ਯੂਕਰੇਨ ਦੇ ਲੰਮੀ ਦੂਰੀ ਤੱਕ ਮਾਰ ਕਰਨ ਵਾਲੇ ਡਰੋਨਾਂ ਨੇ ਰੂਸ ਅੰਦਰ ਤਕਰੀਬਨ 1300 ਕਿਲੋਮੀਟਰ ਦੂਰ ਸਨਅਤੀ ਪਲਾਂਟ ’ਤੇ ਹਮਲਾ ਕੀਤਾ ਜਦਕਿ ਯੂਕਰੇਨ ਦੀ ਸੈਨਾ ਪੂਰਬੀ ਦੋਨੇਤਸਕ ਖਿੱਤੇ ਦੇ ਸ਼ਹਿਰ ਪੋਰਕੋਵਸਕ ’ਤੇ ਰੂਸੀ ਹਮਲੇ ਰੋਕਣ ਲਈ ਭਿਆਨਕ ਜੰਗ ’ਚ ਉਲਝੀ ਹੋਈ ਹੈ।
ਖੇਤਰੀ ਗਵਰਨਰ ਰਾਡੀਆ ਹਬੀਰੋਵ ਨੇ ਦੱਸਿਆ ਕਿ ਦੋਵਾਂ ਡਰੋਨਾਂ ਨੇ ਰੂਸ ਦੇ ਬਸ਼ਕੋਰਤੋਸਤਾਨ ਖਿੱਤੇ ਦੇ ਸ਼ਹਿਰ ਸਟ੍ਰਲੀਟਾਮਾਕ ’ਚ ਸਨਅਤੀ ਕੇਂਦਰ ਨੂੰ ਨਿਸ਼ਾਨਾ ਬਣਾਇਆ। ਦੋਵੇਂ ਡਰੋਨ ਹੇਠਾਂ ਸੁੱਟ ਲਏ ਗਏ ਹਨ। ਹਮਲੇ ’ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਤੇ ਇਹ ਸਨਅਤੀ ਕੇਂਦਰ ਆਮ ਵਾਂਗ ਕੰਮ ਕਰ ਰਿਹਾ ਹੈ। ਇਸੇ ਦਰਮਿਆਨ ਨਗਰ ਪ੍ਰਸ਼ਾਸਨ ਨੇ ਦੱਸਿਆ ਕਿ ਸਟ੍ਰਲੀਟਾਮਾਕ ਪੈਟਰੋਕੈਮੀਕਲ ਪਲਾਂਟ ’ਚ ਹੋਏ ਧਮਾਕੇ ਕਾਰਨ ਪਲਾਂਟ ਦੀ ਜਲ ਸੋਧਕ ਇਕਾਈ ਅੰਸ਼ਕ ਤੌਰ ’ਤੇ ਨੁਕਸਾਨੀ ਗਈ ਹੈ।
ਯੂਕਰੇਨ ਦੇ ਘਰੇਲੂ ਪੱਧਰ ’ਤੇ ਬਣਾਏ ਡਰੋਨਾਂ ਨਾਲ ਕੀਤੇ ਹਮਲੇ ਕਾਰਨ ਮਾਸਕੋ ਨੂੰ ਨਮੋਸ਼ੀ ਝੱਲਣੀ ਪਈ ਹੈ ਕਿਉਂਕਿ ਅਧਿਕਾਰੀ ਕਿਸੇ ਵੀ ਨੁਕਸਾਨ ਬਾਰੇ ਖੁੱਲ੍ਹ ਕੇ ਗੱਲ ਨਹੀਂ ਕਰ ਰਹੇ ਤੇ ਰੂਸੀਆਂ ’ਚ ਘਬਰਾਹਟ ਹੈ।

