ਛੱਤੀਸਗੜ੍ਹ ਦੇ ਬਿਲਾਸਪੁਰ ਵਿੱਚ ਰੇਲਗੱਡੀ ਦੀ ਮਾਲ ਗੱਡੀ ਨਾਲ ਟੱਕਰ; 7 ਮੌਤਾਂ
ਯਾਤਰੀ ਗੱਡੀ ਨੇ ਮਾਲ ਗੱਡੀ ਨੂੰ ਪਿੱਛੋਂ ਟੱਕਰ ਮਾਰੀ; ਇਸ ਰੂਟ ’ਤੇ ਕੲੀ ਰੇਲਗੱਡੀਆਂ ਰੱਦ ਕੀਤੀਆਂ; ਰੇਲਵੇ ਵਲੋਂ ਜਾਂਚ ਸ਼ੁਰੂ
Passenger train collides with goods train in Chhattisgarh’s Bilaspur ਛੱਤੀਸਗੜ੍ਹ ਦੇ ਬਿਲਾਸਪੁਰ ਜ਼ਿਲ੍ਹੇ ਵਿੱਚ ਅੱਜ ਇੱਕ ਵੱਡਾ ਰੇਲ ਹਾਦਸਾ ਵਾਪਰਿਆ। ਇੱਥੇ ਇੱਕ ਯਾਤਰੀ ਰੇਲਗੱਡੀ ਮਾਲ ਗੱਡੀ ਨਾਲ ਟਕਰਾ ਗਈ ਜਿਸ ਕਾਰਨ 7 ਜਣਿਆਂ ਦੀ ਮੌਤ ਹੋ ਗਈ। ਇਸ ਹਾਦਸੇ ਕਾਰਨ 14 ਜ਼ਖਮੀ ਹੋ ਗਏ ਹਨ। ਇਹ ਹਾਦਸਾ ਬਿਲਾਸਪੁਰ-ਕਟਨੀ ਰੇਲਵੇ ਲਾਈਨ ’ਤੇ ਲਾਲ ਖੰਡ ਖੇਤਰ ਵਿੱਚ ਵਾਪਰਿਆ। ਰੇਲਵੇ ਨੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਹਨ। ਇਸ ਟੱਕਰ ਤੋਂ ਬਾਅਦ ਕਈ ਯਾਤਰੀਆਂ ਹੇਠਾਂ ਦੱਬ ਗਏ ਜਿਨ੍ਹਾਂ ਨੂੰ ਬਾਹਰ ਕੱਢਣ ਦੇ ਯਤਨ ਕੀਤੇ ਜਾ ਰਹੇ ਹਨ ਤੇ ਗੰਭੀਰ ਜ਼ਖਮੀਆਂ ਨੂੰ ਨੇੜਲੇ ਹਸਪਤਾਲਾਂ ਵਿੱਚ ਲਿਜਾਇਆ ਗਿਆ ਹੈ। ਇਹ ਪਤਾ ਲੱਗਿਆ ਹੈ ਕਿ ਯਾਤਰੀ ਗੱਡੀ ਨੇ ਮਾਲ ਗੱਡੀ ਨੂੰ ਪਿੱਛੋਂ ਟੱਕਰ ਮਾਰੀ।
ਰੇਲਵੇ ਪ੍ਰਸ਼ਾਸਨ ਨੇ ਤੁਰੰਤ ਇੱਕ ਮੈਡੀਕਲ ਟੀਮ ਅਤੇ ਡਿਵੀਜ਼ਨਲ ਅਧਿਕਾਰੀਆਂ ਨੂੰ ਘਟਨਾ ਸਥਾਨ ’ਤੇ ਭੇਜਿਆ। ਹਾਦਸੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਸੀਨੀਅਰ ਅਧਿਕਾਰੀ ਵੀ ਸਥਿਤੀ ਦਾ ਜਾਇਜ਼ਾ ਲੈਣ ਲਈ ਬਿਲਾਸਪੁਰ ਤੋਂ ਰਵਾਨਾ ਹੋ ਗਏ ਹਨ। ਇਸ ਰੂਟ ’ਤੇ ਰੇਲਗੱਡੀਆਂ ਦੀ ਆਵਾਜਾਈ ਨੂੰ ਰੋਕ ਦਿੱਤਾ ਗਿਆ ਹੈ ਅਤੇ ਕਈ ਐਕਸਪ੍ਰੈਸ ਅਤੇ ਯਾਤਰੀ ਰੇਲਗੱਡੀਆਂ ਨੂੰ ਰੱਦ ਜਾਂ ਤਬਦੀਲ ਕਰ ਦਿੱਤਾ ਗਿਆ ਹੈ।
