ਟਰੰਪ ਵੱਲੋਂ ਬ੍ਰਿਕਸ ਮੁਲਕਾਂ ’ਤੇ ਸੌ ਫ਼ੀਸਦੀ ਟੈਕਸ ਲਾਉਣ ਦੀ ਧਮਕੀ
ਵੈਸਟ ਪਾਮ ਬੀਚ (ਫਲੋਰਿਡਾ), 1 ਦਸੰਬਰ
ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਲਡ ਟਰੰਪ ਨੇ 9 ਮੈਂਬਰੀ ਬ੍ਰਿਕਸ ਮੁਲਕਾਂ ਨੂੰ ਚਿਤਾਵਨੀ ਦਿੱਤੀ ਹੈ ਕਿ ਜੇ ਉਨ੍ਹਾਂ ਅਮਰੀਕੀ ਡਾਲਰ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਖ਼ਿਲਾਫ਼ 100 ਫ਼ੀਸਦੀ ਟੈਕਸ ਲਾਇਆ ਜਾਵੇਗਾ। ਬ੍ਰਿਕਸ ਮੁਲਕਾਂ ’ਚ ਭਾਰਤ ਸਮੇਤ ਬ੍ਰਾਜ਼ੀਲ, ਰੂਸ, ਚੀਨ, ਦੱਖਣੀ ਅਫ਼ਰੀਕਾ, ਮਿਸਰ, ਇਥੋਪੀਆ, ਇਰਾਨ ਅਤੇ ਸੰਯੁਕਤ ਅਰਬ ਅਮੀਰਾਤ ਸ਼ਾਮਲ ਹਨ। ਤੁਰਕੀ, ਅਜ਼ਰਬਾਇਜਾਨ ਤੇ ਮਲੇਸ਼ੀਆ ਨੇ ਮੈਂਬਰ ਬਣਨ ਲਈ ਦਰਖਾਸਤ ਦਿੱਤੀ ਹੈ ਅਤੇ ਕਈ ਹੋਰ ਮੁਲਕਾਂ ਨੇ ਵੀ ਬ੍ਰਿਕਸ ’ਚ ਸ਼ਾਮਲ ਹੋਣ ਲਈ ਆਪਣੀ ਦਿਲਚਸਪੀ ਦਿਖਾਈ ਹੈ।
ਅਮਰੀਕੀ ਡਾਲਰ ਆਲਮੀ ਕਾਰੋਬਾਰ ’ਚ ਸਭ ਤੋਂ ਵੱਧ ਵਰਤੀ ਜਾਣ ਵਾਲੀ ਕਰੰਸੀ ਹੈ ਅਤੇ ਉਸ ਨੇ ਪਿਛਲੀਆਂ ਚੁਣੌਤੀਆਂ ਦਾ ਡਟ ਕੇ ਟਾਕਰਾ ਕੀਤਾ ਹੈ ਪਰ ਬ੍ਰਿਕਸ ਅਤੇ ਹੋਰ ਵਿਕਾਸਸ਼ੀਲ ਮੁਲਕਾਂ ਨੇ ਕਿਹਾ ਹੈ ਕਿ ਉਹ ਆਲਮੀ ਵਿੱਤੀ ਪ੍ਰਣਾਲੀ ’ਚ ਅਮਰੀਕਾ ਦੇ ਦਬਦਬੇ ਤੋਂ ਤੰਗ ਆ ਚੁੱਕੇ ਹਨ। ਕੌਮਾਂਤਰੀ ਮੁਦਰਾ ਫੰਡ ਮੁਤਾਬਕ ਦੁਨੀਆ ਦੇ ਵਿਦੇਸ਼ੀ ਮੁਦਰਾ ਭੰਡਾਰ ’ਚ ਡਾਲਰ ਦੀ ਪ੍ਰਤੀਨਿਧਤਾ ਕਰੀਬ 58 ਫ਼ੀਸਦੀ ਹੈ ਅਤੇ ਤੇਲ ਵਰਗੀਆਂ ਅਹਿਮ ਵਸਤਾਂ ਦੀ ਵੇਚ-ਵੱਟ ਡਾਲਰ ’ਚ ਹੀ ਹੁੰਦੀ ਹੈ।
