ਚੋਣਾਂ ਤੋਂ ਪਹਿਲਾਂ ਦੋ ਵਿਅਕਤੀਆਂ ਨੇ ਦਿੱਤੀ ਸੀ 160 ਸੀਟਾਂ ’ਤੇ ਜਿੱਤ ਦੀ ਗਾਰੰਟੀ: ਪਵਾਰ
ਰਾਸ਼ਟਰਵਾਦੀ ਕਾਂਗਰਸ ਪਾਰਟੀ (ਐੱਸਪੀ) ਦੇ ਮੁਖੀ ਸ਼ਰਦ ਪਵਾਰ ਨੇ ਅੱਜ ਦਾਅਵਾ ਕੀਤਾ ਕਿ 2024 ਦੀਆਂ ਮਹਾਰਾਸ਼ਟਰ ਚੋਣਾਂ ਤੋਂ ਪਹਿਲਾਂ ਦੋ ਵਿਅਕਤੀਆਂ ਨੇ ਨਵੀਂ ਦਿੱਲੀ ਵਿੱਚ ਉਨ੍ਹਾਂ ਨਾਲ ਮੁਲਾਕਾਤ ਕੀਤੀ ਸੀ ਅਤੇ 288 ’ਚੋਂ 160 ਚੋਣ ਹਲਕਿਆਂ ਵਿੱਚ ਵਿਰੋਧੀ ਧਿਰ ਦੀ ਜਿੱਤ ਦੀ ਗਾਰੰਟੀ ਦਿੱਤੀ ਸੀ। ਇੱਥੇ ਮੀਡੀਆ ਨੂੰ ਸੰਬੋਧਨ ਕਰਦੇ ਹੋਏ ਪਵਾਰ ਨੇ ਕਿਹਾ ਕਿ ਉਨ੍ਹਾਂ ਨੇ ਦੋਵੇਂ ਵਿਅਕਤੀਆਂ ਨੂੰ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨਾਲ ਮਿਲਵਾਇਆ ਸੀ। ਸ਼ਰਦ ਪਵਾਰ ਨੇ ਇਹ ਖੁਲਾਸਾ ਅਜਿਹੇ ਸਮੇਂ ਵਿੱਚ ਕੀਤਾ ਹੈ, ਜਦੋਂ ਰਾਹੁਲ ਗਾਂਧੀ ਨੇ ਭਾਜਪਾ ਅਤੇ ਚੋਣ ਕਮਿਸ਼ਨ ’ਤੇ ‘ਵੋਟ ਚੋਰੀ’ ਦਾ ਦੋੋਸ਼ ਲਗਾਇਆ ਹੈ। ਇਸੇ ਦੌਰਾਨ ਪਵਾਰ ਨੇ ਕਿਹਾ ਕਿ ‘ਵੋਟ ਚੋਰੀ’ ਬਾਰੇ ਕਾਂਗਰਸੀ ਆਗੂ ਰਾਹੁਲ ਗਾਂਧੀ ਦੇ ਪੇਸ਼ਕਾਰੀ ਚੰਗੀ ਤਰ੍ਹਾਂ ਤੋਂ ਖੋਜ ਤੇ ਦਸਤਾਵੇਜ਼ਾਂ ’ਤੇ ਆਧਾਰਿਤ ਸੀ ਅਤੇ ਇਸ ਮਾਮਲੇ ਸਬੰਧੀ ਜਾਂਚ ਕਰਨਾ ਚੋਣ ਕਮਿਸ਼ਨ ਦਾ ਕੰਮ ਹੈ।
ਸਾਬਕਾ ਕੇਂਦਰੀ ਮੰਤਰੀ ਨੇ ਕਿਹਾ, ‘‘ਜਿਨ੍ਹਾਂ ਦੋ ਵਿਅਕਤੀਆਂ ਨੂੰ ਮੈਂ ਰਾਹੁਲ ਗਾਂਧੀ ਨਾਲ ਮਿਲਵਾਇਆ ਸੀ, ਰਾਹੁਲ ਨੇ ਉਨ੍ਹਾਂ ਦੀਆਂ ਗੱਲਾਂ ਨੂੰ ਨਜ਼ਰਅੰਦਾਜ਼ ਕਰ ਦਿੱਤਾ। ਉਨ੍ਹਾਂ ਦਾ ਇਹ ਵੀ ਮੰਨਣਾ ਸੀ ਕਿ ਵਿਰੋਧੀ ਧਿਰ ਨੂੰ ਅਜਿਹੇ ਮਾਮਲਿਆਂ ’ਚ ਨਹੀਂ ਪੈਣਾ ਚਾਹੀਦਾ ਹੈ ਅਤੇ ਸਿੱਧੇ ਜਨਤਾ ਕੋਲ ਜਾਣਾ ਚਾਹੀਦਾ ਹੈ।’’ ਉਨ੍ਹਾਂ ‘ਵੋਟ ਚੋਰੀ’ ਬਾਰੇ ਕਾਂਗਰਸੀ ਆਗੂ ਰਾਹੁਲ ਗਾਂਧੀ ਦੀ ਪੇਸ਼ਕਾਰੀ ਦੇ ਸਬੰਧ ਵਿੱਚ ਚੋਣ ਕਮਿਸ਼ਨ ਤੋਂ ਜਾਂਚ ਦੀ ਮੰਗ ਕੀਤੀ।
