DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਯੂਕਰੇਨ ਸੰਘਰਸ਼ ‘ਮੋਦੀ ਦੀ ਜੰਗ’ ਹੈ: ਨਵਾਰੋ

ਵ੍ਹਾੲੀਟ ਹਾੳੂਸ ਦੇ ਵਪਾਰਕ ਸਲਾਹਕਾਰ ਨੇ ਲਗਾਇਆ ਦੋਸ਼;
  • fb
  • twitter
  • whatsapp
  • whatsapp
Advertisement

ਅਮਰੀਕਾ ਦੇ ਰਾਸ਼ਟਰਪਤੀ ਦੀ ਰਿਹਾਇਸ਼ ਤੇ ਦਫ਼ਤਰ ਵ੍ਹਾਈਟ ਹਾਊਸ ਦੇ ਵਪਾਰਕ ਸਲਾਹਕਾਰ ਪੀਟਰ ਨਵਾਰੋ ਨੇ ਦੋਸ਼ ਲਗਾਇਆ ਹੈ ਕਿ ਯੂਕਰੇਨ ਸੰਘਰਸ਼ ‘ਮੋਦੀ ਦੀ ਜੰਗ’ ਹੈ ਅਤੇ ‘ਸ਼ਾਂਤੀ ਦਾ ਮਾਰਗ’ ਹੈ ਤੇ ਇਹ ਨਵੀਂ ਦਿੱਲੀ ਤੋਂ ਹੋ ਕੇ ਲੰਘਦਾ ਹੈ। ਰਾਸ਼ਟਰਪਤੀ ਡੋਨਲਡ ਟਰੰਪ ਦੇ ਵਪਾਰ ਅਤੇ ਉਤਪਾਦਨ ਮਾਮਲਿਆਂ ਦੇ ਸੀਨੀਅਰ ਸਲਾਹਕਾਰ ਨਵਾਰੋ ਨੇ ਅੱਜ‘ਬਲੂਮਬਰਗ’ ਨੂੰ ਦਿੱਤੀ ਇੰਟਰਵਿਊ ਵਿੱਚ ਦਾਅਵਾ ਕੀਤਾ ਕਿ ‘ਭਾਰਤ, ਰੂਸ ਦੀ ਜੰਗੀ ਮਸ਼ੀਨਰੀ ਨੂੰ ਮਦਦ ਪਹੁੰਚ ਰਿਹਾ ਹੈ। ਭਾਰਤ ਜੋ ਕਰ ਰਿਹਾ ਹੈ, ਉਸ ਦਾ ਖ਼ਮਿਆਜ਼ਾ ਅਮਰੀਕਾ ਵਿੱਚ ਹਰ ਕੋਈ ਭੁਗਤ ਰਿਹਾ ਹੈ। ਖ਼ਪਤਕਾਰ, ਕਾਰੋਬਾਰ ਅਤੇ ਹਰੇਕ ਚੀਜ਼ ਦਾ ਨੁਕਸਾਨ ਹੋ ਰਿਹਾ ਹੈ ਕਿਉਂਕਿ ਭਾਰਤ ਦੀਆਂ ਉੱਚੀਆਂ ਟੈਕਸ ਦਰਾਂ ਕਰ ਕੇ ਸਾਡੀਆਂ ਨੌਕਰੀਆਂ, ਕਾਰਖਾਨੇ, ਆਮਦਨ ਅਤੇ ਮਜ਼ਦੂਰੀ ਖੁੱਸ ਰਹੀ ਹੈ ਅਤੇ ਫਿਰ ਕਰਦਾਤਾਵਾਂ ਦਾ ਵੀ ਨੁਕਸਾਨ ਹੋ ਰਿਹਾ ਹੈ, ਕਿਉਂਕਿ ਸਾਨੂੰ ਮੋਦੀ ਦੀ ਜੰਗ ਦੀ ਫੰਡਿੰਗ ਕਰਨੀ ਹੈ।’’ ਜਦੋਂ ਉਨ੍ਹਾਂ ਕੋਲੋਂ ਪੁੱਛਿਆ ਗਿਆ ਕਿ ਕੀ ਉਨ੍ਹਾਂ ਦਾ ਮਤਲਬ ‘ਪੂਤਿਨ ਦੀ ਜੰਗ’ ਹੈ ਤਾਂ ਨਵਾਰੋ ਨੇ ਦੋਹਰਾਇਆ ਕਿ ਇਹ ‘ਮੋਦੀ ਦੀ ਜੰਗ’ ਹੈ। ਉਨ੍ਹਾਂ ਕਿਹਾ, ‘‘ਮੇਰਾ ਮਤਲਬ ਮੋਦੀ ਦੀ ਜੰਗ ਹੈ, ਕਿਉਂਕਿ ਸ਼ਾਂਤੀ ਦਾ ਰਸਤਾ ਨਵੀਂ ਦਿੱਲੀ ਤੋਂ ਹੋ ਕੇ ਜਾਂਦਾ ਹੈ।’’ ਟਰੰਪ ਨੇ ਰੂਸੀ ਤੇਲ ਦੀ ਖ਼ਰੀਦ ਲਈ ਭਾਰਤ ’ਤੇ 25 ਫੀਸਦ ਦਾ ਵਾਧੂ ਟੈਕਸ ਲਗਾਇਆ ਹੈ, ਜੋ ਬੁੱਧਵਾਰ ਤੋਂ ਲਾਗੂ ਹੋ ਗਿਆ। ਇਸ ਦੇ ਨਾਲ ਹੀ ਅਮਰੀਕਾ ਵੱਲੋਂ ਭਾਰਤ ’ਤੇ ਲਗਾਇਆ ਗਿਆ ਟੈਕਸ 50 ਫੀਸਦ ਹੋ ਗਿਆ ਹੈ।

