ਟਰੱਕ ਡਰਾਈਵਰ ਅਗਵਾ ਕੇਸ: ਪੂਜਾ ਖੇੜਕਰ ਦੀ ਮਾਂ ਨੇ ਪੁਲੀਸ ਨੂੰ ਡਰਾਉਣ ਲਈ ਕੁੱਤੇ ਛੱਡੇ: ਅਧਿਕਾਰੀ
ਸਾਬਕਾ ਆਈਏਐੱਸ ਪ੍ਰੋਬੇਸ਼ਨਰ ਪੂਜਾ ਖੇੜਕਰ ਦੀ ਮਾਂ ਮਨੋਰਮਾ ਖੇਡਕਰ ਨੇ ਕਥਿਤ ਤੌਰ ’ਤੇ ਟਰੱਕ ਡਰਾਈਵਰ ਦੇ ਅਗਵਾ ਦੇ ਦੋਸ਼ੀਆਂ ਨੂੰ ਪੁਣੇ ’ਚ ਪਰਿਵਾਰ ਦੇ ਘਰੋਂ ਭੱਜਣ 'ਚ ਮਦਦ ਕੀਤੀ ਅਤੇ ਨਵੀਂ ਮੁੰਬਈ ਪੁਲੀਸ ਦੀ ਟੀਮ ਨੂੰ ਡਰਾਉਣ ਲਈ ਖੂੰਖਾਰ ਕੁੱਤੇ ਛੱਡੇ। ਅਧਿਕਾਰੀਆਂ ਨੇ ਸੋਮਵਾਰ ਨੂੰ ਦੱਸਿਆ ਕਿ ਨਵੀਂ ਮੁੰਬਈ ਪੁਲੀਸ ਨੇ ਦੋ ਦੋਸ਼ੀਆਂ ਦੀ ਪਛਾਣ ਪੂਜਾ ਖੇੜਕਰ ਦੇ ਪਿਤਾ, ਦਿਲੀਪ ਖੇੜਕਰ, ਅਤੇ ਉਸ ਦੇ ਬਾਡੀਗਾਰਡ, ਪ੍ਰਫੁੱਲ ਸਲੁੰਖੇ ਵਜੋਂ ਕੀਤੀ ਹੈ। ਇਸ ਮਾਮਲੇ ਵਿਚ ਹੁਣ ਤੱਕ ਕੋਈ ਗ੍ਰਿਫ਼ਤਾਰੀ ਨਹੀਂ ਹੋਈ ਹੈ।
ਸ਼ਨਿਚਰਵਾਰ ਸ਼ਾਮ ਨੂੰ ਹੋਏ ਅਗਵਾ ਤੋਂ ਕੁਝ ਘੰਟਿਆਂ ਬਾਅਦ ਹੀ ਐਤਵਾਰ ਨੂੰ ਪੂਜਾ ਖੇੜਕਰ ਦੇ ਪੁਣੇ ਸਥਿਤ ਘਰ ਤੋਂ ਡਰਾਈਵਰ ਨੂੰ ਬਚਾ ਲਿਆ ਗਿਆ।
ਰਬਾਲੇ ਪੁਲੀਸ ਸਟੇਸ਼ਨ ਨਵੀਂ ਮੁੰਬਈ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਮੁੰਬਈ-ਐਰੋਲੀ ਰੋਡ 'ਤੇ ਉਦੋਂ ਵਾਪਰੀ, ਜਦੋਂ ਪ੍ਰਹਿਲਾਦ ਕੁਮਾਰ (22) ਦੁਆਰਾ ਚਲਾਇਆ ਜਾ ਰਿਹਾ ਕੰਕਰੀਟ ਮਿਕਸਰ ਟਰੱਕ ਇੱਕ ਲੈਂਡ ਕਰੂਜ਼ਰ ਕਾਰ ਨਾਲ ਟਕਰਾ ਗਿਆ। ਇਸ ਕਾਰਨ ਉਸ ਅਤੇ ਐੱਸਯੂਵੀ ਦੇ ਦੋ ਯਾਤਰੀਆਂ ਵਿਚਾਲੇ ਬਹਿਸ ਹੋ ਗਈ।
ਉਨ੍ਹਾਂ ਦੱਸਿਆ ਕਿ ਦਿਲੀਪ ਖੇੜਕਰ ਅਤੇ ਸਲੁੰਖੇ ਨੇ ਕੁਮਾਰ ਨੂੰ ਐੱਸਯੂਵੀ ’ਚ ਬੰਦ ਕਰ ਲਿਆ ਅਤੇ ਉਸ ਨੂੰ ਪੁਣੇ ਦੇ ਬਾਨੇਰ ਇਲਾਕੇ ’ਚ ਪੂਜਾ ਖੇੜਕਰ ਦੇ ਬੰਗਲੇ ’ਤੇ ਲੈ ਗਏ। ਇਸ ਦੌਰਾਨ ਸ਼ਿਕਾਇਤ ਮਿਲਣ 'ਤੇ, ਨਵੀਂ ਮੁੰਬਈ ਪੁਲੀਸ ਨੇ ਖੇੜਕਰ ਦੇ ਬੰਗਲੇ ’ਤੇ ਕੁਮਾਰ ਦਾ ਪਤਾ ਲਗਾਇਆ।