ਟਰੁੱਥ ਸੋਸ਼ਲ ਪੋਸਟ ’ਚ ਟਰੰਪ ਨੇ ਕਿਹਾ, ‘‘ਅਸੀਂ ਇਨ੍ਹਾਂ ਮੁਲਕਾਂ ਤੋਂ ਵਚਨਬੱਧਤਾ ਚਾਹੁੰਦੇ ਹਾਂ ਕਿ ਉਹ ਨਾ ਤਾਂ ਨਵੀਂ ਬ੍ਰਿਕਸ ਕਰੰਸੀ ਲਿਆਉਣਗੇ ਅਤੇ ਨਾ ਹੀ ਅਮਰੀਕੀ ਡਾਲਰ ਦੀ ਥਾਂ ’ਤੇ ਹੋਰ ਕਰੰਸੀ ਨੂੰ ਹਮਾਇਤ ਦੇਣਗੇ। ਜੇ ਉਨ੍ਹਾਂ ਅਮਰੀਕੀ ਕਰੰਸੀ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ’ਤੇ 100 ਫ਼ੀਸਦੀ ਦਰਾਮਦ ਟੈਕਸ ਲਾਇਆ ਜਾਵੇਗਾ।’’ ਜ਼ਿਕਰਯੋਗ ਹੈ ਕਿ ਅਕਤੂਬਰ ’ਚ ਬ੍ਰਿਕਸ ਮੁਲਕਾਂ ਦੇ ਸਿਖਰ ਸੰਮੇਲਨ ਦੌਰਾਨ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਅਮਰੀਕਾ ’ਤੇ ਡਾਲਰ ਨੂੰ ‘ਹਥਿਆਰ’ ਬਣਾ ਕੇ ਵਰਤਣ ਦਾ ਦੋਸ਼ ਲਾਉਂਦਿਆਂ ਕਿਹਾ ਸੀ ਕਿ ਇਹ ਉਸ ਦੀ ਵੱਡੀ ਭੁੱਲ ਹੈ। ਪੂਤਿਨ ਨੇ ਕਿਹਾ ਸੀ ਕਿ ਜੇ ਅਮਰੀਕਾ ਵਪਾਰ ਅਤੇ ਹੋਰ ਕੰਮਾਂ ’ਚ ਅੜਿੱਕੇ ਡਾਹੇਗਾ ਤਾਂ ਮੁਲਕਾਂ ਨੂੰ ਬਦਲ ਲੱਭਣ ਲਈ ਮਜਬੂਰ ਹੋਣਾ ਪਵੇਗਾ। ਖਾਸ ਤੌਰ ’ਤੇ ਰੂਸ ਨੇ ਨਵੀਂ ਅਦਾਇਗੀ ਪ੍ਰਣਾਲੀ ਬਣਾਉਣ ਲਈ ਦਬਾਅ ਬਣਾਇਆ ਹੋਇਆ ਹੈ ਤਾਂ ਜੋ ਪੱਛਮੀ ਮੁਲਕਾਂ ਵੱਲੋਂ ਲਾਗੂ ਪਾਬੰਦੀਆਂ ਤੋਂ ਬਚਿਆ ਜਾ ਸਕੇ। ਉਂਜ ਡਾਲਰ ਨੂੰ ਨੇੜ ਭਵਿੱਖ ’ਚ ਕੋਈ ਖ਼ਤਰਾ ਨਹੀਂ ਹੈ ਅਤੇ ਹੋਰ ਕਰੰਸੀਆਂ ’ਤੇ ਉਸ ਦਾ ਦਬਦਬਾ ਬਰਕਰਾਰ ਰਹੇਗਾ। ਟਰੰਪ ਵੱਲੋਂ ਟੈਕਸ ਲਗਾਉਣ ਦੀ ਧਮਕੀ ਉਸ ਸਮੇਂ ਆਈ ਹੈ ਜਦੋਂ ਉਨ੍ਹਾਂ ਗ਼ੈਰਕਾਨੂੰਨੀ ਪਰਵਾਸੀਆਂ ਅਤੇ ਨਸ਼ੇ ਅਮਰੀਕਾ ’ਚ ਦਾਖ਼ਲ ਹੋਣ ਤੋਂ ਰੋਕਣ ਦੇ ਇਰਾਦੇ ਨਾਲ ਮੈਕਸਿਕੋ ਅਤੇ ਕੈਨੇਡਾ ਤੋਂ ਆਉਣ ਵਾਲੀਆਂ ਵਸਤਾਂ ’ਤੇ 25 ਫ਼ੀਸਦ ਅਤੇ ਚੀਨ ਦੀਆਂ ਵਸਤਾਂ ’ਤੇ 10 ਫ਼ੀਸਦ ਵਾਧੂ ਟੈਕਸ ਲਗਾਉਣ ਦੀ ਧਮਕੀ ਦਿੱਤੀ ਹੈ। ਮੈਕਸਿਕੋ ਦੀ ਰਾਸ਼ਟਰਪਤੀ ਕਲੌਡੀਆ ਸ਼ੀਨਬਾਮ ਅਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਸ ਮਸਲੇ ’ਤੇ ਟਰੰਪ ਨਾਲ ਗੱਲਬਾਤ ਕੀਤੀ ਹੈ ਪਰ ਉਨ੍ਹਾਂ ਨੂੰ ਟੈਕਸ ’ਚ ਛੋਟ ਦਾ ਕੋਈ ਭਰੋਸਾ ਨਹੀਂ ਮਿਲਿਆ ਹੈ। -ਏਪੀ
‘ਭਾਰਤ ਵਿਹਾਰਕ ਸਥਾਨਕ ਕਰੰਸੀ ਵਪਾਰ ਪ੍ਰਣਾਲੀ ਵਿਕਸਤ ਕਰੇ’
ਨਵੀਂ ਦਿੱਲੀ: ਗਲੋਬਲ ਟਰੇਡ ਰਿਸਰਚ ਇਨੀਸ਼ਿਏਟਿਵ (ਜੀਟੀਆਰਆਈ) ਨੇ ਕਿਹਾ ਹੈ ਕਿ ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਲਡ ਟਰੰਪ ਦੀ ਬ੍ਰਿਕਸ ਮੁਲਕਾਂ ਨੂੰ ਦਿੱਤੀ ਗਈ ਚਿਤਾਵਨੀ ਗੈਰ-ਵਿਹਾਰਕ ਹੈ ਜਿਸ ’ਚ ਉਨ੍ਹਾਂ ਕਿਹਾ ਹੈ ਕਿ ਜੇ ਬ੍ਰਿਕਸ ਮੁਲਕ ਅਮਰੀਕੀ ਡਾਲਰ ਦੀ ਥਾਂ ’ਤੇ ਆਪਣੀ ਕਰੰਸੀ ਲਿਆਉਣਗੇ ਤਾਂ ਉਹ 100 ਫ਼ੀਸਦ ਦਰਾਮਦ ਡਿਊਟੀ ਲਗਾਉਣਗੇ। ਜੀਟੀਆਰਆਈ ਨੇ ਕਿਹਾ ਕਿ ਭਾਰਤ ਨੂੰ ਇਕ ਵਿਹਾਰਕ ਸਥਾਨਕ ਕਰੰਸੀ ਵਪਾਰ ਪ੍ਰਣਾਲੀ ਵਿਕਸਤ ਕਰਨ ’ਤੇ ਧਿਆਨ ਕੇਂਦਰਤ ਕਰਨਾ ਚਾਹੀਦਾ ਹੈ। ਸਾਲ 2009 ’ਚ ਬਣਿਆ ਬ੍ਰਿਕਸ ਇਕਲੌਤਾ ਅਜਿਹਾ ਅਹਿਮ ਕੌਮਾਂਤਰੀ ਗਰੁੱਪ ਹੈ ਜਿਸ ਦਾ ਅਮਰੀਕਾ ਮੈਂਬਰ ਨਹੀਂ ਹੈ। ਪਿਛਲੇ ਕੁਝ ਸਾਲਾਂ ਤੋਂ ਬ੍ਰਿਕਸ ਮੁਲਕਾਂ ਖਾਸ ਤੌਰ ’ਤੇ ਰੂਸ ਅਤੇ ਚੀਨ, ਅਮਰੀਕੀ ਡਾਲਰ ਦਾ ਬਦਲ ਲੱਭ ਰਹੇ ਹਨ ਜਾਂ ਆਪਣੀ ਖੁਦ ਦੀ ਬ੍ਰਿਕਸ ਕਰੰਸੀ ਬਣਾ ਰਹੇ ਹਨ। ਉਂਜ ਭਾਰਤ ਹਾਲੇ ਤੱਕ ਇਸ ਕਦਮ ਦਾ ਹਿੱਸਾ ਨਹੀਂ ਰਿਹਾ ਹੈ। ਜੀਟੀਆਰਆਈ ਨੇ ਕਿਹਾ ਕਿ 100 ਫ਼ੀਸਦ ਦਰਾਮਦ ਡਿਊਟੀ ਲਗਾਉਣ ਨਾਲ ਸਿਰਫ਼ ਅਮਰੀਕੀ ਖਪਤਕਾਰਾਂ ਨੂੰ ਹੀ ਨੁਕਸਾਨ ਹੋਵੇਗਾ ਕਿਉਂਕਿ ਇਸ ਨਾਲ ਦਰਾਮਦ ਵਸਤਾਂ ਦੀਆਂ ਕੀਮਤਾਂ ਵਧਣਗੀਆਂ, ਆਲਮੀ ਵਪਾਰ ’ਚ ਅੜਿੱਕੇ ਪੈਣਗੇ ਅਤੇ ਅਹਿਮ ਵਪਾਰਕ ਭਾਈਵਾਲਾਂ ਤੋਂ ਬਦਲਾ ਲੈਣ ਦਾ ਜੋਖਮ ਰਹੇਗਾ। ਜੀਟੀਆਰਆਈ ਦੇ ਬਾਨੀ ਅਜੇ ਸ੍ਰੀਵਾਸਤਵ ਨੇ ਕਿਹਾ ਕਿ ਭਾਰਤ ਨੂੰ ਪਾਰਦਰਸ਼ੀ ਅਤੇ ਖੁੱਲ੍ਹੀ ਕਰੰਸੀ ਐਕਸਚੇਂਜ ਦੀ ਸਥਾਪਨਾ ਕਰਕੇ ਸਥਾਨਕ ਕਰੰਸੀ ਵਪਾਰ ਨੂੰ ਵਿਹਾਰਕ ਬਣਾਉਣ ’ਤੇ ਧਿਆਨ ਕੇਂਦਰਤ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਭਾਰਤ ਦੇ ਨਾ ਤਾਂ ਅਮਰੀਕੀ ਡਾਲਰ ਦੇ ਅਸਰ ਹੇਠ ਆਉਣ ਅਤੇ ਨਾ ਹੀ ਇਸ ਮੁਕਾਮ ’ਤੇ ਬ੍ਰਿਕਸ ਕਰੰਸੀ ਅਪਣਾਉਣਾ ਹਿੱਤ ’ਚ ਹੈ। ਸ੍ਰੀਵਾਸਤਵ ਨੇ ਕਿਹਾ ਕਿ ਆਪਣੇ ਵਿੱਤੀ ਢਾਂਚੇ ਨੂੰ ਮਜ਼ਬੂਤ ਬਣਾ ਕੇ ਭਾਰਤ ਆਲਮੀ ਵਪਾਰ ਦੀ ਬਦਲ ਰਹੀ ਤਸਵੀਰ ਨੂੰ ਬਿਹਤਰ ਢੰਗ ਨਾਲ ਆਪਣੇ ਪੱਖ ’ਚ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਮੁਲਕਾਂ ਨੂੰ ਧਮਕੀਆਂ ਦੇਣ ਨਾਲ ਕੂਟਨੀਤਕ ਸਬੰਧ ਕਮਜ਼ੋਰ ਹੁੰਦੇ ਹਨ। -ਪੀਟੀਆਈ
