ਬ੍ਰਹਮੋਸ ਨਾਲ ਲੈਸ ਦੋ ਜੰਗੀ ਬੇੜੇ ਭਾਰਤੀ ਜਲ ਸੈਨਾ ’ਚ ਸ਼ਾਮਲ
ਬਹੁ-ਮੰਤਵੀ ਮਿਸ਼ਨਾਂ ਵਾਲੇ ਦੋ ਜੰਗੀ ਬੇੜਿਆਂ ਆਈਐੱਨਐੱਸ ਉਦੈਗਿਰੀ ਅਤੇ ਆਈਐੱਨਐੱਸ ਹਿਮਗਿਰੀ ਨੂੰ ਅੱਜ ਜਲ ਸੈਨਾ ਵਿਚ ਸ਼ਾਮਲ ਕਰ ਲਿਆ ਗਿਆ ਹੈ। ਇਨ੍ਹਾਂ ਦੋਵੇਂ ਜੰਗੀ ਬੇੜਿਆਂ ਵਿਚ ਅੱਠ ਬ੍ਰਹਮੋਸ ਮਿਜ਼ਾਈਲਾਂ ਤਾਇਨਾਤ ਹਨ ਅਤੇ ਇਹ ਅਤਿ-ਆਧੁਨਿਕ ਹਥਿਆਰਾਂ ਨਾਲ ਲੈਸ ਹਨ ਜੋ ਸਵਦੇਸ਼ੀ ਨਿਰਮਾਤਾਵਾਂ ਵੱਲੋਂ ਤਿਆਰ ਕੀਤੇ ਗਏ ਹਨ। ਇਨ੍ਹਾਂ ਬੇੜਿਆਂ ਨੂੰ ਜਲ ਸੈਨਾ ਵਿਚ ਸ਼ਾਮਲ ਕਰਨ ਦੇ ਸਮਾਗਮ ਦੀ ਪ੍ਰਧਾਨਗੀ ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਇੱਥੇ ਭਾਰਤੀ ਜਲ ਸੈਨਾ ਦੇ ਪੂਰਬੀ ਜਲ ਸੈਨਾ ਕਮਾਂਡ ਵਿਚ ਕੀਤੀ। ਇਹ ਪਹਿਲਾ ਮੌਕਾ ਹੈ ਜਦੋਂ ਦੋ ਵੱਖ-ਵੱਖ ਥਾਵਾਂ ’ਤੇ ਬਣਾਏ ਗਏ ਦੋ ਜੰਗੀ ਬੇੜਿਆਂ ਨੂੰ ਇੱਕੋ ਸਮੇਂ ਜਲ ਸੈਨਾ ਵਿਚ ਸ਼ਾਮਲ ਕੀਤਾ ਗਿਆ ਹੈ। ਇਨ੍ਹਾਂ ਬੇੜਿਆਂ ਨੂੰ ਸ਼ਾਮਲ ਕਰਨ ਨਾਲ ਭਾਰਤੀ ਜਲ ਸੈਨਾ ਵਿੱਚ ਜੰਗੀ ਬੇੜਿਆਂ ਦੀ ਗਿਣਤੀ 14 ਹੋ ਗਈ ਹੈ।
ਰਾਜਨਾਥ ਸਿੰਘ ਨੇ ਕਿਹਾ, ‘ਇਹ ਵਿਕਾਸ ਭਾਰਤ ਦੇ ਪੂਰਬੀ ਸਮੁੰਦਰੀ ਤੱਟ ’ਤੇ ਵਧਦੇ ਸਮੁੰਦਰੀ ਪ੍ਰਭਾਵ ਨੂੰ ਦਰਸਾਉਂਦਾ ਹੈ। ਇਹ ਜੰਗੀ ਬੇੜੇ ਦੇਸ਼ ਦੇ ਸਮੁੰਦਰ ਵਿਚ ਰਖਵਾਲੇ ਬਣਨਗੇ। ਇਹ ਜੰਗੀ ਬੇੜੇ ਲੰਬੀ ਦੂਰੀ ਤੈਅ ਕਰ ਸਕਦੇ ਹਨ, ਇਹ ਜ਼ਮੀਨ ਤੋਂ ਜ਼ਮੀਨ ’ਤੇ ਮਾਰ ਕਰਨ ਵਾਲੀਆਂ ਹਵਾਈ ਮਿਜ਼ਾਈਲਾਂ, ਸੁਪਰਸੋਨਿਕ ਬ੍ਰਹਮੋਸ ਮਿਜ਼ਾਈਲਾਂ, ਤਾਰਪੀਡੋ ਲਾਂਚਰ, ਲੜਾਈ ਪ੍ਰਬੰਧਨ ਪ੍ਰਣਾਲੀਆਂ ਅਤੇ ਅੱਗ ਨਿਯੰਤਰਣ ਪ੍ਰਣਾਲੀਆਂ ਨਾਲ ਲੈਸ ਹੋਣਗੇ।’ ਉਨ੍ਹਾਂ ਕਿਹਾ ਕਿ ਇਹ ਅਤਿ-ਆਧੁਨਿਕ ਬੇੜੇ ਹਨ ਅਤੇ ਸਮੁੰਦਰ ਵਿੱਚ ਬਹੁਤ ਹੀ ਗੁੰਝਲਦਾਰ ਅਤੇ ਜੋਖਮ ਭਰੇ ਕਾਰਜਾਂ ਵਿੱਚ ਸਹਾਈ ਸਿੱਧ ਹੋਣਗੇ। ਰੱਖਿਆ ਮੰਤਰੀ ਨੇ ‘ਅਪਰੇਸ਼ਨ ਸਿੰਧੂਰ’ ਦਾ ਜ਼ਿਕਰ ਕਰਦਿਆਂ ਕਿਹਾ, ‘ਸਾਡੀਆਂ ਫੌਜਾਂ ਨੇ ਸਾਰੀ ਦੁਨੀਆ ਨੂੰ ਦਿਖਾ ਦਿੱਤਾ ਹੈ ਕਿ ਅਸੀਂ ਲੋੜ ਪੈਣ ’ਤੇ ਕਿਸ ਤਰ੍ਹਾਂ ਕਾਰਵਾਈ ਕਰ ਸਕਦੇ ਹਾਂ। ਇਸ ਅਪਰੇਸ਼ਨ ਦੌਰਾਨ ਭਾਰਤੀ ਜਲ ਸੈਨਾ ਦੀ ਯੋਜਨਾ ਕਾਰਗਰ ਰਹੀ। ਅਸੀਂ ਅਪਰੇਸ਼ਨ ਸਿੰਧੂਰ ਰਾਹੀਂ ਦਹਿਸ਼ਤੀ ਟਿਕਾਣਿਆਂ ਨੂੰ ਜੜ੍ਹ ਤੋਂ ਖਤਮ ਕਰਨ ਦਾ ਅਹਿਦ ਲਿਆ ਤੇ ਉਸ ਨੂੰ ਅੰਜਾਮ ਤਕ ਵੀ ਪਹੁੰਚਾਇਆ।’ -ਪੀਟੀਆਈ