ਚਤੁਰਸ਼੍ਰਿੰਗੀ ਪੁਲੀਸ ਸਟੇਸ਼ਨ ਦੇ ਇੱਕ ਅਧਿਕਾਰੀ ਨੇ ਕਿਹਾ, ‘‘ਨਵੀਂ ਮੁੰਬਈ ਪੁਲੀਸ ਦੀ ਇੱਕ ਟੀਮ, ਪੁਣੇ ਵਿੱਚ ਚਤੁਰਸ਼੍ਰਿੰਗੀ ਪੁਲਹਸ ਸਟੇਸ਼ਨ ਦੇ ਕਰਮਚਾਰੀਆਂ ਦੇ ਨਾਲ ਐਤਵਾਰ ਨੂੰ ਖੇੜਕਰ ਦੇ ਬੰਗਲੇ 'ਤੇ ਗਈ। ਇਹ ਜਾਣਦੇ ਹੋਏ ਕਿ ਪੁਲੀਸ ਬਾਹਰ ਹੈ, ਕੁਮਾਰ ਨੂੰ ਛੱਡ ਦਿੱਤਾ ਗਿਆ ਅਤੇ ਬੰਗਲੇ ਦਾ ਗੇਟ ਬੰਦ ਕਰ ਦਿੱਤਾ ਗਿਆ।
ਕੁਮਾਰ ਨੇ ਪੁਲੀਸ ਨੂੰ ਦੱਸਿਆ ਕਿ ਉਸਨੂੰ ਅਗਵਾ ਕਰਨ ਵਾਲੇ ਦੋ ਵਿਅਕਤੀ ਬੰਗਲੇ ਦੇ ਅੰਦਰ ਸਨ।
ਅਧਿਕਾਰੀ ਨੇ ਦੱਸਿਆ, ‘‘ਰਬਾਲੇ ਪੁਲੀਸ ਅਧਿਕਾਰੀ ਨੇ ਘੰਟੀ ਵਜਾਈ ਅਤੇ ਚੌਕੀਦਾਰ ਨੂੰ ਘਰ ਦੇ ਕਿਸੇ ਵਿਅਕਤੀ ਨੂੰ ਬੁਲਾਉਣ ਲਈ ਕਿਹਾ। ਮਨੋਰਮਾ ਖੇੜਕਰ ਬਾਹਰ ਆਈ ਪਰ ਉਸਨੇ ਗੇਟ ਨਹੀਂ ਖੋਲ੍ਹਿਆ। ਪੁਲੀਸ ਨੇ ਆਪਣੇ ਦੌਰੇ ਦਾ ਮਕਸਦ ਦੱਸਿਆ ਅਤੇ ਅਗਵਾ ਦੇ ਮਾਮਲੇ ਵਿੱਚ ਸ਼ਾਮਲ ਦੋ ਵਿਅਕਤੀਆਂ ਅਤੇ ਕਾਰ ਦਾ ਪਤਾ ਲਗਾਉਣ ਲਈ ਉਸਦਾ ਸਹਿਯੋਗ ਮੰਗਿਆ। ਹਾਲਾਂਕਿ, ਉਸ ਨੇ ਗੇਟ ਖੋਲ੍ਹਣ ਤੋਂ ਇਨਕਾਰ ਕਰ ਦਿੱਤਾ।
ਇਸ ਦੀ ਬਜਾਏ ਮਨੋਰਮਾ ਨੇ ਕਥਿਤ ਤੌਰ ’ਤੇ ਐੱਫਆਈਆਰ ਦੀ ਫੋਟੋ ਖਿੱਚੀ ਅਤੇ ਪੁਲੀਸ ਕਰਮਚਾਰੀਆਂ ਨੂੰ ਭਰੋਸਾ ਦਿੱਤਾ ਕਿ ਉਹ ਦੋ ਦੋਸ਼ੀਆਂ ਨੂੰ ਦੁਪਹਿਰ 3 ਵਜੇ (ਐਤਵਾਰ) ਤੱਕ ਚਤੁਰਸ਼੍ਰਿੰਗੀ ਪੁਲੀਸ ਸਟੇਸ਼ਨ ਲੈ ਆਵੇਗੀ।