ਟਰੰਪ ਵੱਲੋਂ ਕਾਸ਼ ਪਟੇਲ ਐੱਫਬੀਆਈ ਦਾ ਡਾਇਰੈਕਟਰ ਨਾਮਜ਼ਦ
ਵਾਸ਼ਿੰਗਟਨ, 1 ਦਸੰਬਰ
ਮਨੋਨੀਤ ਰਾਸ਼ਟਰਪਤੀ ਡੋਨਲਡ ਟਰੰਪ ਨੇ ਭਾਰਤੀ ਮੂਲ ਦੇ ਅਮਰੀਕੀ ਕਾਸ਼ ਪਟੇਲ (44) ਨੂੰ ਫੈਡਰਲ ਬਿਊਰੋ ਆਫ਼ ਇਨਵੈਸਟੀਗੇਸ਼ਨ (ਐੱਫਬੀਆਈ) ਦਾ ਡਾਇਰੈਕਟਰ ਨਾਮਜ਼ਦ ਕੀਤਾ ਹੈ। ਪਟੇਲ ਇਸ ਨਾਮਜ਼ਦਗੀ ਨਾਲ ਅਗਾਮੀ ਟਰੰਪ ਪ੍ਰਸ਼ਾਸਨ ਵਿਚ ਸਿਖਰਲਾ ਅਹੁਦਾ ਹਾਸਲ ਕਰਨ ਵਾਲਾ ਪਹਿਲਾ ਭਾਰਤੀ ਅਮਰੀਕੀ ਬਣ ਗਿਆ ਹੈ। ਟਰੰਪ ਨੇ ਆਪਣੀ ਮਾਲਕੀ ਵਾਲੇ ਸੋਸ਼ਲ ਮੀਡੀਆ ਪਲੈਟਫਾਰਮ ‘ਟਰੁਥ ਸੋਸ਼ਲ’ ਉੱਤੇ ਐਲਾਨ ਕੀਤਾ, ‘‘ਮੈਨੂੰ ਇਹ ਐਲਾਨ ਕਰਨ ਵਿਚ ਮਾਣ ਮਹਿਸੂਸ ਹੋ ਰਿਹਾ ਹੈ ਕਿ ਕਸ਼ਯਪ ‘ਕਾਸ਼’ ਪਟੇਲ ਫੈਡਰਲ ਬਿਊਰੋ ਆਫ਼ ਇਨਵੈਸਟੀਗੇਸ਼ਨ ਦੇ ਅਗਲੇ ਡਾਇਰੈਕਟਰ ਵਜੋਂ ਸੇਵਾਵਾਂ ਨਿਭਾਉਣਗੇ। ਕਾਸ਼ ਬਹੁਤ ਵਧੀਆ ਵਕੀਲ, ਤਫ਼ਤੀਸ਼ਕਾਰ ਅਤੇ ‘ਅਮੈਰਿਕਾ ਫਸਟ’ ਜੰਗਜੂ ਹੈ, ਜਿਸ ਨੇ ਆਪਣਾ ਕਰੀਅਰ ਭ੍ਰਿਸ਼ਟਾਚਾਰ ਨੂੰ ਬੇਨਕਾਬ ਕਰਨ, ਨਿਆਂ ਦੀ ਰੱਖਿਆ ਅਤੇ ਅਮਰੀਕੀ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਉੱਤੇ ਲਾ ਦਿੱਤਾ।’’ ਟਰੰਪ ਨੇ ਕਿਹਾ ਕਿ ਪਟੇਲ ਨੇ ‘ਰਸ਼ੀਆ ਰਸ਼ੀਆ ਰਸ਼ੀਆ ਹੌਕਸ’ ਬੇਨਕਾਬ ਕਰਨ ਵਿਚ ਵੀ ਅਹਿਮ ਭੂਮਿਕਾ ਨਿਭਾਈ। ਉਹ ਸੱਚ, ਜਵਾਬਦੇਹੀ ਤੇ ਸੰਵਿਧਾਨ ਦੀ ਵਕਾਲਤ ਲਈ ਖੜ੍ਹਿਆ ਰਿਹਾ।