ਨਵਾਰੋ ਨੇ ਦਾਅਵਾ ਕੀਤਾ ਕਿ ਭਾਰਤ ’ਤੇ ਲਗਾਏ ਗਏ 25 ਫੀਸਦ ਵਾਧੂ ਟੈਕਸ ਨੂੰ ਹਟਾਉਣਾ ‘ਬਹੁਤ ਆਸਾਨ’ ਹੈ ਅਤੇ ਇਸ ਵਾਸਤੇ ਨਵੀਂ ਦਿੱਲੀ ਨੂੰ ਰੂਸੀ ਤੇਲ ਖਰੀਦਣਾ ਬੰਦ ਕਰਨਾ ਹੋਵੇਗਾ। ਉਨ੍ਹਾਂ ਕਿਹਾ, ‘‘ਜੇਕਰ ਭਾਰਤ ਰੂਸੀ ਤੇਲ ਖਰੀਦਣਾ ਅਤੇ ਉਸ ਦੀ ਜੰਗੀ ਮਸ਼ੀਨਰੀ ਦੀ ਮਦਦ ਕਰਨਾ ਬੰਦ ਕਰ ਦੇਵੇ, ਤਾਂ ਉਸ ਨੂੰ ਭਲਕੇ ਹੀ 25 ਫੀਸਦ ਟੈਕਸ ਤੋਂ ਛੋਟ ਮਿਲ ਸਕਦੀ ਹੈ।’’

Advertisement

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ‘ਇਕ ਮਹਾਨ ਨੇਤਾ’ ਦੱਸਦੇ ਹੋਏ ਨਵਾਰੋ ਨੇ ਕਿਹਾ, ‘‘ਉਹ ਇਸ ਗੱਲ ਤੋਂ ਹੈਰਾਨ ਹਨ ਕਿ ਇਹ (ਭਾਰਤ) ਲੋਕਤੰਤਰ ਹੈ ਜਿਸ ਨੂੰ ਸਮਝਦਾਰ ਲੋਕ ਚਲਾ ਰਹੇ ਹਨ ਅਤੇ ਉਹ ਟੈਕਸ ਦੇ ਮਾਮਲੇ ਵਿੱਚ ਸਾਡੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਕਹਿੰਦੇ ਹਨ ਕਿ ਉਨ੍ਹਾਂ ਦੀਆਂ ਟੈਕਸ ਦਰਾਂ ਦੁਨੀਆ ਵਿੱਚ ਸਭ ਤੋਂ ਜ਼ਿਆਦਾ ਨਹੀਂ ਹਨ ਜਦਕਿ ਅਸਲ ਵਿੱਚ ਉਨ੍ਹਾਂ ਦੇ ਟੈਕਸ ਕਾਫੀ ਜ਼ਿਆਦਾ ਹਨ।’’

