ਟਰੰਪ ਨੇ ਰੂਸ-ਯੂਕਰੇਨ ਜੰਗ ਖ਼ਤਮ ਕਰਨ ਲਈ ਭਾਰਤ ’ਤੇ ਪਾਬੰਦੀਆਂ ਲਗਾਈਆਂ: ਵ੍ਹਾਈਟ ਹਾਊਸ
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਰੂਸ ਅਤੇ ਯੂਕਰੇਨ ਦਰਮਿਆਨ ਚੱਲ ਰਹੀ ਜੰਗ ਨੂੰ ਖ਼ਤਮ ਕਰਨ ਲਈ ਭਾਰਤ ’ਤੇ ਪਾਬੰਦੀਆਂ ਲਗਾਈਆਂ ਹਨ। ਇਹ ਜਾਣਕਾਰੀ ਵ੍ਹਾਈਟ ਹਾਊਸ ਦੀ ਪ੍ਰੈੱਸ ਸਕੱਤਰ ਕੈਰੋਲਿਨ ਲੈਵਿਟ ਨੇ ਦਿੱਤੀ।
ਲੈਵਿਟ ਨੇ ਦੱਸਿਆ ਕਿ ਟਰੰਪ ਨੇ ਭਾਰਤ ’ਤੇ ਕੁੱਲ 50 ਫੀਸਦ ਟੈਕਸ ਲਗਾਏ ਹਨ, ਜਿਸ ਵਿੱਚ ਰੂਸੀ ਤੇਲ ਦੀ ਖਰੀਦ ਕਾਰਨ ਲਗਾਇਆ 25 ਫੀਸਦੀ ਜੁਰਮਾਨਾ ਵੀ ਸ਼ਾਮਲ ਹੈ। ਇਹ ਟੈਰਿਫ 27 ਅਗਸਤ ਤੋਂ ਲਾਗੂ ਹੋਣਗੇ। ਮੰਗਲਵਾਰ ਨੂੰ ਪ੍ਰੈੱਸ ਬ੍ਰੀਫਿੰਗ ਦੌਰਾਨ ਲੈਵਿਟ ਨੇ ਕਿਹਾ ਕਿ ਟਰੰਪ ਨੇ ਲਗਪਗ ਚਾਰ ਸਾਲ ਤੋਂ ਚੱਲ ਰਹੀ ਇਸ ਜੰਗ ਨੂੰ ਖਤਮ ਕਰਨ ਲਈ ਬਹੁਤ ਦਬਾਅ ਪਾਇਆ ਹੈ। ਉਨ੍ਹਾਂ ਕਿਹਾ, ‘‘ਜਿਵੇਂ ਕਿ ਤੁਸੀਂ ਦੇਖਿਆ ਹੈ, ਉਨ੍ਹਾਂ ਨੇ ਭਾਰਤ ’ਤੇ ਪਾਬੰਦੀਆਂ ਲਗਾਈਆਂ ਅਤੇ ਹੋਰ ਕਾਰਵਾਈਆਂ ਵੀ ਕੀਤੀਆਂ ਹਨ। ਉਨ੍ਹਾਂ ਇਹ ਬਹੁਤ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਇਸ ਜੰਗ ਨੂੰ ਖ਼ਤਮ ਹੁੰਦਾ ਦੇਖਣਾ ਚਾਹੁੰਦੇ ਹਨ।’’ ਲੈਵਿਟ ਨੇ ਅੱਗੇ ਕਿਹਾ, ‘‘ਰਾਸ਼ਟਰਪਤੀ ਇਸ ਜੰਗ ਨੂੰ ਜਲਦੀ ਤੋਂ ਜਲਦੀ ਖ਼ਤਮ ਕਰਨਾ ਚਾਹੁੰਦੇ ਹਨ।’’ ਜ਼ਿਕਰਯੋਗ ਹੈ ਕਿ ਰੂਸ ਨੇ ਫਰਵਰੀ 2022 ਵਿੱਚ ਯੂਕਰੇਨ ’ਤੇ ਹਮਲਾ ਕੀਤਾ ਸੀ। ਇਸ ਤੋਂ ਪਹਿਲਾਂ, ਸੀਐੱਨਬੀਸੀ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ, ਅਮਰੀਕੀ ਖ਼ਜ਼ਾਨਾ ਮੰਤਰੀ ਸਕੌਟ ਬੇਸੈਂਟ ਨੇ ਭਾਰਤ ’ਤੇ ਰੂਸੀ ਤੇਲ ਨੂੰ ਮੁੜ ਵੇਚ ਕੇ ਮੁਨਾਫਾ ਕਮਾਉਣ ਦਾ ਦੋਸ਼ ਲਗਾਇਆ ਸੀ।