸ਼ ਜਾਰੀ
ਐਫੀਡੈਵਿਟ ਸਬੰਧੀ ਜਿੱਤ ਮਗਰੋਂ ਵਿਦਿਆਰਥੀਆਂ ਨੇ ਕੇਂਦਰ ਸਰਕਾਰ ਵੱਲੋਂ ਪੀ ਯੂ ਦੀ ਸੈਨੇਟ ਸਬੰਧੀ ਜਾਰੀ ਕੀਤੇ ਗਏ ਨੋਟੀਫਿਕੇਸ਼ਨ ਖਿਲਾਫ਼ ਧਰਨਾ ਜਾਰੀ ਰੱਖਣ ਦਾ ਐਲਾਨ ਕਰ ਦਿੱਤਾ ਹੈ। ਵਿਦਿਆਰਥੀ ਆਗੂ ਜੋਬਨ ਨੇ ਦੱਸਿਆ ਕਿ ਇਸ ਬਾਰੇ ‘ਪੰਜਾਬ ਯੂਨੀਵਰਸਿਟੀ ਬਚਾਓ ਮੋਰਚਾ’ ਬਣਾ ਦਿੱਤਾ ਗਿਆ ਹੈ ਜੋ ਕਿ ਆਉਣ ਵਾਲੇ ਸੰਘਰਸ਼ਾਂ ਦੀ ਰੂਪਰੇਖਾ ਤੈਅ ਕਰੇਗਾ।