ਭਾਰਤ ’ਤੇ ਰੂਸੀ ਤੇਲ ਪ੍ਰੀਮੀਅਮ ਦਰਾਂ ’ਤੇ ਵੇਚਣ ਦੇ ਦੋਸ਼

ਵ੍ਹਾਈਟ ਹਾਊਸ ਦੇ ਵਪਾਰਕ ਸਲਾਹਕਾਰ ਪੀਟਰ ਨਵਾਰੋ ਨੇ ਦੋਸ਼ ਲਗਾਇਆ ਕਿ ਭਾਰਤ ਰੂਸੀ ਤੇਲ ਨੂੰ ਕਿਫਾਇਤੀ ਦਰਾਂ ’ਤੇ ਖਰੀਦਦਾ ਹੈ ਅਤੇ ਫਿਰ ਭਾਰਤੀ ਰਿਫਾਈਨਰੀਆਂ, ਰੂਸੀ ਰਿਫਾਈਨਰਾਂ ਦੇ ਨਾਲ ਭਾਈਵਾਲੀ ਕਰ ਕੇ ਇਸ ਨੂੰ ਬਾਕੀ ਦੁਨੀਆ ਨੂੰ ਪ੍ਰੀਮੀਅਮ ਦਰਾਂ ’ਤੇ ਵੇਚਿਆ ਜਾਂਦਾ ਹੈ। ਉਨ੍ਹਾਂ ਕਿਹਾ, ‘‘ਰੂਸ ਇਸ ਧਨ ਦਾ ਇਸਤੇਮਾਲ ਆਪਣੀ ਜੰਗੀ ਮਸ਼ੀਨਰੀ ਨੂੰ ਚਲਾਉਣ ਅਤੇ ਵਧੇਰੇ ਯੂਕਰੇਨੀਆਂ ਨੂੰ ਮਾਰਨ ਲਈ ਕਰਦਾ ਹੈ। ਫਿਰ ਅਗਲੀ ਗੱਲ ਜੋ ਹੁੰਦੀ ਹੈ, ਉਹ ਇਹ ਹੈ ਕਿ ਯੂਕਰੇਨ, ਅਮਰੀਕਾ ਤੇ ਯੂਰੋਪ ਕੋਲ ਆਉਂਦਾ ਹੈ ਅਤੇ ਕਹਿੰਦਾ ਹੈ ਉਨ੍ਹਾਂ ਨੂੰ ਹੋਰ ਪੈਸੇ ਦਿਓ।’’ ਨਵਾਰੋ ਨੇ ਕਿਹਾ ਕਿ ਭਾਰਤ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਹੈ ਅਤੇ ਇਸ ਨੂੰ ‘ਇਕ ਲੋਕਤੰਤਰ ਵਾਂਗ ਕੰਮ ਕਰਨਾ ਚਾਹੀਦਾ ਹੈ’ ਅਤੇ ‘ਤਾਨਾਸ਼ਾਹਾਂ’ ਦਾ ਪੱਖ ਨਹੀਂ ਪੂਰਨਾ ਚਾਹੀਦਾ।’’

