ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਆਪਣੇ ਚੀਨੀ ਹਮਰੁਤਬਾ ਸ਼ੀ ਜਿਨਪਿੰਗ ਨਾਲ ਦੱਖਣੀ ਕੋਰੀਆ ਦੇ ਬੁਸਾਨ ’ਚ ਹੋਈ ਮੀਟਿੰਗ ਨੂੰ ਸਫਲ ਦੱਸਦਿਆਂ ਕਿਹਾ ਕਿ ਉਹ ਚੀਨ ’ਤੇ ਲਗਾਏ ਗਏ ਟੈਰਿਫ ’ਚ 10 ਫ਼ੀਸਦ ਦੀ ਕਟੌਤੀ ਕਰਨਗੇ। ਉਨ੍ਹਾਂ ਕਿਹਾ ਕਿ ਚੀਨ ਨੇ ਦੁਰਲੱਭ ਧਾਤਾਂ ਦੀ ਬਰਾਮਦਗੀ ਦੀ ਇਜਾਜ਼ਤ ਦੇਣ ਅਤੇ ਅਮਰੀਕਾ ਤੋਂ ਸੋਇਆਬੀਨ ਖ਼ਰੀਦਣ ’ਤੇ ਸਹਿਮਤੀ ਜਤਾਈ ਹੈ। ਰਾਸ਼ਟਰਪਤੀ ਟਰੰਪ ਨੇ ਏਅਰ ਫੋਰਸ ਵਨ ਜਹਾਜ਼ ’ਚ ਪੱਤਰਕਾਰਾਂ ਨੂੰ ਕਿਹਾ ਕਿ ਅਮਰੀਕਾ ਇਸ ਸਾਲ ਦੇ ਸ਼ੁਰੂ ’ਚ ਚੀਨ ’ਤੇ ਜੁਰਮਾਨੇ ਤਹਿਤ ਲਾਏ ਗਏ 20 ਫ਼ੀਸਦ ਟੈਰਿਫ ’ਚ ਕਟੌਤੀ ਕਰ ਕੇ ਇਸ ਨੂੰ 10 ਫ਼ੀਸਦ ਕਰ ਦੇਵੇਗਾ। ਇਹ ਟੈਰਿਫ ਫੈਂਟਾਨਿਲ ਬਣਾਉਣ ’ਚ ਵਰਤੇ ਜਾਣ ਵਾਲੇ ਰਸਾਇਣਾਂ ਦੀ ਵਿਕਰੀ ਨੂੰ ਲੈ ਕੇ ਲਾਏ ਗਏ ਸਨ। ਇਸ ਕਟੌਤੀ ਨਾਲ ਚੀਨ ’ਤੇ ਕੁੱਲ ਟੈਰਿਫ 57 ਤੋਂ ਘੱਟ ਕੇ 47 ਫ਼ੀਸਦ ਰਹਿ ਜਾਵੇਗਾ।
ਸ੍ਰੀ ਟਰੰਪ ਨੇ ਕਿਹਾ ਕਿ ਜੇ ਮੀਟਿੰਗ ਦੀ ਸਫਲਤਾ ਦੇ ਮੁਲਾਂਕਣ ਲਈ ਸਿਫ਼ਰ ਤੋਂ ਲੈ ਕੇ 10 ਨੰਬਰ ਤੱਕ ਦੇਣੇ ਹੋਣ ਤਾਂ ਉਹ 10 ਨਹੀਂ ਸਗੋਂ 12 ਨੰਬਰ ਦੇਣਗੇ। ਉਨ੍ਹਾਂ ਦੱਸਿਆ ਕਿ ਉਹ ਅਗਲੇ ਸਾਲ ਅਪਰੈਲ ’ਚ ਚੀਨ ਦਾ ਦੌਰਾ ਕਰਨਗੇ ਅਤੇ ਉਸ ਦੇ ਕੁਝ ਸਮੇਂ ਬਾਅਦ ਹੀ ਸ਼ੀ ਜਿਨਪਿੰਗ ਅਮਰੀਕਾ ਆਉਣਗੇ। ਉਨ੍ਹਾਂ ਅਤਿ ਆਧੁਨਿਕ ਕੰਪਿਊਟਰ ਚਿਪਸ ਦੀ ਬਰਾਮਦਗੀ ਬਾਰੇ ਵੀ ਚਰਚਾ ਕੀਤੀ ਅਤੇ ਕਿਹਾ ਕਿ ਐੱਨਵੀਡੀਆ ਕੰਪਨੀ ਇਸ ਮੁੱਦੇ ’ਤੇ ਚੀਨੀ ਅਧਿਕਾਰੀਆਂ ਨਾਲ ਗੱਲਬਾਤ ਕਰੇਗੀ। ਟਰੰਪ ਨੇ ਕਿਹਾ ਕਿ ਉਹ ਛੇਤੀ ਹੀ ਚੀਨ ਨਾਲ ਵਪਾਰ ਸਮਝੌਤੇ ’ਤੇ ਦਸਤਖ਼ਤ ਕਰ ਸਕਦੇ ਹਨ। ਅਮਰੀਕੀ ਰਾਸ਼ਟਰਪਤੀ ਨੇ ਕਿਹਾ, ‘‘ਸਾਡੇ ਵਿਚਾਲੇ ਹੁਣ ਬਹੁਤ ਘੱਟ ਵੱਡੇ ਅੜਿੱਕੇ ਬਚੇ ਹਨ।’’ ਦੱਖਣੀ ਕੋਰੀਆ ’ਚ ਕਰੀਬ 100 ਮਿੰਟ ਤੱਕ ਚੱਲੀ ਮੀਟਿੰਗ ਤੋਂ ਬਾਅਦ ਟਰੰਪ ਨੇ ਭਾਵੇਂ ਹਾਂ-ਪੱਖੀ ਰਵੱਈਆ ਅਖ਼ਤਿਆਰ ਕੀਤਾ ਪਰ ਦੁਨੀਆ ਦੇ ਦੋ ਸਭ ਤੋਂ ਵੱਡੇ ਅਰਥਚਾਰਿਆਂ ਵਿਚਾਲੇ ਤਣਾਅ ਦੀਆਂ ਸੰਭਾਵਨਾਵਾਂ ਹਾਲੇ ਵੀ ਬਣੀਆਂ ਹੋਈਆਂ ਹਨ।
ਮੱਤਭੇਦਾਂ ਦੇ ਬਾਵਜੂਦ ਰਲ ਕੇ ਕੰਮ ਕਰਾਂਗੇ: ਜਿਨਪਿੰਗ
ਮੀਟਿੰਗ ਸ਼ੁਰੂ ਹੋਣ ’ਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਪਹਿਲਾਂ ਤੋਂ ਤਿਆਰ ਬਿਆਨ ਪੜ੍ਹਦਿਆਂ ਮੱਤਭੇਦਾਂ ਦੇ ਬਾਵਜੂਦ ਇਕੱਠਿਆਂ ਕੰਮ ਕਰਨ ਦੀ ਇੱਛਾ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ, ‘‘ਸਾਡੇ ਮੁਲਕਾਂ ਦੇ ਹਾਲਾਤ ਵੱਖੋ-ਵੱਖਰੇ ਹਨ। ਇਸ ਲਈ ਹਮੇਸ਼ਾ ਹਰ ਮੁੱਦੇ ’ਤੇ ਸਾਡੀ ਰਾਏ ਇਕੋੋ ਜਿਹੀ ਨਹੀਂ ਹੋ ਸਕਦੀ ਹੈ। ਦੁਨੀਆ ਦੇ ਦੋ ਵੱਡੇ ਅਰਥਚਾਰਿਆਂ ਵਿਚਾਲੇ ਸਮੇਂ-ਸਮੇਂ ’ਤੇ ਕੁਝ ਮੱਤਭੇਦ ਹੋਣਾ ਆਮ ਜਿਹੀ ਗੱਲ ਹੈ।’’ -ਏਪੀ
ਰੂਸੀ ਤੇਲ ਮੁੱਦਾ: ਟਰੰਪ ਭਾਰਤ ਦੇ ਰੁਖ਼ ਤੋਂ ਖੁਸ਼
ਨਿਊਯਾਰਕ: ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਰੂਸ ਤੋਂ ਤੇਲ ਦੀ ਖ਼ਰੀਦ ਘਟਾਉਣ ਦੇ ਮਾਮਲੇ ’ਚ ਭਾਰਤ ਦੀ ਸ਼ਲਾਘਾ ਕੀਤੀ ਹੈ। ਉਨ੍ਹਾਂ ਮੁੜ ਦਾਅਵਾ ਕੀਤਾ ਕਿ ਭਾਰਤ ਆਪਣੀ ਊਰਜਾ ਖ਼ਰੀਦ ਰੂਸ ਤੋਂ ਵੱਡੇ ਪੱਧਰ ’ਤੇ ਘੱਟ ਕਰੇਗਾ। ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਬੁਸਾਨ ’ਚ ਮੀਟਿੰਗ ਮਗਰੋਂ ਵਾਸ਼ਿੰਗਟਨ ਪਰਤਦੇ ਸਮੇਂ ਜਹਾਜ਼ ’ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਟਰੰਪ ਨੇ ਕਿਹਾ ਕਿ ਚੀਨ ਲੰਬੇ ਸਮੇਂ ਤੋਂ ਰੂਸ ਤੋਂ ਤੇਲ ਖ਼ਰੀਦ ਰਿਹਾ ਹੈ ਪਰ ਉਹ ਭਾਰਤ ਬਾਰੇ ਆਖ ਸਕਦੇ ਹਨ ਕਿ ਉਹ ਇਸ ਮੁਹਾਜ਼ ’ਤੇ ਬਹੁਤ ਵਧੀਆ ਕਰ ਰਿਹਾ ਹੈ। ਉਂਝ ਉਨ੍ਹਾਂ ਕਿਹਾ ਕਿ ਤੇਲ ਖ਼ਰੀਦ ਦੇ ਮੁੱਦੇ ਬਾਰੇ ਜਿਨਪਿੰਗ ਨਾਲ ਕੋਈ ਚਰਚਾ ਨਹੀਂ ਹੋਈ ਹੈ ਪਰ ਰੂਸ ਤੇ ਯੂਕਰੇਨ ਵਿਚਾਲੇ ਜੰਗ ਖ਼ਤਮ ਕਰਨ ਬਾਰੇ ਜ਼ਰੂਰ ਗੱਲਬਾਤ ਹੋਈ ਹੈ। ਪਿਛਲੇ ਹਫ਼ਤੇ ਟਰੰਪ ਨੇ ਦਾਅਵਾ ਕੀਤਾ ਸੀ ਕਿ ਭਾਰਤ ਮੌਜੂਦਾ ਸਾਲ ਦੇ ਅਖੀਰ ਤੱਕ ਰੂਸ ਤੋਂ ਤੇਲ ਖ਼ਰੀਦਣਾ ਬਿਲਕੁਲ ਹੀ ਬੰਦ ਕਰ ਦੇਵੇਗਾ। -ਪੀਟੀਆਈ

