ਟਰੰਪ ਨੇ ਭਾਰਤ ’ਤੇ ਟੈਰਿਫ ਵਧਾ ਕੇ 50 ਫ਼ੀਸਦ ਕੀਤਾ
ਭਾਰਤ ਵੱਲੋਂ ਰੂਸ ਤੋਂ ਲਗਾਤਾਰ ਕੱਚਾ ਤੇਲ ਖ਼ਰੀਦੇ ਜਾਣ ਤੋਂ ਨਾਰਾਜ਼ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਜੁਰਮਾਨੇ ਵਜੋਂ ਭਾਰਤ ਤੋਂ ਆਉਣ ਵਾਲੀਆਂ ਵਸਤਾਂ ’ਤੇ ਟੈਰਿਫ 25 ਫ਼ੀਸਦ ਤੋਂ ਵਧਾ ਕੇ 50 ਫ਼ੀਸਦ ਕਰ ਦਿੱਤਾ ਹੈ। ਅਮਰੀਕਾ ਵੱਲੋਂ ਟੈਰਿਫ ਦੁੱਗਣਾ ਕੀਤੇ ਜਾਣ ਨਾਲ ਕੱਪੜਾ, ਸਮੁੰਦਰੀ ਉਤਪਾਦ ਅਤੇ ਚਮੜੇ ਨਾਲ ਬਣੀਆਂ ਵਸਤਾਂ ਦੀ ਬਰਾਮਦ ਜਿਹੇ ਖੇਤਰਾਂ ’ਤੇ ਮਾੜਾ ਅਸਰ ਪੈਣ ਦੀ ਸੰਭਾਵਨਾ ਹੈ। ਟਰੰਪ ਨੇ ਕਾਰਜਕਾਰੀ ਹੁਕਮਾਂ ’ਤੇ ਬੁੱਧਵਾਰ ਨੂੰ ਦਸਤਖ਼ਤ ਕੀਤੇ ਜਿਸ ’ਚ ਕਿਹਾ ਗਿਆ ਕਿ ਰੂਸੀ ਫੈਡਰੇਸ਼ਨ ਦੀ ਸਰਕਾਰ ਵੱਲੋਂ ਅਮਰੀਕਾ ਲਈ ਪੈਦਾ ਹੋ ਰਹੇ ਖ਼ਤਰਿਆਂ ਦੇ ਹੱਲ ਲਈ ਭਾਰਤ ’ਤੇ 25 ਫ਼ੀਸਦ ਵਾਧੂ ਟੈਰਿਫ ਲਗਾਇਆ ਜਾਂਦਾ ਹੈ। ਇਸ ਹੁਕਮ ਮਗਰੋਂ ਕੁਝ ਵਸਤਾਂ ਨੂੰ ਛੱਡ ਕੇ ਭਾਰਤੀ ਵਸਤਾਂ ’ਤੇ ਟੈਰਿਫ ਵਧ ਕੇ 50 ਫ਼ੀਸਦ ਹੋ ਜਾਵੇਗਾ। ਪਹਿਲਾਂ ਲਾਇਆ ਗਿਆ 25 ਫ਼ੀਸਦ ਟੈਰਿਫ ਭਲਕੇ 7 ਅਗਸਤ ਤੋਂ ਲਾਗੂ ਹੋ ਜਾਵੇਗਾ ਜਦਕਿ 25 ਫ਼ੀਸਦ ਵਾਧੂ ਟੈਰਿਫ 21 ਦਿਨਾਂ ਜਾਂ 27 ਅਗਸਤ ਤੋਂ ਅਮਲ ’ਚ ਆਵੇਗਾ। ਹੁਕਮ ’ਚ ਟਰੰਪ ਨੇ ਕਿਹਾ, ‘‘ਮੈਨੂੰ ਲਗਦਾ ਹੈ ਕਿ ਭਾਰਤ ਸਰਕਾਰ ਇਸ ਵੇਲੇ ਸਿੱਧੇ ਜਾਂ ਅਸਿੱਧੇ ਢੰਗ ਨਾਲ ਰੂਸੀ ਫੈਡਰੇਸ਼ਨ ਤੋਂ ਤੇਲ ਦਰਾਮਦ ਕਰ ਰਹੀ ਹੈ। ਇਸ ਲਈ ਅਮਰੀਕੀ ਅਮਰੀਕੀ ਖੇਤਰ ’ਚ ਆਉਣ ਵਾਲੀਆਂ ਭਾਰਤੀ ਵਸਤਾਂ ’ਤੇ 25 ਫ਼ੀਸਦ ਵਾਧੂ ਟੈਰਿਫ ਲੱਗੇਗਾ।’’ ਭਾਰਤ ਆਪਣੀ ਜ਼ਰੂਰਤ ਦਾ ਕਰੀਬ 88 ਫ਼ੀਸਦ ਕੱਚਾ ਤੇਲ ਵਿਦੇਸ਼ ਤੋਂ ਖ਼ਰੀਦਦਾ ਹੈ। ਭਾਰਤ 2021 ਤੱਕ ਦਰਾਮਦ ਕੁੱਲ ਕੱਚੇ ਤੇਲ ਦਾ ਮੁਸ਼ਕਲ ਨਾਲ 0.2 ਫ਼ੀਸਦ ਹੀ ਰੂਸ ਤੋਂ ਖ਼ਰੀਦਦਾ ਸੀ ਪਰ ਰੂਸ ਹੁਣ ਭਾਰਤ ਦਾ ਸਭ ਤੋਂ ਵੱਡਾ ਤੇਲ ਸਪਲਾਇਰ ਹੈ। ਭਾਰਤ ਨੇ ਜੁਲਾਈ ’ਚ ਰੋਜ਼ਾਨਾ ਕਰੀਬ 50 ਲੱਖ ਬੈਰਲ ਤੇਲ ਦੀ ਦਰਾਮਦ ਕੀਤੀ ਸੀ ਜਿਸ ’ਚੋਂ 16 ਲੱਖ ਬੈਰਲ ਤੇਲ ਰੂਸ ਤੋਂ ਆਇਆ ਸੀ। ਨਵੇਂ ਟੈਰਿਫ ਮਗਰੋਂ ਅਮਰੀਕਾ ’ਚ ਭਾਰਤ ਅਤੇ ਬ੍ਰਾਜ਼ੀਲ ਦੀਆਂ ਵਸਤਾਂ ’ਤੇ ਸਭ ਤੋਂ ਵੱਧ 50 ਫ਼ੀਸਦ ਟੈਰਿਫ ਲੱਗੇਗਾ। ਅਜਿਹੇ ’ਚ ਭਾਰਤ ਦੇ ਮੁਕਾਬਲੇ ਵਾਲੇ ਮੁਲਕ ਅਮਰੀਕੀ ਬਾਜ਼ਾਰ ’ਚ ਬਿਹਤਰ ਸਥਿਤੀ ’ਚ ਹੋਣਗੇ ਕਿਉਂਕਿ ਉਨ੍ਹਾਂ ਦਾ ਟੈਰਿਫ ਘੱਟ ਹੈ। ਇਹ ਐਲਾਨ ਅਜਿਹੇ ਸਮੇਂ ਹੋਇਆ ਹੈ ਜਦੋਂ ਅਮਰੀਕੀ ਟੀਮ ਪ੍ਰਸਤਾਵਿਤ ਦੁਵੱਲੇ ਵਪਾਰ ਸਮਝੌਤੇ ਲਈ ਛੇਵੇਂ ਗੇੜ ਦੀ ਵਾਰਤਾ ਲਈ 25 ਅਗਸਤ ਨੂੰ ਭਾਰਤ ਆਉਣ ਵਾਲੀ ਹੈ। ਜਿਨ੍ਹਾਂ ਖੇਤਰਾਂ ਨੂੰ ਇਸ ਟੈਰਿਫ ਨਾਲ ਨੁਕਸਾਨ ਹੋਵੇਗਾ, ਉਨ੍ਹਾਂ ’ਚ ਕੱਪੜਾ, ਰਤਨ ਤੇ ਗਹਿਣੇ, ਝੀਂਗਾ, ਚਮੜਾ ਤੇ ਜੁੱਤੇ, ਪਸ਼ੂ ਉਤਪਾਦ, ਰਸਾਇਣ ਅਤੇ ਬਿਜਲੀ ਤੇ ਮਸ਼ੀਨਰੀ ਸ਼ਾਮਲ ਹਨ। ਅਮਰੀਕਾ ਸਨਅਤੀ ਵਸਤਾਂ, ਆਟੋਮੋਬਾਈਲਜ਼, ਖੇਤੀ ਤੇ ਡੇਅਰੀ ਵਸਤਾਂ ਉਪਰ ਡਿਊਟੀ ’ਚ ਛੋਟ ਚਾਹੁੰਦਾ ਹੈ ਅਤੇ ਮਾਹਿਰਾਂ ਮੁਤਾਬਕ ਇਹ ਛੋਟ ਲੈਣ ਲਈ ਹੀ ਅਮਰੀਕਾ ਨੇ ਭਾਰਤ ’ਤੇ ਟੈਰਿਫ ਵਧਾ ਕੇ ਦਬਾਅ ਬਣਾਇਆ ਹੈ। -ਪੀਟੀਆਈ
