ਉਲਫ਼ਾ (ਆਈ) ਵੱਲੋਂ ਆਪਣੇ ਕੈਂਪਾਂ ’ਤੇ ਡਰੋਨ ਹਮਲਿਆਂ ਦਾ ਦਾਅਵਾ
ਗੁਹਾਟੀ, 13 ਜੁਲਾਈ
ਪਾਬੰਦੀਸ਼ੁਦਾ ਜਥੇਬੰਦੀ ਉਲਫ਼ਾ (ਆਈ) ਨੇ ਮਿਆਂਮਾਰ ਸਰਹੱਦ ਨੇੜੇ ਬਣੇ ਆਪਣੇ ਕੈਂਪਾਂ ’ਤੇ ਭਾਰਤੀ ਫੌਜ ਵੱਲੋਂ ਡਰੋਨ ਅਤੇ ਮਿਜ਼ਾਈਲ ਹਮਲੇ ਕੀਤੇ ਜਾਣ ਦਾ ਦਾਅਵਾ ਕੀਤਾ ਹੈ। ਉਨ੍ਹਾਂ ਹਮਲਿਆਂ ’ਚ ਆਪਣੇ ਤਿੰਨ ਆਗੂ ਮਾਰੇ ਜਾਣ ਅਤੇ 19 ਮੈਂਬਰ ਜ਼ਖ਼ਮੀ ਹੋਣ ਦਾ ਵੀ ਦਾਅਵਾ ਕੀਤਾ ਹੈ। ਉਂਝ ਭਾਰਤੀ ਫੌਜ ਨੇ ਅਜਿਹੇ ਕਿਸੇ ਹਮਲੇ ਦੀ ਜਾਣਕਾਰੀ ਹੋਣ ਤੋਂ ਇਨਕਾਰ ਕੀਤਾ ਹੈ। ਉਲਫ਼ਾ (ਆਈ) ਨੇ ਇਕ ਪ੍ਰੈੱਸ ਬਿਆਨ ’ਚ ਕਿਹਾ ਕਿ ਉਨ੍ਹਾਂ ਦੇ ਕਈ ਮੋਬਾਈਲ ਕੈਂਪਾਂ ’ਤੇ ਡਰੋਨਾਂ ਨਾਲ ਐਤਵਾਰ ਤੜਕੇ ਹਮਲੇ ਕੀਤੇ ਗਏ। ਜਥੇਬੰਦੀ ਨੇ ਦਾਅਵਾ ਕੀਤਾ ਕਿ ਹਮਲਿਆਂ ’ਚ ਨਯਾਨ ਅਸਮ ਉਰਫ਼ ਨਯਾਨ ਮੇੜ੍ਹੀ, ਜੋ ਹੇਠਲੀ ਪ੍ਰੀਸ਼ਦ ਦਾ ਚੇਅਰਮੈਨ ਸੀ, ਮਾਰਿਆ ਗਿਆ ਜਦਕਿ 19 ਹੋਰ ਜਣੇ ਜ਼ਖ਼ਮੀ ਹੋ ਗਏ। ਜਦੋਂ ਰੱਖਿਆ ਤਰਜਮਾਨ ਨਾਲ ਸੰਪਰਕ ਕੀਤਾ ਗਿਆ ਤਾਂ ਉਸ ਨੇ ਖ਼ਬਰ ਏਜੰਸੀ ਨੂੰ ਦੱਸਿਆ ਕਿ ਉਨ੍ਹਾਂ ਨੂੰ ਅਜਿਹੀ ਕਿਸੇ ਘਟਨਾ ਦੀ ਕੋਈ ਜਾਣਕਾਰੀ ਨਹੀਂ ਹੈ। ਲੈਫ਼ਟੀਨੈਂਟ ਕਰਨਲ ਮਹੇਂਦਰ ਰਾਵਤ ਨੇ ਕਿਹਾ ਕਿ ਅਜਿਹੇ ਕਿਸੇ ਅਪਰੇਸ਼ਨ ਦੀ ਭਾਰਤੀ ਫੌਜ ਕੋਲ ਕੋਈ ਜਾਣਕਾਰੀ ਨਹੀਂ ਹੈ। ਉਲਫ਼ਾ (ਆਈ) ਨੇ ਇਕ ਹੋਰ ਬਿਆਨ ’ਚ ਦਾਅਵਾ ਕੀਤਾ ਕਿ ਜਦੋਂ ਉਨ੍ਹਾਂ ਦੇ ਆਗੂ ਦੀਆਂ ਅੰਤਿਮ ਰਸਮਾਂ ਨਿਭਾਈਆਂ ਜਾ ਰਹੀਆਂ ਸਨ ਤਾਂ ਕੈਂਪ ’ਤੇ ਮਿਜ਼ਾਈਲਾਂ ਦਾਗ਼ੀਆਂ ਗਈਆਂ। ਜਥੇਬੰਦੀ ਨੇ ਕਿਹਾ ਕਿ ਇਸ ਹਮਲੇ ’ਚ ਦੋ ਹੋਰ ਸੀਨੀਅਰ ਆਗੂ ‘ਬ੍ਰਿਗੇਡੀਅਰ’ ਗਣੇਸ਼ ਅਸਮ ਅਤੇ ‘ਕਰਨਲ’ ਪ੍ਰਦੀਪ ਅਸਮ ਮਾਰੇ ਗਏ। -ਪੀਟੀਆਈ