ਟਰੰਪ ਦੀ ਰਣਨੀਤੀ ਖ਼ਿਲਾਫ਼ ਰਾਸ਼ਟਰ ਹਿੱਤ ਵਿੱਚ ਮੋਦੀ ਸਰਕਾਰ ਦਾ ਸਮਰਥਨ ਜ਼ਰੂਰੀ: ਪਵਾਰ
ਨਾਗਪੁਰ: ਰਾਸ਼ਟਰਵਾਦੀ ਕਾਂਗਰਸ ਪਾਰਟੀ (ਸ਼ਰਦਚੰਦਰ ਪਵਾਰ) ਦੇ ਮੁਖੀ ਸ਼ਰਦ ਪਵਾਰ ਨੇ ਅਮਰੀਕੀ ਟੈਰਿਫ ਦਾ ਹਵਾਲਾ ਦਿੰਦੇ ਹੋਏ ਅੱਜ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਦੀ ਦਬਾਅ ਵਾਲੀ ਰਣਨੀਤੀ ਖ਼ਿਲਾਫ਼ ਰਾਸ਼ਟਰ ਹਿੱਤ ਵਿੱਚ ਕੇਂਦਰ ਸਰਕਾਰ ਦਾ ਸਮਰਥਨ ਕਰਨ ਦੀ ਅਪੀਲ ਕੀਤੀ। ਪਵਾਰ ਨੇ ਕਿਹਾ, ‘‘ਭਾਰਤੀ ਵਸਤਾਂ ’ਤੇ 50 ਫੀਸਦ ਟੈਕਸ ਲਗਾਉਣਾ ਦਬਾਅ ਬਣਾਉਣ ਦੀ ਰਣਨੀਤੀ ਹੈ। ਸਾਨੂੰ ਭਾਰਤ ਦੇ ਲੋਕਾਂ ਨੂੰ ਦੇਸ਼ ਦੇ ਹਿੱਤਾਂ ਦੀ ਰੱਖਿਆ ਲਈ ਸਰਕਾਰ ਦਾ ਸਮਰਥਨ ਕਰਨਾ ਚਾਹੀਦਾ ਹੈ।’’
ਫੜਨਵੀਸ ਨੇ ਪਵਾਰ ਦੇ ਦਾਅਵੇ ਤੇ ਸਮੇਂ ’ਤੇ ਸਵਾਲ ਚੁੱਕੇ
ਮੁੰਬਈ: ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਅੱਜ ਐੱਨਸੀਪੀ (ਐੱਸਪੀ) ਆਗੂ ਸ਼ਰਦ ਪਵਾਰ ਦੇ ਉਸ ਦਾਅਵੇ ਦੇ ਸਮੇਂ ’ਤੇ ਸਵਾਲ ਉਠਾਇਆ, ਜਿਸ ਵਿੱਚ ਉਨ੍ਹਾਂ ਕਿਹਾ ਕਿ 2024 ਦੀਆਂ ਮਹਾਰਾਸ਼ਟਰ ਚੋਣਾਂ ਤੋਂ ਪਹਿਲਾਂ ਦੋ ਵਿਅਕਤੀਆਂ ਨੇ ਨਵੀਂ ਦਿੱਲੀ ਵਿੱਚ ਉਨ੍ਹਾਂ ਨਾਲ ਮੁਲਾਕਾਤ ਕੀਤੀ ਸੀ ਅਤੇ 288 ’ਚੋਂ 160 ਹਲਕਿਆਂ ’ਚ ਵਿਰੋਧੀ ਧਿਰ ਦੀ ਜਿੱਤ ਦੀ ਗਾਰੰਟੀ ਦਿੱਤੀ ਸੀ। ਫੜਨਵੀਸ ਨੇ ਇੱਥੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ, ‘‘ਰਾਹੁਲ ਗਾਂਧੀ ਦੇ ਦਾਅਵਿਆਂ ਤੋਂ ਬਾਅਦ ਪਵਾਰ ਇਹ ਖੁਲਾਸਾ ਕਿਉਂ ਕਰ ਰਹੇ ਹਨ? ਇਸ ਤੋਂ ਪਹਿਲਾਂ ਪਵਾਰ ਨੇ ਕਦੇ ਵੀ ਈਵੀਐੱਮ ਵਿੱਚ ਹੇਰਾਫੇਰੀ ਬਾਰੇ ਗਾਂਧੀ ਦੇ ਦਾਅਵਿਆਂ ਦਾ ਸਮਰਥਨ ਨਹੀਂ ਕੀਤਾ। ਭਾਵੇਂ ਕੁਝ ਵੀ ਹੋਵੇ, ਭਾਰਤ ਵਿੱਚ ਆਜ਼ਾਦ ਤੇ ਨਿਰਪੱਖ ਚੋਣਾਂ ਹੁੰਦੀਆਂ ਹਨ।’’ -ਪੀਟੀਆਈ