ਰੂਸ ਤੋਂ ਅਮਰੀਕਾ ਆਉਂਦੀਆਂ ਵਸਤਾਂ ਬਾਰੇ ਮੈਨੂੰ ਪਤਾ ਨਹੀਂ: ਟਰੰਪ
ਨਿਊਯਾਰਕ/ਵਾਸ਼ਿੰਗਟਨ: ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਰੂਸ ਤੋਂ ਯੂਰੇਨੀਅਮ, ਖਾਦਾਂ ਅਤੇ ਰਸਾਇਣਾਂ ਦੀ ਅਮਰੀਕੀ ਦਰਾਮਦ ਬਾਰੇ ਕੋਈ ਜਾਣਕਾਰੀ ਨਹੀਂ ਹੈ। ਟਰੰਪ ਨੇ ਇਸ ਸਬੰਧੀ ਭਾਰਤ ਵੱਲੋਂ ਲਾਏ ਗਏ ਦੋਸ਼ਾਂ ਬਾਰੇ ਪੁੱਛੇ ਸਵਾਲ ਦੇ ਜਵਾਬ ’ਚ ਇਹ ਗੱਲ ਆਖੀ। ਟਰੰਪ ਨੇ ਕਿਹਾ, ‘‘ਮੈਨੂੰ ਇਸ ਬਾਰੇ ਕੁਝ ਵੀ ਪਤਾ ਨਹੀਂ ਹੈ। ਮੈਨੂੰ ਇਸ ਦੀ ਜਾਂਚ ਕਰਨੀ ਹੋਵੇਗੀ ਪਰ ਅਸੀਂ ਇਸ ਦਾ ਜਵਾਬ ਦੇਵਾਂਗੇ।’’ ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਉਹ ਛੇਤੀ ਹੀ ਉਨ੍ਹਾਂ ਮੁਲਕਾਂ ’ਤੇ ਟੈਰਿਫ ਹੋਰ ਵਧਾਉਣ ਦਾ ਫ਼ੈਸਲਾ ਲੈਣਗੇ ਜੋ ਰੂਸ ਤੋਂ ਊਰਜਾ ਖ਼ਰੀਦ ਰਹੇ ਹਨ। ਟਰੰਪ ਨੇ ਭਾਰਤ ਵੱਲੋਂ ਰੂਸ ਤੋਂ ਕੱਚਾ ਤੇਲ ਖ਼ਰੀਦ ਕੇ ਵੱਡੇ ਮੁਨਾਫ਼ੇ ਲਈ ਅੱਗੇ ਵੇਚਣ ਦੇ ਦੋਸ਼ ਲਗਾਉਂਦਿਆਂ ਧਮਕੀ ਦਿੱਤੀ ਕਿ ਅਮਰੀਕਾ, ਭਾਰਤ ’ਤੇ ਹੋਰ ਵਾਧੂ ਟੈਰਿਫ ਲਗਾਏਗਾ। ਚੀਨ ਸਮੇਤ ਹੋਰ ਮੁਲਕਾਂ ਵੱਲੋਂ ਰੂਸ ਤੋਂ ਊਰਜਾ ਖ਼ਰੀਦਣ ’ਤੇ 100 ਫ਼ੀਸਦ ਟੈਰਿਫ ਲਗਾਉਣ ਦੀ ਧਮਕੀ ਦੇਣ ਟਰੰਪ ਨੇ ਕਿਹਾ, ‘‘ਮੈਂ ਕੋਈ ਫ਼ੀਸਦ ਨਹੀਂ ਦੱਸਿਆ ਪਰ ਅਸੀਂ ਅਜਿਹਾ ਕੁਝ ਕਰ ਰਹੇ ਹਾਂ। ਦੇਖਦੇ ਹਾਂ ਕਿ ਅੱਗੇ ਕੀ ਹੁੰਦਾ ਹੈ।’’ ਇਸ ਦੌਰਾਨ ਵਿਦੇਸ਼ ਵਿਭਾਗ ਦੀ ਤਰਜਮਾਨ ਟੈਮੀ ਬਰੂਸ ਨੇ ਕਿਹਾ ਕਿ ਜਿਹੜੇ ਮੁਲਕ ਯੂਕਰੇਨ ਖ਼ਿਲਾਫ਼ ਭੁਗਤ ਰਹੇ ਹਨ, ਉਨ੍ਹਾਂ ਨੂੰ ਰਾਸ਼ਟਰਪਤੀ ਟਰੰਪ ਹੀ ਜਵਾਬ ਦੇਣਗੇ। ਭਾਰਤ ਵੱਲੋਂ ਰੂਸ ਤੋਂ ਤੇਲ ਖ਼ਰੀਦਣਾ ਜਾਰੀ ਰੱਖਣ ਦੇ ਦਿੱਤੇ ਬਿਆਨ ਬਾਰੇ ਬਰੂਸ ਨੇ ਕਿਹਾ, ‘‘ਮੈਂ ਕਿਸੇ ਦੂਜੇ ਮੁਲਕ ਦੇ ਇਸ ਬਿਆਨ ’ਤੇ ਕੋਈ ਟਿੱਪਣੀ ਨਹੀਂ ਕਰਾਂਗੀ ਕਿ ਉਹ ਕੀ ਕਰਨਗੇ ਜਾਂ ਕੀ ਨਹੀਂ ਕਰਨਗੇ। ਪਰ ਮੈਨੂੰ ਪਤਾ ਹੈ ਕਿ ਰਾਸ਼ਟਰਪਤੀ ਟਰੰਪ ਇਸ ਪੂਰੇ ਮਾਮਲੇ ਨੂੰ ਸਮਝਦੇ ਹਨ ਅਤੇ ਉਨ੍ਹਾਂ ਸਪੱਸ਼ਟ ਕਰ ਦਿੱਤਾ ਹੈ ਕਿ ਜੋ ਕੁਝ ਹੋ ਰਿਹਾ ਹੈ, ਉਹ ਉਨ੍ਹਾਂ ਨੂੰ ਪਸੰਦ ਨਹੀਂ ਹੈ।’’ ਇਕ ਹੋਰ ਸਵਾਲ ਦੇ ਜਵਾਬ ’ਚ ਬਰੂਸ ਨੇ ਕਿਹਾ ਕਿ ਅਮਰੀਕਾ ਹੁਣ ਵਾਧੂ ਪਾਬੰਦੀਆਂ ਦੀ ਗੱਲ ਕਰ ਰਿਹਾ ਹੈ ਯਾਨੀ ਕਿਸੇ ਅਜਿਹੇ ਮੁਲਕ, ਕੰਪਨੀ ਜਾਂ ਹੋਰਾਂ ’ਤੇ ਪਾਬੰਦੀ ਲਗਾਈਆਂ ਜਾਣਗੀਆਂ ਜੋ ਕਿਸੇ ਅਜਿਹੇ ਮੁਲਕ ਨਾਲ ਵਪਾਰ ਕਰ ਰਹੇ ਹੋਣ ਜਿਨ੍ਹਾਂ ’ਤੇ ਇਸ ਮਾਮਲੇ ’ਚ ਅਮਰੀਕਾ ਨੇ ਪਾਬੰਦੀਆਂ ਲਗਾਈਆਂ ਹਨ। -ਪੀਟੀਆਈ
ਅਮਰੀਕਾ ਦਾ ਫ਼ੈਸਲਾ ਅਨਿਆਂਪੂਰਨ, ਨਾਜਾਇਜ਼ ਤੇ ਗੈ਼ਰ-ਵਾਜਬ: ਭਾਰਤ
ਨਵੀਂ ਦਿੱਲੀ: ਭਾਰਤ ਨੇ ਅੱਜ ਭਾਰਤੀ ਵਸਤਾਂ ’ਤੇ 25 ਫੀਸਦ ਵਾਧੂ ਟੈਰਿਫ ਲਗਾਉਣ ਦੇ ਅਮਰੀਕਾ ਦੇ ਫੈਸਲੇ ਨੂੰ ‘ਅਨਿਆਂਪੂਰਨ, ਨਾਜਾਇਜ਼ ਅਤੇ ਗੈਰ-ਵਾਜਬ’ ਕਰਾਰ ਦਿੱਤਾ ਹੈ। ਨਵੀਂ ਦਿੱਲੀ ਦੀ ਇਹ ਤਿੱਖੀ ਪ੍ਰਤੀਕਿਰਿਆ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਇੱਕ ਕਾਰਜਕਾਰੀ ਆਦੇਸ਼ ’ਤੇ ਦਸਤਖ਼ਤ ਕਰਨ ਤੋਂ ਕੁੱਝ ਦੇਰ ਬਾਅਦ ਆਈ, ਜਿਸ ਤਹਿਤ ਪੱਛਮੀ ਪਾਬੰਦੀਆਂ ਦੇ ਬਾਵਜੂਦ ਭਾਰਤ ਵੱਲੋਂ ਰੂਸ ਤੋਂ ਕੱਚੇ ਤੇਲ ਦੀ ਖਰੀਦ ਜਾਰੀ ਰੱਖਣ ਦਾ ਹਵਾਲਾ ਦਿੰਦਿਆਂ ਨਵਾਂ ਟੈਰਿਫ ਲਾਉਣ ਦੀ ਗੱਲ ਕਹੀ ਗਈ ਹੈ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਭਾਰਤ ਆਪਣੇ ਕੌਮੀ ਹਿੱਤਾਂ ਦੀ ਰਾਖੀ ਲਈ ਹਰ ਜ਼ਰੂਰੀ ਕਦਮ ਚੁੱਕੇਗਾ। ਬਿਆਨ ਅਨੁਸਾਰ, ‘ਅਸੀਂ ਦੁਹਰਾਉਂਦੇ ਹਾਂ ਕਿ ਇਹ ਕਦਮ ਅਨਿਆਂਪੂਰਨ, ਨਾਜਾਇਜ਼ ਅਤੇ ਗੈਰ-ਵਾਜਬ ਹੈ।’ ਇਸ ਵਿੱਚ ਕਿਹਾ ਗਿਆ ਹੈ ਕਿ ਅਮਰੀਕਾ ਨੇ ਹਾਲ ਹੀ ਦੇ ਸਮੇਂ ਵਿੱਚ ਰੂਸ ਤੋਂ ਭਾਰਤ ਦੇ ਤੇਲ ਦਰਾਮਦ ਨੂੰ ‘ਨਿਸ਼ਾਨਾ’ ਬਣਾਇਆ ਹੈ। ਮੰਤਰਾਲੇ ਨੇ ਕਿਹਾ, ‘ਅਸੀਂ ਪਹਿਲਾਂ ਹੀ ਇਨ੍ਹਾਂ ਮੁੱਦਿਆਂ ’ਤੇ ਆਪਣੀ ਸਥਿਤੀ ਸਪੱਸ਼ਟ ਕਰ ਚੁੱਕੇ ਹਾਂ, ਜਿਸ ਵਿੱਚ ਇਹ ਤੱਥ ਵੀ ਸ਼ਾਮਲ ਹੈ ਕਿ ਸਾਡੀ ਦਰਾਮਦ ਬਾਜ਼ਾਰ ਕਾਰਕਾਂ ’ਤੇ ਆਧਾਰਤ ਹੈ ਅਤੇ ਭਾਰਤ ਦੇ 1.4 ਅਰਬ ਲੋਕਾਂ ਦੀ ਊਰਜਾ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਸਮੁੱਚੇ ਉਦੇਸ਼ ਨਾਲ ਕੀਤੀ ਗਈ ਹੈ।’ ਬਿਆਨ ਅਨੁਸਾਰ, ‘ਇਸ ਲਈ ਇਹ ਬਹੁਤ ਹੀ ਮੰਦਭਾਗਾ ਹੈ ਕਿ ਅਮਰੀਕਾ ਨੇ ਭਾਰਤ ’ਤੇ ਅਜਿਹੇ ਕਦਮਾਂ ਲਈ ਵਾਧੂ ਟੈਰਿਫ ਲਾਉਣ ਦਾ ਫੈਸਲਾ ਕੀਤਾ ਹੈ, ਜੋ ਕਈ ਹੋਰ ਦੇਸ਼ ਵੀ ਆਪਣੇ ਕੌਮੀ ਹਿੱਤਾਂ ਦੇ ਮੱਦੇਨਜ਼ਰ ਚੁੱਕ ਰਹੇ ਹਨ।’ -ਪੀਟੀਆਈ
