UCC: ਉੱਤਰਾਖੰਡ ਵਿਚ 2 ਲੱਖ ਵਿਆਹ ਤੇ 90 ਲਿਵ ਇਨ ਸਬੰਧਾਂ ਦੀ ਰਜਿਸਟ੍ਰੇਸ਼ਨ
ਉੱਤਰਾਖੰਡ ਸਰਕਾਰ ਵੱਲੋਂ 27 ਜੁਲਾਈ ਦੀ ਕੱਟਆਫ ਤਰੀਕ ਤੋਂ ਪਹਿਲਾਂ ਘਰ ਘਰ ਜਾ ਕੇ ਜਾਗਰੂਕਤਾ ਮੁਹਿੰਮ ਚਲਾਉਣ ਦੀ ਤਿਆਰੀ
ਅਦਿੱਤੀ ਟੰਡਨ
ਨਵੀਂ ਦਿੱਲੀ, 9 ਜੁਲਾਈ
ਉੱਤਰਾਖੰਡ ਵਿਚ ਇਕਸਾਰ ਸਿਵਲ ਕੋਡ (UCC) ਤਹਿਤ ਵਿਆਹ, ਤਲਾਕ ਅਤੇ ਲਿਵ-ਇਨ ਸਬੰਧਾਂ ਦੀ ਰਜਿਸਟ੍ਰੇਸ਼ਨ ਲਈ ਨਿਰਧਾਰਿਤ ਛੇ ਮਹੀਨਿਆਂ ਦੀ ਸਮਾਂ ਹੱਦ 27 ਜੁਲਾਈ ਨੂੰ ਖ਼ਤਮ ਹੋ ਰਹੀ ਹੈ, ਇਸ ਲਈ ਸੂਬਾ ਸਰਕਾਰ ਕਵਰੇਜ ਵਧਾਉਣ ਲਈ ਘਰ-ਘਰ ਜਾ ਕੇ ਮੁਹਿੰਮ ਚਲਾਉਣ ਦੀ ਯੋਜਨਾ ਬਣਾ ਰਹੀ ਹੈ। ਭਾਜਪਾ ਸ਼ਾਸਿਤ ਰਾਜ ਵਿਚਲੇ ਪ੍ਰਮੁੱਖ ਸੂਤਰਾਂ ਨੇ ਕਿਹਾ ਕਿ 27 ਜਨਵਰੀ ਨੂੰ UCC ਲਾਗੂ ਹੋਣ ਤੋਂ ਬਾਅਦ ਐਕਟ ਤਹਿਤ ਦੋ ਲੱਖ ਤੋਂ ਵੱਧ ਵਿਆਹ ਅਤੇ 90 ਲਿਵ-ਇਨ ਸਬੰਧ ਰਜਿਸਟਰ ਕੀਤੇ ਗਏ ਹਨ। ਕਾਨੂੰਨ ਮੁਤਾਬਕ 26 ਮਾਰਚ, 2010 ਤੋਂ ਬਾਅਦ ਹੋਏ ਵਿਆਹ, ਸਾਰੇ ਤਲਾਕ ਤੇ ਲਿਵ ਇਨ ਸਬੰਧ ਯੂਸੀਸੀ ਲਾਗੂ ਹੋਣ ਤੋਂ ਛੇ ਮਹੀਨਿਆਂ ਦੇ ਅੰਦਰ ਰਜਿਸਟਰ ਕੀਤੇ ਜਾਣੇ ਲਾਜ਼ਮੀ ਹਨ।
ਉੱਤਰਾਖੰਡ ਵਿਚ ਇਸ ਸਾਲ ਜਨਵਰੀ ’ਚ UCC ਲਾਗੂ ਹੋਣ ਮਗਰੋਂ ਲਿਵ-ਇਨ ਸਬੰਧਾਂ ਦੇ ਖੁਲਾਸੇ ਤੇ ਰਜਿਸਟਰੇਸ਼ਨ ਨੂੰ ਲੈ ਕੇ ਲੋਕ ਖੁੱਲ੍ਹ ਕੇ ਸਾਹਮਣੇ ਨਹੀਂ ਆ ਰਹੇ ਹਨ। ਇਸ ਵਿਵਸਥਾ ਨੂੰ ਸੂਬੇ ਦੀ ਹਾਈ ਕੋਰਟ ਵਿਚ ਚੁਣੌਤੀ ਦਿੱਤੀ ਗਈ ਹੈ, ਜਿੱਥੇ ਅਗਲੀ ਸੁਣਵਾਈ 14 ਜੁਲਾਈ ਨੂੰ ਹੋਵੇਗੀ ਤੇ ਇਸ ਮੁੱਦੇ ’ਤੇ ਕੇਂਦਰ ਦਾ ਪੱਖ ਸੁਣਿਆ ਜਾਵੇਗਾ।