ਅਮਰੀਕੀ ਟੈਰਿਫ ਕਾਰਨ ਸ਼ੇਅਰ ਬਾਜ਼ਾਰ ਡਿੱਗਿਆ

ਮੁੰਬਈ: ਅਮਰੀਕਾ ’ਚ ਭਾਰਤੀ ਉਤਪਾਦਾਂ ਦੀ ਦਰਾਮਦ ’ਤੇ ਵਾਧੂ 25 ਫੀਸਦ ਟੈਕਸ ਲਾਗੂ ਹੋਣ ਤੋਂ ਅਗਲੇ ਦਿਨ ਅੱਜ ਸਥਾਨਕ ਸ਼ੇਅਰ ਬਾਜ਼ਾਰਾਂ ’ਚ ਵੱਡੀ ਗਿਰਾਵਟ ਦੇਖਣ ਨੂੰ ਮਿਲੀ ਹੈ। ਸੈਂਸੈਕਸ ’ਚ 706 ਅੰਕ ਜਦਕਿ ਨਿਫਟੀ ’ਚ 211 ਅੰਕਾਂ ਦੀ ਗਿਰਾਵਟ ਦਰਜ ਕੀਤੀ ਗਈ। ਮਾਹਿਰਾਂ ਦਾ ਕਹਿਣਾ ਹੈ ਕਿ ਅਮਰੀਕੀ ਟੈਰਿਫ ’ਚ ਵਾਧੇ ਤੋਂ ਇਲਾਵਾ ਵਿਦੇਸ਼ੀ ਪੂੰਜੀ ਦੀ ਲਗਾਤਾਰ ਨਿਕਾਸੀ ਨੇ ਵੀ ਨਿਵੇਸ਼ਕਾਂ ਨੂੰ ਪ੍ਰਭਾਵਿਤ ਕੀਤਾ ਹੈ। ਬੰਬੇ ਸਟਾਕ ਐਕਸਚੇਂਜ (ਬੀ ਐੱਸ ਈ) ਦਾ 30 ਸ਼ੇਅਰਾਂ ਵਾਲਾ ਸੂਚਕ ਅੰਕ ਸੈਂਸੈਕਸ 705.97 ਅੰਕ ਜਾਂ 0.87 ਫੀਸਦ ਡਿੱਗ ਕੇ 80,080.57 ਅੰਕ ’ਤੇ ਬੰਦ ਹੋਇਆ। ਕਾਰੋਬਾਰ ਦੌਰਾਨ ਇੱਕ ਸਮੇਂ ਇਹ 773.52 ਅੰਕ ਡਿੱਗ ਕੇ 80,013.02 ਅੰਕ ’ਤੇ ਆ ਗਿਆ ਸੀ। ਇਸੇ ਤਰ੍ਹਾਂ ਨੈਸ਼ਨਲ ਸਟਾਕ ਐਕਸਚੇਂਜ ਦਾ 50 ਸ਼ੇਅਰਾਂ ਵਾਲਾ ਸੂਚਕ ਅੰਕ ਨਿਫਟੀ 211.15 ਅੰਕ ਜਾਂ 0.85 ਫੀਸਦ ਡਿੱਗ ਕੇ 24,500.90 ਅੰਕ ’ਤੇ ਬੰਦ ਹੋਇਆ। -ਪੀਟੀਆਈ