ਇਸ ਹਾਦਸੇ ਕਾਰਨ ਓਵਰਹੈੱਡ ਤਾਰਾਂ ਅਤੇ ਸਿਗਨਲਿੰਗ ਪ੍ਰਣਾਲੀਆਂ ਨੂੰ ਵੱਡਾ ਨੁਕਸਾਨ ਹੋਇਆ ਹੈ ਜਿਸ ਨਾਲ ਆਵਾਜਾਈ ਬਹਾਲੀ ਦੇ ਕੰਮ ਵਿੱਚ ਦੇਰੀ ਹੋ ਸਕਦੀ ਹੈ। ਤਕਨੀਕੀ ਟੀਮਾਂ ਨੁਕਸਾਨ ਦੀ ਮੁਰੰਮਤ ਅਤੇ ਪਟੜੀਆਂ ਨੂੰ ਸਾਫ਼ ਕਰਨ ਲਈ ਕੰਮ ਕਰ ਰਹੀਆਂ ਹਨ। ਰੇਲਵੇ ਨੇ ਯਾਤਰੀਆਂ ਦੀ ਸਹੂਲਤ ਲਈ ਆਵਾਜਾਈ ਦੇ ਬਦਲਵੇਂ ਪ੍ਰਬੰਧ ਕੀਤੇ ਹਨ।
ਰੇਲਵੇ ਨੇ ਕਿਹਾ ਕਿ ਮ੍ਰਿਤਕਾਂ ਦੇ ਪਰਿਵਾਰ ਨੂੰ 10-10 ਲੱਖ ਰੁਪਏ ਅਤੇ ਗੰਭੀਰ ਜ਼ਖਮੀਆਂ ਨੂੰ 5 ਲੱਖ ਰੁਪਏ ਦਾ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ, ਜਦੋਂ ਕਿ ਮਾਮੂਲੀ ਸੱਟਾਂ ਵਾਲੇ ਲੋਕਾਂ ਨੂੰ ਇਕ ਲੱਖ ਰੁਪਏ ਦੀ ਸਹਾਇਤਾ ਦਿੱਤੀ ਜਾਵੇਗੀ। ਇਸ ਘਟਨਾ ਦੀ ਵਿਸਤ੍ਰਿਤ ਜਾਂਚ ਰੇਲਵੇ ਸੁਰੱਖਿਆ ਕਮਿਸ਼ਨਰ (ਸੀਆਰਐਸ) ਦੇ ਪੱਧਰ ’ਤੇ ਕੀਤੀ ਜਾਵੇਗੀ ਤਾਂ ਕਿ ਹਾਦਸੇ ਦੇ ਕਾਰਨ ਦਾ ਪਤਾ ਲਗਾਇਆ ਜਾ ਸਕੇ। ਰੇਲਵੇ ਪ੍ਰਸ਼ਾਸਨ ਵੱਲੋਂ ਜੰਗੀ ਪੱਧਰ ’ਤੇ ਰਾਹਤ ਅਤੇ ਬਚਾਅ ਕਾਰਜ ਸ਼ੁਰੂ ਕੀਤੇ ਗਏ ਹਨ। ਸੀਨੀਅਰ ਅਧਿਕਾਰੀ ਸਥਿਤੀ ਦੀ ਨਿਗਰਾਨੀ ਕਰਨ ਲਈ ਮੌਕੇ ’ਤੇ ਪਹੁੰਚ ਗਏ ਹਨ ਅਤੇ ਜ਼ਖਮੀਆਂ ਨੂੰ ਇਲਾਜ ਲਈ ਨੇੜਲੇ ਹਸਪਤਾਲਾਂ ਵਿੱਚ ਭੇਜ ਦਿੱਤਾ ਗਿਆ ਹੈ। ਰੇਲਵੇ ਅਧਿਕਾਰੀ ਪੀੜਤ ਯਾਤਰੀਆਂ ਨੂੰ ਹਰ ਸੰਭਵ ਸਹਾਇਤਾ ਅਤੇ ਤਾਲਮੇਲ ਪ੍ਰਦਾਨ ਕਰ ਰਹੇ ਹਨ। ਯਾਤਰੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਸਹੂਲਤ ਲਈ ਹੈਲਪਲਾਈਨ ਨੰਬਰ ਜਾਰੀ ਕੀਤੇ ਗਏ ਹਨ। ਪੀਟੀਆਈ