਼50 ਫ਼ੀਸਦ ਟੈਰਿਫ ਆਰਥਿਕ ਬਲੈਕਮੇਲ: ਰਾਹੁਲ
ਨਵੀਂ ਦਿੱਲੀ: ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਭਾਰਤ ’ਤੇ 50 ਫੀਸਦ ਟੈਰਿਫ ਲਾਏ ਜਾਣ ਦੇ ਐਲਾਨ ਮਗਰੋਂ ਅੱਜ ਕਿਹਾ ਕਿ ਇਹ ਆਰਥਿਕ ਬਲੈਕਮੇਲ ਹੈ ਅਤੇ ਅਢੁੱਕਵੇਂ ਵਪਾਰ ਸਮਝੌਤੇ ਵਾਸਤੇ ਦੇਸ਼ ਨੂੰ ਧਮਕਾਉਣ ਦੀ ਕੋਸ਼ਿਸ਼ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਆਪਣੀ ‘ਕਮਜ਼ੋਰੀ’ ਭਾਰਤੀ ਹਿੱਤਾਂ ’ਤੇ ਭਾਰੂ ਨਹੀਂ ਪੈਣ ਦੇਣੀ ਚਾਹੀਦੀ। ਕਾਂਗਰਸੀ ਆਗੂ ਨੇ ‘ਐਕਸ’ ’ਤੇ ਕਿਹਾ, ‘‘ਟਰੰਪ ਦਾ 50 ਫ਼ੀਸਦ ਟੈਰਿਫ ਆਰਥਿਕ ਬਲੈਕਮੇਲ ਹੈ। ਅਢੁੱਕਵੇਂ ਵਪਾਰ ਸਮਝੌਤੇ ਲਈ ਭਾਰਤ ਨੂੰ ਧਮਕਾਉਣ ਦੀ ਕੋਸ਼ਿਸ਼ ਹੈ।’’ ਉਨ੍ਹਾਂ ਕਿਹਾ ਕਿ ਬਿਹਤਰ ਹੋਵੇਗਾ ਜੇਕਰ ਪ੍ਰਧਾਨ ਮੰਤਰੀ ਮੋਦੀ ਆਪਣੀ ਕਮਜ਼ੋਰੀ ਨੂੰ ਭਾਰਤੀਆਂ ਦੇ ਹਿੱਤਾਂ ’ਤੇ ਭਾਰੂ ਨਾ ਪੈਣ ਦੇਣ। ਉਧਰ, ਕਾਂਗਰਸ ਨੇ ਕਿਹਾ ਕਿ ਹੁਣ ਭਾਰਤ ਦੀ ਵਿਦੇਸ਼ ਨੀਤੀ ਅਤੇ ਸ਼ਾਸਨ ਪ੍ਰਣਾਲੀ ਵਿੱਚ ਵੱਡੇ ਬਦਲਾਅ ਦੀ ਲੋੜ ਹੈ। ਕਾਂਗਰਸ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੂੰ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਤੋਂ ਪ੍ਰੇਰਨਾ ਲੈਂਦਿਆਂ ਅਮਰੀਕਾ ਅੱਗੇ ਡਟ ਕੇ ਖੜ੍ਹਨ ਦੀ ਲੋੜ ਹੈ। -ਪੀਟੀਆਈ