ਐੱਫ-35 ਜੈੱਟ ਦੀ ਮੁਰੰਮਤ ਲਈ ਯੂਕੇ ਦੀ ਇੰਜਨੀਅਰਿੰਗ ਟੀਮ ਕੇਰਲਾ ਪੁੱਜੀ
ਤਿਰੂਵਨੰਤਪੁਰਮ, 6 ਜੁਲਾਈ
ਤਕਨੀਕੀ ਨੁਕਸ ਕਾਰਨ ਲਗਪਗ ਇੱਕ ਮਹੀਨੇ ਤੋਂ ਇੱਥੇ ਫਸੇ ਬ੍ਰਿਟਿਸ਼ ਰੌਇਲ ਨੇਵੀ ਦੇ ਐੱਫ-35 ਲੜਾਕੂ ਜਹਾਜ਼ ਨੂੰ ਅੱਜ ਮੁਰੰਮਤ ਲਈ ਤੈਅ ਜਗ੍ਹਾ ’ਤੇ ਤਬਦੀਲ ਕੀਤਾ ਗਿਆ। ਹਵਾਈ ਅੱਡੇ ਦੇ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ।
ਸੂਤਰਾਂ ਨੇ ਦੱਸਿਆ ਕਿ ਜਹਾਜ਼ ਦੀ ਮੁਰੰਮਤ ਕਰਨ ਲਈ ਵਿਸ਼ੇਸ਼ ਤੌਰ ’ਤੇ ਪਹੁੰਚੀ ਬਰਤਾਨਵੀ ਇੰਜਨੀਅਰਾਂ ਦੀ ਟੀਮ ਨੁਕਸ ਦੇ ਮੁਲਾਂਕਣ ਅਤੇ ਮੁਰੰਮਤ ਕਰਨ ਲਈ ਅੱਜ ਕੌਮਾਂਤਰੀ ਹਵਾਈ ਅੱਡੇ ’ਤੇ ਪਹੁੰਚੀ। ਬਰਤਾਨਵੀ ਹਾਈ ਕਮਿਸ਼ਨ ਦੇ ਤਰਜਮਾਨ ਨੇ ਹਵਾਈ ਅੱਡੇ ’ਤੇ ਇੰਜਨੀਅਰਿੰਗ ਟੀਮ ਦੇ ਪਹੁੰਚਣ ਦੀ ਪੁਸ਼ਟੀ ਕੀਤੀ ਹੈ। ਤਰਜਮਾਨ ਨੇ ਇੱਕ ਬਿਆਨ ’ਚ ਕਿਹਾ, ‘‘ਬਰਤਾਨੀਆ ਦੀ ਇੱਕ ਇੰਜਨੀਅਰਿੰਗ ਟੀਮ ਨੂੰ ਐੱਫ-35 ਜਹਾਜ਼ ਦੇ ਮੁਲਾਂਕਣ ਤੇ ਮੁਰੰਮਤ ਲਈ ਤਿਰੂਵਨੰਤਪੁਰਮ ਕੌਮਾਂਤਰੀ ਹਵਾਈ ਅੱਡੇ ’ਤੇ ਭੇਜਿਆ ਗਿਆ ਹੈ।’’ ਤਰਜਮਾਨ ਮੁਤਾਬਕ ਬਰਤਾਨੀਆ ਨੇ ਜਹਾਜ਼ ਨੂੰ ਹਵਾਈ ਅੱਡੇ ਦੇ ਰੱਖ-ਰਖਾਅ ਮੁਰੰਮਤ ਤੇ ਓਵਰਹਾਲ (ਐੱਮਆਰਓ) ਸੈਂਟਰ ’ਚ ਲਿਜਾਣ ਦੀ ਪੇਸ਼ਕਸ਼ ਮਨਜ਼ੂਰ ਕਰ ਲਈ ਗਈ ਹੈ ਤੇ ਸਬੰਧਤ ਅਧਿਕਾਰੀਆਂ ਨਾਲ ਪ੍ਰਬੰਧਾਂ ਨੂੰ ਆਖਰੀ ਰੂਪ ਦੇਣ ਲਈ ਚਰਚਾ ਕਰ ਰਿਹਾ ਹੈ। ਬਰਤਾਨਵੀ ਹਾਈ ਕਮਿਸ਼ਨ ਨੇ ਕਿਹਾ, ‘‘ਬਰਤਾਨੀਆ, ਭਾਰਤੀ ਅਧਿਕਾਰੀਆਂ ਤੇ ਹਵਾਈ ਅੱਡਾ ਟੀਮ ਵੱਲੋਂ ਮਿਲ ਰਹੇ ਨਿਰੰਤਰ ਸਮਰਥਨ ਤੇ ਸਹਿਯੋਗ ਲਈ ਧੰਨਵਾਦੀ ਹੈ।’’ -ਪੀਟੀਆਈ