ਪਟੇਲ ਨੇ 2017 ਵਿਚ ਟਰੰਪ ਪ੍ਰਸ਼ਾਸਨ ਦੇ ਆਖਰੀ ਕੁਝ ਹਫ਼ਤਿਆਂ ਵਿਚ ਅਮਰੀਕਾ ਦੇ ਕਾਰਜਕਾਰੀ ਰੱਖਿਆ ਮੰਤਰੀ ਦੇ ਚੀਫ਼ ਆਫ਼ ਸਟਾਫ਼ ਵਜੋਂ ਵੀ ਸੇਵਾਵਾਂ ਨਿਭਾਈਆਂ ਸਨ। ਮਨੋਨੀਤ ਰਾਸ਼ਟਰਪਤੀ ਨੇ ਕਿਹਾ, ‘‘ਕਾਸ਼ ਨੇ ਮੇਰੇ ਪਹਿਲੇ ਕਾਰਜਕਾਲ ਦੌਰਾਨ ਸ਼ਾਨਦਾਰ ਕੰਮ ਕੀਤਾ ਸੀ। ਕਾਸ਼ ਨੇ ਰੱਖਿਆ ਵਿਭਾਗ ਵਿਚ ਚੀਫ਼ ਆਫ਼ ਸਟਾਫ, ਨੈਸ਼ਨਲ ਇੰਟੈਲੀਜੈਂਸ ਦੇ ਡਿਪਟੀ ਡਾਇਰੈਕਟਰ ਅਤੇ ਕੌਮੀ ਸੁਰੱਖਿਆ ਕੌਂਸਲ ਵਿਚ ਅਤਿਵਾਦ ਦੇ ਟਾਕਰੇ ਨੂੰ ਲੈ ਕੇ ਵਿਭਾਗ ਦੇ ਸੀਨੀਅਰ ਡਾਇਰੈਕਟਰ ਵਜੋਂ ਵੀ ਕੰਮ ਕੀਤਾ। ਕਾਸ਼ 60 ਤੋਂ ਵੱਧ ਕੇਸਾਂ ਵਿਚ ਸਰਕਾਰ ਵੱਲੋਂ ਪੇਸ਼ ਹੋਇਆ।’’ -ਪੀਟੀਆਈ
ਪਟੇਲ ਦੀਆਂ ਜੜ੍ਹਾਂ ਗੁਜਰਾਤ ਵਿਚ
ਨਿਊ ਯਾਰਕ ਵਿਚ ਪੈਦਾ ਹੋਏ ਪਟੇਲ ਦੀਆਂ ਜੜ੍ਹਾਂ ਗੁਜਰਾਤ ਵਿਚ ਹਨ। ਪਟੇਲ ਦੇ ਮਾਤਾ ਪਿਤਾ ਈਸਟ ਅਫ਼ਰੀਕਾ- ਮਾਂ ਤਨਜ਼ਾਨੀਆ ਅਤੇ ਪਿਤਾ ਯੁਗਾਂਡਾ ਤੋਂ ਹਨ। ਪਟੇਲ ਦੇ ਮਾਤਾ ਪਿਤਾ 1970 ਵਿਚ ਕੈਨੇਡਾ ਤੋਂ ਅਮਰੀਕਾ ਆਏ ਸਨ। ਪਟੇਲ ਨੇ ਇਸ ਖ਼ਬਰ ਏਜੰਸੀ ਨੂੰ ਪਹਿਲਾਂ ਦਿੱਤੀ ਇੰਟਰਵਿਊ ਵਿਚ ਕਿਹਾ ਸੀ, ‘‘ਅਸੀਂ ਗੁਜਰਾਤੀ ਹਾਂ।’’ ਪਟੇਲ ਪਰਿਵਾਰ 70ਵਿਆਂ ਦੇ ਅਖੀਰ ਵਿਚ ਨਿਊ ਯਾਰਕ ਦੇ ਕੁਈਨਜ਼ ਵਿਚ ਆਇਆ ਸੀ। ਪਟੇਲ ਦਾ ਜਨਮ ਤੇ ਪਰਵਰਿਸ਼ ਇਥੇ ਹੀ ਹੋਈ।