ਇਸ ਦੌਰਾਨ ਉੱਤਰਾਖੰਡ ਦੇ ਉੱਚ ਅਧਿਕਾਰੀਆਂ ਨੇ ਦੱਸਿਆ ਕਿ ਯੂਸੀਸੀ ਤਹਿਤ ਕਰੀਬ 90 ਲਿਵ-ਇਨ ਸਬੰਧ ਰਜਿਸਟਰਡ ਹੋਏ ਹਨ, ਅਤੇ ਇਨ੍ਹਾਂ ਵਿੱਚੋਂ 72 ਫੀਸਦ ਮਾਮਲਿਆਂ ਵਿੱਚ, ਬੱਚਿਆਂ ਦਾ ਵੀ ਦਸਤਾਵੇਜ਼ੀਕਰਨ ਕੀਤਾ ਗਿਆ ਹੈ ਅਤੇ ਉਹ ਵਿਆਹੇ ਜੋੜਿਆਂ ਤੋਂ ਪੈਦਾ ਹੋਏ ਬੱਚਿਆਂ ਦੇ ਸਮਾਨ ਅਧਿਕਾਰਾਂ ਦੇ ਹੱਕਦਾਰ ਹੋਣਗੇ। ਉੱਤਰਾਖੰਡ ਯੂਸੀਸੀ ਮੁੱਖ ਤੌਰ ’ਤੇ ਤਿੰਨ ਹਿੱਸਿਆਂ ਨਾਲ ਨਜਿੱਠਦਾ ਹੈ- ਵਿਆਹ/ਤਲਾਕ, ਲਿਵ-ਇਨ ਸਬੰਧ ਅਤੇ ਉਤਰਾਧਿਕਾਰ। ਅਧਿਕਾਰੀਆਂ ਨੇ ਕਿਹਾ ਕਿ ਮੁੱਖ ਉਦੇਸ਼ ਔਰਤਾਂ ਨੂੰ, ਜੇ ਜ਼ਿਆਦਾ ਨਹੀਂ ਤਾਂ, ਮਰਦਾਂ ਦੇ ਬਰਾਬਰ ਅਧਿਕਾਰ ਦੇਣਾ ਸੀ।
ਯੂਸੀਸੀ ਦੇ ਅਮਲ ਵਿਚ ਆਉਣ ਦੇ ਪਹਿਲੇ ਦਿਨ ਤੋਂ ਹੀ ਰਾਜ ਵਿੱਚ ਇਕ ਤੋਂ ਵੱਧ ਵਿਆਹ ਅਤੇ ਨਿਕਾਹ ਹਲਾਲਾ ਵਰਗੀਆਂ ਸਾਰੀਆਂ ਪੱਖਪਾਤੀ ਰਵਾਇਤਾਂ ਨੂੰ ਗੈਰ-ਕਾਨੂੰਨੀ ਐਲਾਨ ਦਿੱਤਾ ਗਿਆ ਸੀ। ਅਧਿਕਾਰੀਆਂ ਨੇ ਕਿਹਾ, ‘‘ਯੂਸੀਸੀ ਲਿਵ-ਇਨ ਸਬੰਧਾਂ ਵਿੱਚ ਔਰਤਾਂ ਦੀ ਰੱਖਿਆ ਕਰਦਾ ਹੈ। ਲਿਵ-ਇਨ ਸਬੰਧਾਂ ਵਿੱਚ ਔਰਤਾਂ, ਜਦੋਂ ਤੱਕ ਉਹ ਮੁੜ ਵਿਆਹ ਨਹੀਂ ਕਰਦੀਆਂ ਜਾਂ ਕਿਸੇ ਹੋਰ ਰਿਸ਼ਤੇ ਵਿੱਚ ਨਹੀਂ ਆਉਂਦੀਆਂ, ਸਾਥੀ ਵੱਲੋਂ ਛੱਡੇ ਜਾਣ ਦੀ ਸੂਰਤ ਵਿਚ ਗੁਜ਼ਾਰਾ ਭੱਤੇ ਦਾ ਦਾਅਵਾ ਕਰ ਸਕਦੀਆਂ ਹਨ। ਹਾਲਾਂਕਿ ਉਨ੍ਹਾਂ ਦੇ ਪੁਰਸ਼ ਸਾਥੀ ਨੂੰ ਇਹ ਅਧਿਕਾਰ ਨਹੀਂ ਹੋਵੇਗਾ।’’
ਕਾਨੂੰਨ ਤਹਿਤ ਇੱਕ ਵਾਰ ਖੁਲਾਸਾ ਹੋਣ ਤੋਂ ਬਾਅਦ, ਵਿਆਹ ਸਬ-ਰਜਿਸਟਰਾਰਾਂ ਕੋਲ ਰਜਿਸਟਰ ਕੀਤੇ ਜਾ ਸਕਦੇ ਹਨ, ਜਿਨ੍ਹਾਂ ਦੀ ਪਛਾਣ ਯੂਸੀਸੀ ਕਾਨੂੰਨ ਵਿੱਚ ਬਲਾਕ ਪਿੰਡ ਵਿਕਾਸ ਅਧਿਕਾਰੀਆਂ ਵਜੋਂ ਕੀਤੀ ਜਾਂਦੀ ਹੈ। ਲਿਵ-ਇਨ ਸਬੰਧਾਂ ਨੂੰ ਐੱਸਡੀਐੱਮਜ਼ ਕੋਲ ਰਜਿਸਟਰ ਕੀਤਾ ਜਾਣਾ ਹੈ। ਲਿਵ-ਇਨ ਸਬੰਧਾਂ ਦਾ ਖੁਲਾਸਾ ਨਾ ਕਰਨ ’ਤੇ ਜੇਲ੍ਹ ਦੀ ਸਜ਼ਾ ਅਤੇ ਜੁਰਮਾਨੇ ਹੋ ਸਕਦੇ ਹਨ। ਯੂਸੀਸੀ ਮੁਤਾਬਕ, ‘ਜੋ ਕੋਈ ਵੀ ਬਿਨਾਂ ਰਜਿਸਟਰੇਸ਼ਨ ਦੇ ਇੱਕ ਮਹੀਨੇ ਤੋਂ ਵੱਧ ਸਮੇਂ ਲਈ ਲਿਵ-ਇਨ ਰਿਸ਼ਤੇ ਵਿੱਚ ਰਹਿੰਦਾ ਹੈ, ਉਸ ਨੂੰ 3 ਮਹੀਨੇ ਤੱਕ ਦੀ ਕੈਦ ਜਾਂ 10,000 ਰੁਪਏ ਤੱਕ ਦਾ ਜੁਰਮਾਨਾ ਜਾਂ ਦੋਵੇਂ ਸਜ਼ਾਵਾਂ ਦਿੱਤੀਆਂ ਜਾਣਗੀਆਂ। ਗਲਤ ਬਿਆਨ ਦੇਣ ਵਾਲੇ ਕਿਸੇ ਵੀ ਵਿਅਕਤੀ ਨੂੰ 3 ਮਹੀਨੇ ਤੱਕ ਦੀ ਕੈਦ ਅਤੇ 25,000 ਰੁਪਏ ਤੱਕ ਦਾ ਜੁਰਮਾਨਾ ਜਾਂ ਦੋਵੇਂ ਸਜ਼ਾਵਾਂ ਦਿੱਤੀਆਂ ਜਾ ਸਕਦੀਆਂ ਹਨ। ਇੱਕ ਸਾਥੀ ਜੋ ਰਜਿਸਟਰਾਰ ਦੁਆਰਾ 30 ਦਿਨਾਂ ਦਾ ਨੋਟਿਸ ਦਿੱਤੇ ਜਾਣ ਤੋਂ ਬਾਅਦ ਵੀ ਰਜਿਸਟਰੇਸ਼ਨ ਕਰਵਾਉਣ ਵਿੱਚ ਅਸਫਲ ਰਹਿੰਦਾ ਹੈ, ਉਸ ਨੂੰ 6 ਮਹੀਨੇ ਤੱਕ ਦੀ ਕੈਦ ਜਾਂ 25,000 ਰੁਪਏ ਤੱਕ ਦਾ ਜੁਰਮਾਨਾ ਜਾਂ ਦੋਵੇਂ ਸਜ਼ਾਵਾਂ ਹੋ ਸਕਦੀਆਂ ਹਨ।’’