ਅਧਿਕਾਰੀ ਨੇ ਅੱਗੇ ਕਿਹਾ, ‘‘ਉਸ ’ਤੇ ਵਿਸ਼ਵਾਸ ਕਰਦਿਆਂ, ਪੁਲੀਸ ਟੀਮ ਉੱਥੋਂ ਚਲੀ ਗਈ। ਹਾਲਾਂਕਿ, ਜਦੋਂ ਉਨ੍ਹਾਂ ਨੇ ਦੁਪਹਿਰ 3 ਵਜੇ ਦੇ ਕਰੀਬ ਉਸ ਨੂੰ ਬੁਲਾਇਆ, ਤਾਂ ਉਸ ਨੇ ਆਉਣ ਤੋਂ ਇਨਕਾਰ ਕਰ ਦਿੱਤਾ ਅਤੇ ਉਨ੍ਹਾਂ ਨੂੰ ਕਿਹਾ ਕਿ ਉਹ ਜੋ ਚਾਹੁਣ ਕਰ ਸਕਦੇ ਹਨ।’’
ਉਨ੍ਹਾਂ ਕਿਹਾ ਕਿ ਜਦੋਂ ਪੁਲੀਸ ਕਰਮਚਾਰੀ ਬੰਗਲੇ 'ਤੇ ਵਾਪਸ ਆਏ ਤਾਂ ਉਨ੍ਹਾਂ ਨੂੰ ਅਪਰਾਧ ਵਿੱਚ ਸ਼ਾਮਲ ਕਾਰ ਗਾਇਬ ਮਿਲੀ।
ਅਧਿਕਾਰੀ ਨੇ ਦੱਸਿਆ ਕਿ ਮਨੋਰਮਾ ਨੇ ਕਥਿਤ ਤੌਰ 'ਤੇ ਇਹ ਯਕੀਨੀ ਬਣਾਇਆ ਕਿ ਕਾਰ ਨੂੰ ਹਟਾ ਦਿੱਤਾ ਜਾਵੇ, ਦੋ ਦੋਸ਼ੀਆਂ ਨੂੰ ਭੱਜਣ ’ਚ ਮਦਦ ਕੀਤੀ ਅਤੇ ਪੁਲੀਸ ਟੀਮ ਨੂੰ ਡਰਾਉਣ ਲਈ ਗੇਟ ਦੇ ਅੰਦਰ ਦੋ ਖੂੰਖਾਰ ਕੁੱਤੇ ਛੱਡ ਦਿੱਤੇ।
ਨਵੀਂ ਮੁੰਬਈ ਪੁਲੀਸ ਅਧਿਕਾਰੀ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਦੇ ਆਧਾਰ ’ਤੇ ਮਨੋਰਮਾ ਦੇ ਖ਼ਿਲਾਫ਼ ਭਾਰਤੀ ਨਿਆ ਸੰਹਿਤਾ (BNS) ਦੀਆਂ ਸੰਬੰਧਿਤ ਧਾਰਾਵਾਂ, ਜਿਸ ਵਿੱਚ ਧਾਰਾ 221 (ਫਰਜ਼ਾਂ ਦੇ ਨਿਪਟਾਰੇ ਵਿੱਚ ਇੱਕ ਜਨਤਕ ਸੇਵਕ ਨੂੰ ਰੋਕਣਾ) ਸ਼ਾਮਲ ਹੈ, ਦੇ ਤਹਿਤ ਇੱਕ ਮਾਮਲਾ ਦਰਜ ਕੀਤਾ ਗਿਆ ਹੈ।
ਪੁਣੇ ਪੁਲੀਸ ਅਤੇ ਉਨ੍ਹਾਂ ਦੇ ਨਵੀਂ ਮੁੰਬਈ ਦੇ ਸਹਿਕਰਮੀਆਂ ਦੀ ਇੱਕ ਸਾਂਝੀ ਟੀਮ ਨੇ ਸੋਮਵਾਰ ਦੁਪਹਿਰ ਨੂੰ ਮਨੋਰਮਾ ਖੇੜਕਰ ਦੇ ਬੰਗਲੇ ਦਾ ਦੁਬਾਰਾ ਦੌਰਾ ਕੀਤਾ, ਪਰ ਉਹ ਉੱਥੇ ਨਹੀਂ ਮਿਲੀ।
ਚਤੁਰਸ਼੍ਰਿੰਗੀ ਪੁਲਿਸ ਸਟੇਸ਼ਨ ਦੇ ਸੀਨੀਅਰ ਪੁਲਿਸ ਇੰਸਪੈਕਟਰ ਉੱਤਮ ਭਜਨਾਵਾਲੇ ਨੇ ਕਿਹਾ, "ਕੋਈ ਵੀ ਮੇਨ ਗੇਟ ਖੋਲ੍ਹਣ ਲਈ ਮੌਜੂਦ ਨਹੀਂ ਸੀ, ਪੁਲੀਸ ਕਰਮਚਾਰੀ ਲੋਹੇ ਦੇ ਗੇਟ ਉੱਪਰੋਂ ਟੱਪ ਕੇ ਅੰਦਰ ਦਾਖਲ ਹੋਏ। ਹਾਲਾਂਕਿ, ਮਨੋਰਮਾ ਖੇੜਕਰ ਅੰਦਰ ਨਹੀਂ ਮਿਲੀ।