ਭਾਰਤ ਨੂੰ ਅਮਰੀਕਾ ਨਾਲ ਵਪਾਰ ਵਾਰਤਾ ਮੁੜ ਛੇਤੀ ਸ਼ੁਰੂ ਹੋਣ ਦੀ ਆਸ

ਨਵੀਂ ਦਿੱਲੀ: ਭਾਰਤ ਨੂੰ ਆਸ ਹੈ ਕਿ ਅਮਰੀਕਾ ਨਾਲ ਤਜਵੀਜ਼ਤ ਦੁਵੱਲੇ ਵਪਾਰ ਸਮਝੌਤੇ ਬਾਰੇ ਛੇਤੀ ਹੀ ਗੱਲਬਾਤ ਦੁਬਾਰਾ ਸ਼ੁਰੂ ਹੋਵੇਗੀ। ਇਕ ਸਰਕਾਰੀ ਅਧਿਕਾਰੀ ਨੇ ਵੀਰਵਾਰ ਨੂੰ ਕਿਹਾ ਕਿ ਅਮਰੀਕਾ ’ਚ ਭਾਰਤੀ ਵਸਤਾਂ ’ਤੇ 50 ਫ਼ੀਸਦ ਟੈਰਿਫ਼ ਨਾਲ ਸਬੰਧਤ ਮੁੱਦੇ ਦਾ ਵੀ ਕੋਈ ਨਾ ਕੋਈ ਹੱਲ ਜ਼ਰੂਰ ਨਿਕਲ ਆਵੇਗਾ। ਉਂਝ ਅਧਿਕਾਰੀ ਨੇ ਕਿਹਾ ਕਿ ਵਪਾਰ ਸਮਝੌਤੇ ਲਈ ਵਾਰਤਾ ਦੇ ਅਗਲੇ ਗੇੜ ਦੀਆਂ ਨਵੀਆਂ ਤਰੀਕਾਂ ਨੂੰ ਹਾਲੇ ਤੱਕ ਅੰਤਿਮ ਰੂਪ ਨਹੀਂ ਦਿੱਤਾ ਗਿਆ ਹੈ। ਅਧਿਕਾਰੀ ਨੇ ਕਿਹਾ, ‘‘ਭਾਰਤੀ ਵਸਤਾਂ ’ਤੇ 50 ਫ਼ੀਸਦ ਟੈਰਿਫ਼ ਲਗਾਏ ਜਾਣ ਕਾਰਨ ਦੁਵੱਲੇ ਵਪਾਰ ਸਮਝੌਤੇ ਬਾਰੇ ਅਧਿਕਾਰੀ ਪੱਧਰ ’ਤੇ ਵਿਚਾਰ ਵਟਾਂਦਰਾ ਵਿਹਾਰਕ ਨਹੀਂ ਸੀ। ਸਮਝੌਤੇ ਲਈ 25 ਫ਼ੀਸਦ ਜਵਾਬੀ ਟੈਰਿਫ਼ ਅਤੇ ਰੂਸੀ ਤੇਲ ਖ਼ਰੀਦਣ ਕਰਕੇ ਲੱਗੇ 25 ਫ਼ੀਸਦ ਵਾਧੂ ਜੁਰਮਾਨੇ ਦਾ ਮਸਲਾ ਪਹਿਲਾਂ ਹੱਲ ਹੋਣਾ ਚਾਹੀਦਾ ਹੈ।’’ ਉਨ੍ਹਾਂ ਕਿਹਾ ਕਿ ਪੰਜਵੇਂ ਗੇੜ ਤੱਕ ਵਾਰਤਾ ਸਹੀ ਦਿਸ਼ਾ ’ਚ ਚੱਲ ਰਹੀ ਸੀ ਪਰ ਅਚਾਨਕ ਹੀ ਛੇਵੇਂ ਗੇੜ ਦੀ ਵਾਰਤਾ ਮੁਲਤਵੀ ਹੋ ਗਈ। ਉਨ੍ਹਾਂ ਆਸ ਜਤਾਈ ਕਿ ਛੇਤੀ ਹੀ ਦੋਵੇਂ ਮੁਲਕ ਸਮਝੌਤੇ ਲਈ ਗੱਲਬਾਤ ਕਰਨਗੇ। ਅਮਰੀਕੀ ਟੀਮ ਨੇ ਵਾਰਤਾ ਲਈ 25 ਅਗਸਤ ਨੂੰ ਭਾਰਤ ਆਉਣਾ ਸੀ ਪਰ ਟੈਰਿਫ਼ ਕਾਰਨ ਮੀਟਿੰਗ ਨੂੰ ਮੁਲਤਵੀ ਕਰ ਦਿੱਤਾ ਗਿਆ। ਅਮਰੀਕਾ ’ਤੇ ਜਵਾਬੀ ਟੈਰਿਫ਼ ਲਗਾਉਣ ਬਾਰੇ ਸਵਾਲ ਪੁੱਛਣ ’ਤੇ ਅਧਿਕਾਰੀ ਨੇ ਕਿਹਾ ਕਿ ਵਾਰੀ-ਵੱਟਾ ਅਤੇ ਵਾਰਤਾ ਨਾਲੋਂ ਨਾਲ ਨਹੀਂ ਚੱਲ ਸਕਦੇ ਹਨ। -ਪੀਟੀਆਈ

Advertisement
×