ਭਾਰਤ-ਪਾਕਿ ਜੰਗ ਬਾਰੇ ਟਰੰਪ ਦਾ ਵੱਡਾ ਦਾਅਵਾ; ਕਿਹਾ ਪੰਜ ਲੜਾਕੂ ਜਹਾਜ਼ ਡਿੱਗੇ
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਭਾਰਤ-ਪਾਕਿ ਜੰਗ ਰੋਕੇ ਜਾਣ ਦੇ ਦਾਅਵਿਆਂ ਦਰਮਿਆਨ ਉਨ੍ਹਾਂ ਇਸ ਜੰਗ ਦੌਰਾਨ ਪੰਜ ਲੜਾਕੂ ਜਹਾਜ਼ ਡੇਗੇ ਜਾਣ ਬਾਰੇ ਇੱਕ ਨਵਾਂ ਖੁਲਾਸਾ ਕੀਤਾ ਹੈ। ਟਰੰਪ ਨੇ ਹਾਲਾਂਕਿ ਸਪੱਸ਼ਟ ਨਹੀਂ ਕੀਤਾ ਕਿ ਇਹ ਜਹਾਜ਼ ਦੋਹਾਂ ਵਿੱਚੋ ਕਿਹੜੇ ਮੁਲਕ ਦੇ ਸਨ।ਟਰੰਪ ਨੇ ਕਿਹਾ, ‘‘ਅਸੀਂ ਬਹੁਤ ਸਾਰੀਆਂ ਜੰਗਾਂ ਰੋਕੀਆਂ ਹਨ। ਭਾਰਤ ਤੇ ਪਾਕਿਸਤਾਨ ਦਰਮਿਆਨ ਜੋ ਹੋ ਰਿਹਾ ਸੀ ਉਹ ਗੰਭੀਰ ਸੀ। ਜਹਾਜ਼ ਹਵਾ ਵਿਚ ਫੁੰਡੇ ਜਾ ਰਹੇ ਸੀ। ਮੇਰਾ ਮੰਨਣਾ ਹੈ ਕਿ ਪੰਜ ਲੜਾਕੂ ਜਹਾਜ਼ਾਂ ਨੂੰ ਅਸਲ ਵਿਚ ਡੇਗਿਆ ਗਿਆ ਸੀ।’’
ਟਰੰਪ ਰਿਪਬਲਿਕਨ ਸੈਨੇਟਰਾਂ ਲਈ ਸ਼ੁੱਕਰਵਾਰ ਨੂੰ ਵ੍ਹਾਈਟ ਹਾਊਸ ਰੱਖੀ ਰਾਤ ਦੀ ਦਾਅਵਤ ਮੌਕੇ ਸੰਬੋਧਨ ਕਰ ਰਹੇ ਸਨ।
ਅਮਰੀਕੀ ਸਦਰ ਨੇ ਇਹ ਵੀ ਕਿਹਾ, ‘‘ਭਾਰਤ ਤੇ ਪਾਕਿਸਤਾਨ ਆਹਮੋ-ਸਾਹਮਣੇ ਸੀ ਤੇ ਇਹ ਟਕਰਾਅ ਵਧਦਾ ਜਾ ਰਿਹਾ ਸੀ, ਅਸੀਂ ਇਸ ਨੂੰ ਵਪਾਰ ਜ਼ਰੀਏ ਹੱਲ ਕੀਤਾ। ਅਸੀਂ ਕਿਹਾ, ‘‘ਕੀ ਤੁਸੀਂ ਲੋਕ ਵਪਾਰ ਸਮਝੌਤਾ ਕਰਨਾ ਚਾਹੁੰਦੇ ਹੋ? ਜੇਕਰ ਤੁਸੀਂ ਹਥਿਆਰਾਂ ਤੇ ਸ਼ਾਇਦ ਪਰਮਾਣੂ ਹਥਿਆਰਾਂ ਦਾ ਇਸਤੇਮਾਲ ਕਰ ਰਹੇ ਹੋ ਤਾਂ ਅਸੀਂ ਵਪਾਰ ਸਮਝੌਤਾ ਨਹੀਂ ਕਰਾਂਗੇ। ਦੋਵੇਂ ਬਹੁਤ ਤਾਕਤਵਰ ਪਰਮਾਣੂ ਮੁਲਕ ਹਨ।’’ ਟਰੰਪ ਦੇ ਇਸ ਬਿਆਨ ਨੇ ਭਾਰਤ ਵਿਚ ਮੁੱਖ ਵਿਰੋਧੀ ਧਿਰ ਕਾਂਗਰਸ ਨੂੰ ਅਗਾਮੀ ਮੌਨਸੂਨ ਇਜਲਾਸ ਤੋਂ ਪਹਿਲਾਂ ਇੱਕ ਨਵਾਂ ਮੁੱਦਾ ਦੇ ਦਿੱਤਾ ਹੈ।
ਇਸ ਤੋਂ ਪਹਿਲਾਂ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਸ਼ੁੱਕਰਵਾਰ ਨੂੰ ਵਿਕਾਸਸ਼ੀਲ ਦੇਸ਼ਾਂ ਦੇ ਬ੍ਰਿਕਸ ਸਮੂਹ ਦੇ ਮੈਂਬਰਾਂ ਤੋਂ ਦਰਾਮਦਗੀ ’ਤੇ 10 ਫੀਸਦੀ ਟੈਕਸ ਲਗਾਉਣ ਦੀ ਆਪਣੀ ਧਮਕੀ ਨੂੰ ਮੁੜ ਦੁਹਰਾਇਆ ਹੈ। ਟਰੰਪ ਨੇ ਦੇਸ਼ਾਂ ਦਾ ਨਾਮ ਲਏ ਬਿਨਾਂ ਕਿਹਾ, “ਜਦੋਂ ਮੈਂ ਬ੍ਰਿਕਸ ਦੇ ਇਸ ਸਮੂਹ ਬਾਰੇ ਸੁਣਿਆ ਤਾਂ ਮੈਂ ਉਨ੍ਹਾਂ ’ਤੇ ਬਹੁਤ ਸਖ਼ਤ ਹਮਲਾ ਕੀਤਾ ਅਤੇ ਜੇ ਉਹ ਕਦੇ ਅਸਲ ਵਿੱਚ ਸਹੀ ਤਰੀਕੇ ਨਾਲ ਬਣੇ, ਤਾਂ ਇਹ ਬਹੁਤ ਜਲਦੀ ਖ਼ਤਮ ਹੋ ਜਾਵੇਗਾ। ਅਸੀਂ ਕਦੇ ਵੀ ਕਿਸੇ ਨੂੰ ਸਾਡੇ ਨਾਲ ਖੇਡਾਂ ਨਹੀਂ ਖੇਡਣ ਦੇ ਸਕਦੇ।”
ਟਰੰਪ ਨੇ ਇਹ ਵੀ ਕਿਹਾ ਕਿ ਉਹ ਡਾਲਰ ਦੀ ਵਿਸ਼ਵਵਿਆਪੀ ਰਿਜ਼ਰਵ ਮੁਦਰਾ ਵਜੋਂ ਸਥਿਤੀ ਨੂੰ ਬਰਕਰਾਰ ਰੱਖਣ ਲਈ ਵਚਨਬੱਧ ਹਨ ਅਤੇ ਉਨ੍ਹਾਂ ਅਮਰੀਕਾ ਵਿੱਚ ਕੇਂਦਰੀ ਬੈਂਕ ਡਿਜੀਟਲ ਮੁਦਰਾ ਦੀ ਸਿਰਜਣਾ ਦੀ ਇਜਾਜ਼ਤ ਨਾ ਦੇਣ ਦਾ ਪ੍ਰਣ ਲਿਆ।
ਜ਼ਿਕਰਯੋਗ ਹੈ ਕਿ ਟਰੰਪ ਨੇ 6 ਜੁਲਾਈ ਨੂੰ ਨਵੇਂ ਟੈਕਸ ਦਾ ਐਲਾਨ ਕਰਦਿਆਂ ਕਿਹਾ ਸੀ ਕਿ ਇਹ ਬ੍ਰਿਕਸ ਸਮੂਹ ਦੀਆਂ ਅਮਰੀਕਾ ਵਿਰੋਧੀ ਨੀਤੀਆਂ ਨਾਲ ਜੁੜੇ ਕਿਸੇ ਵੀ ਦੇਸ਼ 'ਤੇ ਲਾਗੂ ਹੋਵੇਗਾ। ਧਮਕੀ ਜਾਰੀ ਕਰਨ ਤੋਂ ਬਾਅਦ ਟਰੰਪ ਨੇ ਬਿਨਾਂ ਕਿਸੇ ਸਬੂਤ ਦੇ ਵਾਰ-ਵਾਰ ਦਾਅਵਾ ਕੀਤਾ ਹੈ ਕਿ ਇਹ ਸਮੂਹ ਸੰਯੁਕਤ ਰਾਜ ਅਮਰੀਕਾ ਅਤੇ ਵਿਸ਼ਵ ਦੀ ਰਿਜ਼ਰਵ ਮੁਦਰਾ ਵਜੋਂ ਡਾਲਰ ਦੀ ਭੂਮਿਕਾ ਨੂੰ ਨੁਕਸਾਨ ਪਹੁੰਚਾਉਣ ਲਈ ਬਣਾਇਆ ਗਿਆ ਸੀ।
ਹਾਲਾਂਕਿ ਦੂਜੇ ਪਾਸੇ ਬ੍ਰਿਕਸ ਨੇਤਾਵਾਂ ਨੇ ਇਹ ਦਾਅਵਾ ਰੱਦ ਕਰ ਦਿੱਤਾ ਹੈ ਕਿ ਇਹ ਸਮੂਹ ਅਮਰੀਕਾ ਵਿਰੋਧੀ ਹੈ। -ਏਜੰਸੀਆਂ