ਝਾਰਖੰਡ ਦੇ ਸਿਰਾਏਕਿਲਾ-ਖਰਸਵਾਂ ਜ਼ਿਲ੍ਹੇ ਵਿੱਚ ਅੱਜ ਦੋ ਮਾਲ ਗੱਡੀਆਂ ਲੀਹੋਂ ਲੱਥ ਗਈਆਂ, ਜਿਸ ਕਾਰਨ ਕਈ ਰੇਲ ਗੱਡੀਆਂ ਰੱਦ ਕਰਨੀਆਂ ਪਈਆਂ। ਦੱਖਣ ਪੂਰਬੀ ਰੇਲਵੇ ਅਧਿਕਾਰੀ (SER) ਨੇ ਦੱਸਿਆ ਕਿ ਇਹ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਦੋ ਮਾਲ ਗੱਡੀਆਂ ਝਾਰਖੰਡ ਦੇ ਚਾਂਡਿਲ ਅਤੇ ਨਿਮਡੀਹ ਸਟੇਸ਼ਨਾਂ ਨੇੜੇ ਉਲਟ ਦਿਸ਼ਾ ’ਚ ਲੰਘ ਰਹੀਆਂ ਸਨ। ਹਾਲਾਂਕਿ ਇਸ ਦੌਰਾਨ ਕੋਈ ਵੀ ਜ਼ਖ਼ਮੀ ਨਹੀਂ ਹੋਇਆ।
ਅਧਿਕਾਰੀਆਂ ਨੇ ਦੱਸਿਆ ਕਿ ਸ਼ੁਰੂਆਤੀ ਰਿਪੋਰਟਾਂ ਮੁਤਾਬਕ ਦੋ ਮਾਲ ਗੱਡੀਆਂ ’ਚੋਂ ਇੱਕ ਦੇ ਕੁਝ ਡੱਬੇ ਪਟੜੀ ਤੋਂ ਲੱਥ ਕੇ ਡਬਲ-ਲਾਈਨ ਸੈਕਸ਼ਨ ਵਿੱਚ ਉਲਟ ਦਿਸ਼ਾ ’ਚ ਜਾ ਰਹੀ ਰੇਲਗੱਡੀ ਦੇ ਹਿੱਸੇ ਨਾਲ ਟਕਰਾਅ ਗਏ, ਜਿਸ ਕਾਰਨ ਦੂਜੀ ਗੱਡੀ ਦੇ ਵੀ ਕੁਝ ਡੱਬੇ ਲੀਹੋਂ ਲੱਥ ਗਏ।
ਇਸ ਦੌਰਾਨ ਆਦਰਾ ਡਿਵੀਜ਼ਨ ਦੇ ਚਾਂਡਿਲ-ਗੁੰਦਾ ਬਿਹਾਰ ਸੈਕਸ਼ਨ ਵਿੱਚ ਰੇਲ ਆਵਾਜਾਈ ਪ੍ਰਭਾਵਿਤ ਹੋਈ।
ਸੀਨੀਅਰ ਡਿਵੀਜ਼ਨਲ ਕਮਰਸ਼ੀਅਲ ਮੈਨੇਜਰ ਵਿਕਾਸ ਕੁਮਾਰ ਨੇ ਦੱਸਿਆ ਕਿ ਮਾਲ ਗੱਡੀਆਂ ਲੀਹੋਂ ਲੱਥਣ ਕਾਰਨ ਚਾਂਡਿਲ ਦੇ ਆਲੇ-ਦੁਆਲੇ ਰੇਲ ਸੇਵਾਵਾਂ ਪ੍ਰਭਾਵਿਤ ਹੋਈਆਂ ਹਨ।
ਉਨ੍ਹਾਂ ਕਿਹਾ ਕਿ ਰੇਲ ਸੇਵਾ ਬਹਾਲ ਕਰਨ ਦਾ ਕੰਮ ਚੱਲ ਰਿਹਾ ਹੈ ਅਤੇ ਹੋਰ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ। ਹਾਦਸੇ ਕਾਰਨ ਭੁਬਨੇਸ਼ਵਰ-ਨਵੀਂ ਦਿੱਲੀ ਰਾਜਧਾਨੀ ਐਕਸਪ੍ਰੈੱਸ ਨੂੰ ਝਾਰਸਗੁੜਾ-ਰੂੜਕੇਲਾ-ਨੁਆਗਾਓਂ-ਹਟੀਆ-ਬੋਕਾਰੋ ਸਟੀਲ ਸਿਟੀ-ਰਾਜਬੇਰਾ ਰਾਹੀਂ ਮੋੜਿਆ ਗਿਆ ਹੈ ਜਦਕਿ ਭੁਬਨੇਸ਼ਵਰ-ਨਵੀਂ ਦਿੱਲੀ ਪੁਰਸ਼ੋਤਮ ਐੱਕਸਪ੍ਰੈੱਸ ਨੂੰ ਹਿਜਿਲੀ-ਮੋਦੀਨਗਰ-ਆਦਰਾ-ਭੋਜੂਡੀਹ-ਗੋਮੋਹ ਰਾਹੀਂ ਮੋੜਿਆ ਜਾਵੇਗਾ।