ਯੂਕਰੇਨ ਦੀ ਸੁਰੱਖਿਆ ਏਜੰਸੀ ਵੱਲੋਂ ਦੋ ਰੂਸੀ ਏਜੰਟਾਂ ਨੂੰ ਮਾਰਨ ਦਾ ਦਾਅਵਾ
ਕੀਵ, 13 ਜੁਲਾਈ
ਯੂਕਰੇਨ ਦੀ ਸੁਰੱਖਿਆ ਏਜੰਸੀ ਨੇ ਅੱਜ ਕਿਹਾ ਕਿ ਉਸ ਨੇ ਰਾਜਧਾਨੀ ਕੀਵ ਵਿੱਚ ਉਸ ਦੇ ਇਕ ਸੀਨੀਅਰ ਅਧਿਕਾਰੀ ਦੀ ਗੋਲੀ ਮਾਰ ਕੇ ਹੱਤਿਆ ਕਰਨ ਦੇ ਮਾਮਲੇ ਵਿੱਚ ਸ਼ੱਕੀ ਦੋ ਰੂਸੀ ਏਜੰਟਾਂ ਦਾ ਪਤਾ ਲਗਾ ਕੇ ਉਨ੍ਹਾਂ ਨੂੰ ਮਾਰ ਦਿੱਤਾ ਹੈ। ਯੂਕਰੇਨ ਦੀ ਸੁਰੱਖਿਆ ਸੇਵਾ ਜਾਂ ਐੱਸਬੀਯੂ ਨੇ ਇਕ ਬਿਆਨ ਵਿੱਚ ਕਿਹਾ ਕਿ ਗ੍ਰਿਫ਼ਤਾਰੀ ਤੋਂ ਬਚਣ ਦੀ ਕੋਸ਼ਿਸ਼ ਕਰਨ ’ਤੇ ਸ਼ੱਕੀ ਰੂਸੀ ਏਜੰਟਾਂ ਨੂੰ ਕੀਵ ਵਿੱਚ ਮਾਰ ਦਿੱਤਾ ਗਿਆ ਹੈ। ਏਜੰਸੀ ਵੱਲੋਂ ਜਾਰੀ ਇਕ ਵੀਡੀਓ ਵਿੱਚ ਦੋ ਲਾਸ਼ਾਂ ਜ਼ਮੀਨ ’ਤੇ ਪਈਆਂ ਦਿਖ ਰਹੀਆਂ ਹਨ। ਏਜੰਸੀ ਨੇ ਪਹਿਲਾਂ ਕਿਹਾ ਸੀ ਕਿ ਇਕ ਪੁਰਸ਼ ਤੇ ਇਕ ਮਹਿਲਾ ’ਤੇ ਸੁਰੱਖਿਆ ਏਜੰਸੀ ਦੇ ਕਰਨਲ ਇਵਾਨ ਵੋਰੋਨਿਚ ਦੀ ਵੀਰਵਾਰ ਨੂੰ ਹੋਈ ਹੱਤਿਆ ’ਚ ਸ਼ਾਮਲ ਹੋਣ ਦਾ ਸ਼ੱਕ ਹੈ। ਇਵਾਨ ਦੀ ਹੱਤਿਆ ਦੀ ਘਟਨਾ ਇਕ ਨਿਗਰਾਨੀ ਕੈਮਰੇ ਵਿੱਚ ਕੈਦ ਹੋ ਗਈ ਸੀ। ਮੀਡੀਆ ਵਿੱਚ ਆਈਆਂ ਖ਼ਬਰਾਂ ’ਚ ਦਾਅਵਾ ਕੀਤਾ ਗਿਆ ਹੈ ਕਿ ਵੋਰੋਨਿਚ ਰੂਸ ਦੇ ਕੰਟਰੋਲ ਵਾਲੇ ਯੂਕਰੇਨੀ ਖੇਤਰਾਂ ’ਚ ਗੁਪਤ ਮੁਹਿੰਮਾਂ ’ਚ ਸ਼ਾਮਲ ਸਨ ਅਤੇ ਉਨ੍ਹਾਂ ਨੇ ਪਿਛਲੇ ਸਾਲ ਰੂਸ ਦੇ ਕੁਰਸਕ ਖੇਤਰ ਵਿੱਚ ਯੂਕਰੇਨ ਵੱਲੋਂ ਅਚਾਨਕ ਕੀਤੇ ਗਏ ਖ਼ਤਰਨਾਕ ਹਮਲੇ ਨੂੰ ਅੰਜਾਮ ਦੇਣ ਵਿੱਚ ਕਥਿਤ ਤੌਰ ’ਤੇ ਮਦਦ ਕੀਤੀ ਸੀ। ਯੂਕਰੇਨ ਵਿੱਚ ਸੈਂਕੜੇ ਧਮਾਕਾਖੇਜ਼ ਡਰੋਨਾਂ ਨਾਲ ਹੋਏ ਹਮਲਿਆਂ ਦੀ ਲੜੀ ਤੋਂ ਬਾਅਦ ਯੂਕਰੇਨ ਦੀ ਹਵਾਈ ਫੌਜ ਨੇ ਕਿਹਾ ਕਿ ਰੂਸ ਨੇ ਰਾਤ ਭਰ ਵਿੱਚ 60 ਡਰੋਨ ਦਾਗੇ, ਜਿਨ੍ਹਾਂ ਵਿੱਚੋਂ 20 ਨੂੰ ਡੇਗ ਦਿੱਤਾ ਗਿਆ। -ਏਪੀ