ਕੇਂਦਰੀ ਪਸ਼ੂ ਪਾਲਣ ਮੰਤਰੀ ਵਲੋਂ ਧਰਮਕੋਟ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ
ਹੜ੍ਹਾਂ ਦੀ ਰੋਕਥਾਮ ਲਈ ਸੂਬਾ ਸਰਕਾਰ ਅਸਫਲ ਸਿੱਧ ਹੋਈ: ਬਘੇਲ
Advertisement
ਕੇਂਦਰੀ ਪਸ਼ੂ ਪਾਲਣ ਅਤੇ ਪੰਚਾਇਤ ਰਾਜ ਮੰਤਰੀ ਐੱਸਪੀ ਸਿੰਘ ਬਘੇਲ ਹੜ੍ਹ ਪ੍ਰਭਾਵਿਤ ਪਿੰਡਾਂ ਵਿੱਚ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਲਈ ਦੋ ਦਿਨਾਂ ਦੌਰੇ ’ਤੇ ਪੰਜਾਬ ਪੁੱਜੇ ਹਨ। ਕੇਂਦਰੀ ਮੰਤਰੀ ਨੇ ਸਤਲੁਜ ਦਰਿਆ ਕਿਨਾਰੇ ਹੜ੍ਹ ਪ੍ਰਭਾਵਿਤ ਅੱਧੀ ਦਰਜਨ ਪਿੰਡਾਂ ਦਾ ਦੌਰਾ ਕੀਤਾ ਅਤੇ ਹੋਏ ਨੁਕਸਾਨ ਦਾ ਜਾਇਜ਼ਾ ਲਿਆ। ਇਸ ਮੌਕੇ ਉਨ੍ਹਾਂ ਨਾਲ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸਾਬਕਾ ਵਿਧਾਇਕ ਡਾਕਟਰ ਹਰਜੋਤ ਕਮਲ ਮੋਗਾ, ਭਾਜਪਾ ਦੇ ਸੀਨੀਅਰ ਆਗੂ ਸਾਬਕਾ ਐੱਸਪੀ ਮੁਖਤਿਆਰ ਸਿੰਘ, ਧਰਮਕੋਟ ਮੰਡਲ ਦੇ ਪ੍ਰਧਾਨ ਸ਼ਮਸ਼ੇਰ ਸਿੰਘ ਕੈਲਾ, ਫ਼ਤਹਿਗੜ੍ਹ ਪੰਜਤੂਰ ਮੰਡਲ ਦੇ ਪ੍ਰਧਾਨ ਸੁਖਵਿੰਦਰ ਸਿੰਘ ਭਿੰਦਾ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਭਾਰਤੀ ਜਨਤਾ ਪਾਰਟੀ ਦੇ ਆਗੂ ਅਤੇ ਵਰਕਰ ਹਾਜ਼ਰ ਸਨ।
ਕੇਂਦਰੀ ਮੰਤਰੀ ਨੇ ਆਪਣਾ ਦੌਰਾ ਪਿੰਡ ਬੋਗੇਵਾਲਾ ਤੋਂ ਸ਼ੁਰੂ ਕੀਤਾ ਅਤੇ ਉਹ ਦਰਿਆਂ ਦੇ ਬਿਲਕੁਲ ਨਜ਼ਦੀਕ ਪਿੰਡ ਸੰਘੇੜਾ,ਕੰਬੋ ਖੁਰਦ,ਭੈਣੀ, ਸ਼ੇਰਪੁਰ ਤਾਇਬਾ,ਸ਼ੇਰੇਵਾਲਾ ਚੱਕ ਤਾਰੇਵਾਲਾ ਅਤੇਗੱਟੀ ਜੱਟਾਂ ਜਾਕੇ ਪ੍ਰਭਾਵਿਤ ਲੋਕਾਂ ਨਾਲ ਮੁਲਾਕਾਤ ਕੀਤੀ। ਇਸ ਮੌਕੇ ਉਨ੍ਹਾਂ ਹੋਏ ਨੁਕਸਾਨ ਦਾ ਜਾਇਜ਼ਾ ਲੈਂਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਨੂੰ ਪਹਿਲਾਂ ਹੀ ਰਾਹਤ ਕਾਰਜਾਂ ਲਈ ਰਾਸ਼ੀ ਜਾਰੀ ਕਰ ਦਿੱਤੀ ਗਈ ਹੈ ਅਤੇ ਜਾਇਜ਼ਾ ਰਿਪੋਰਟ ਮਿਲਣ ਤੋਂ ਬਾਅਦ ਪ੍ਰਭਾਵਿਤ ਲੋਕਾਂ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ।
ਇਸ ਮੌਕੇ ਬਘੇਲ ਨੇ ਕਿਹਾ ਕਿ ਸੂਬਾ ਸਰਕਾਰ ਦੇ ਹੜ੍ਹ ਰੋਕੂ ਅਗਾਊ ਪ੍ਰਬੰਧ ਪੂਰੀ ਤਰ੍ਹਾਂ ਫੇਲ੍ਹ ਸਾਬਤ ਹੋਏ ਹਨ, ਜੇ ਹਰਿਆਣਾ ਵਲੋਂ ਮੰਗਿਆ ਪਾਣੀ ਪਹਿਲਾਂ ਰਿਲੀਜ਼ ਕਰ ਦਿੱਤਾ ਜਾਂਦਾ ਤਾਂ ਅੱਜ ਪੰਜਾਬ ਦੇ ਹਾਲਾਤ ਹੋਰ ਹੁੰਦੇ। ਉਨ੍ਹਾਂ ਕਿਹਾ ਕਿ ਸੂਬੇ ਦੀ ਆਪ ਸਰਕਾਰ ਵਲੋਂ ਕੇਂਦਰ ਸਰਕਾਰ ਨਾਲ ਮਿਲਵਰਤਣ ਅਤੇ ਤਾਲਮੇਲ ਦੀ ਕਮੀ ਸਦਕਾ ਕੇਂਦਰੀ ਕਈ ਪ੍ਰੋਜੈਕਟਾਂ ਨੂੰ ਬਰੇਕ ਲੱਗੀ ਹੋਈ ਹੈ।
ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਫ਼ਸਲੀ ਬੀਮਾ ਯੋਜਨਾ ਨੂੰ ਲਾਗੂ ਨਾ ਕਰਨਾ ਵੀ ਵੱਡੀ ਨਿਲਾਇਕੀ ਹੈ। ਉਨ੍ਹਾਂ ਕਿਹਾ ਕਿ ਮੁਆਵਜ਼ਾ ਰਾਸ਼ੀ ਜ਼ਮੀਨਾਂ ਦੇ ਮਾਲਕ ਹੀ ਲੈਣ ਦੇ ਯੋਗ ਹਨ। ਦਰਿਆ ਦੀਆਂ ਸਰਕਾਰੀ ਜ਼ਮੀਨਾਂ ਦਾ ਮੁਆਵਜ਼ਾ ਨਹੀਂ ਦਿੱਤਾ ਜਾਵੇਗਾ। ਕੇਂਦਰੀ ਮੰਤਰੀ ਨੇ ਆਪ ਸਰਕਾਰ ਵਲੋਂ ਕੇਂਦਰ ਉੱਤੇ ਲਗਾਏ ਜਾਂਦੇ ਵਿਤਕਰੇ ਦੇ ਦੋਸ਼ਾਂ ਨੂੰ ਪੂਰੀ ਤਰ੍ਹਾਂ ਰੱਦ ਕਰਦਿਆਂ ਕਿਹਾ ਕਿ ਆਪ ਸਰਕਾਰ ਦਾ ਰਵੱਈਆ ਸ਼ੁਰੂ ਤੋਂ ਹੀ ਹੈਂਕੜਬਾਜ਼ੀ ਵਾਲਾ ਰਿਹਾ ਹੈ।
Advertisement
×