ਸ਼ਹੀਦ ਦੋ ਭਾਰਤੀ ਸ਼ਾਂਤੀ ਸੈਨਿਕਾਂ ਨੂੰ ਦਿੱਤਾ ਜਾਵੇਗਾ ਸਨਮਾਨ
ਸੰਯੁਕਤ ਰਾਸ਼ਟਰ, 28 ਮਈ
ਪਿਛਲੇ ਸਾਲ ਸੰਯੁਕਤ ਰਾਸ਼ਟਰ ਅਧੀਨ ਸੇਵਾ ਦਿੰਦੇ ਹੋਏ ਆਪਣੀਆਂ ਜਾਨਾਂ ਗੁਆਉਣ ਵਾਲੇ ਦੋ ਭਾਰਤੀ ਸ਼ਾਂਤੀ ਸੈਨਿਕਾਂ ਨੂੰ ਵਿਸ਼ਵ ਸੰਸਥਾ ਵੱਲੋਂ ਮਰਨ ਉਪਰੰਤ ਸਨਮਾਨਿਤ ਕੀਤਾ ਜਾਵੇਗਾ। ਵਿਸ਼ਵ ਸੰਸਥਾ ਵੱਲੋਂ ਇਸ ਹਫ਼ਤੇ ਸੰਯੁਕਤ ਰਾਸ਼ਟਰ ਸ਼ਾਂਤੀ ਸੈਨਿਕਾਂ ਦੀ ਯਾਦ ਵਿੱਚ ਕੌਮਾਂਤਰੀ ਸੰਯੁਕਤ ਰਾਸ਼ਟਰ ਸ਼ਾਂਤੀ ਸੈਨਿਕ ਦਿਵਸ ਮਨਾਇਆ ਜਾ ਰਿਹਾ ਹੈ।
ਇਕ ਬਿਆਨ ਵਿੱਚ ਕਿਹਾ ਗਿਆ ਹੈ ਕਿ ‘ਯੂਐੱਨ ਡਿਸਐਂਗੇਜਮੈਂਟ ਆਬਜ਼ਰਵਰ ਫੋਰਸ’ (ਯੂਐੱਨਡੀਓਐੱਫ) ਵਿੱਚ ਸੇਵਾ ਦੇਣ ਵਾਲੇ ਬ੍ਰਿਗੇਡੀਅਰ ਜਨਰਲ ਅਮਿਤਾਭ ਝਾਅ ਅਤੇ ਕਾਂਗੋ ਗਣਰਾਜ ਵਿੱਚ ਸੰਯੁਕਤ ਰਾਸ਼ਟਰ ਸਥਿਰਤਾ ਮਿਸ਼ਨ (ਐੱਮਓਐੱਨਯੂਐੱਸਸੀਓ) ਵਿੱਚ ਤਾਇਨਾਤ ਹਵਲਦਾਰ ਸੰਜੈ ਸਿੰਘ ਨੂੰ ਕੌਮਾਂਤਰੀ ਸੰਯੁਕਤ ਰਾਸ਼ਟਰ ਸ਼ਾਂਤੀ ਸੈਨਿਕ ਦਿਵਸ ਮੌਕੇ 29 ਮਈ ਨੂੰ ਇੱਥੇ ਇਕ ਸਮਾਰੋਹ ਦੌਰਾਨ ਮਰਨ ਉਪਰੰਤ ‘ਡੈਗ ਹੈਮਰਸੋਲਡ’ ਤਗ਼ਮੇ ਨਾਲ ਸਨਮਾਨਿਤ ਕੀਤਾ ਜਾਵੇਗਾ। ਸੰਯੁਕਤ ਰਾਸ਼ਟਰ ਸ਼ਾਂਤੀ ਸਥਾਪਨਾ ਵਿੱਚ ਫੌਜੀ ਜਵਾਨਾਂ ਤੇ ਅਧਿਕਾਰੀਆਂ ਨੂੰ ਭੇਜਣ ਵਾਲਾ ਭਾਰਤ ਚੌਥਾ ਸਭ ਤੋਂ ਵੱਡਾ ਦੇਸ਼ ਹੈ।
ਮੌਜੂਦਾ ਸਮੇਂ ਭਾਰਤ ਦੇ 5300 ਤੋਂ ਵੱਧ ਫੌਜੀ ਅਤੇ ਪੁਲੀਸ ਮੁਲਾਜ਼ਮ ਮੱਧ ਅਫ਼ਰੀਕੀ ਗਣਰਾਜ ਅਬੇਈ, ਕਾਂਗੋ ਲੋਕਤੰਤਰੀ ਗਣਰਾਜ, ਲਿਬਨਾਨ, ਸੋਮਾਲੀਆ, ਦੱਖਣੀ ਸੂਡਾਨ ਅਤੇ ਪੱਛਮੀ ਸਹਾਰਾ ਵਿੱਚ ਸੰਯੁਕਤ ਰਾਸ਼ਟਰ ਸ਼ਾਂਤੀ ਮੁਹਿੰਮਾਂ ਵਿੱਚ ਤਾਇਨਾਤ ਹਨ। ਸ਼ਾਂਤੀ ਸੈਨਿਕ ਦਿਵਸ ਮੌਕੇ ਵਿਸ਼ਵ ਸੰਸਥਾ ਦੇ ਹੈੱਡਕੁਆਰਟਰ ਵਿੱਚ ਕਰਵਾਏ ਜਾਣ ਵਾਲੇ ਸਮਾਰੋਹ ਦੌਰਾਨ ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਅੰਤੋਨੀਓ ਗੁਟੇਰੇਜ਼ 1948 ਤੋਂ ਹੁਣ ਤੱਕ, ਵਿਸ਼ਵ ਸੰਸਥਾ ਵਿੱਚ ਆਪਣੀ ਸੇਵਾ ਦੌਰਾਨ ਜਾਨਾਂ ਗੁਆਉਣ ਵਾਲੇ 4400 ਤੋਂ ਵੱਧ ਸ਼ਾਂਤੀ ਸੈਨਿਕਾਂ ਨੂੰ ਸ਼ਰਧਾਂਜਲੀ ਭੇਟ ਕਰਨਗੇ। -ਪੀਟੀਆਈ