Traffic jam ਸ਼ਿਮਲਾ-ਕਾਲਕਾ ਮਾਰਗ: ਪਰਵਾਣੂ ਅਤੇ ਕੰਡਾਘਾਟ ਵਿੱਚ ਲੰਬਾ ਜਾਮ
ਸ਼ਿਮਲਾ, 21 ਜੂਨ
Traffic jams on the Shimla-Kalka NH at Parwanoo and Kandaghat ਉਤਰੀ ਖੇਤਰ ਵਿਚ ਗਰਮੀ ਤੇ ਹੁੰਮਸ ਵਧਣ ਤੋਂ ਬਾਅਦ ਲੋਕਾਂ ਨੇ ਪਹਾੜੀ ਸਟੇਸ਼ਨਾਂ ਵੱਲ ਵਹੀਰਾਂ ਘੱਤ ਦਿੱਤੀਆਂ ਹਨ। ਇਸ ਕਾਰਨ ਵੀਕਐਂਡ ’ਤੇ ਛੁੱਟੀਆਂ ਮਨਾਉਣ ਲਈ ਅੱਜ ਵੱਡੀ ਗਿਣਤੀ ਸੈਲਾਨੀਆਂ ਨੇ ਹਿਮਾਚਲ ਪ੍ਰਦੇਸ਼ ਦਾ ਰੁਖ਼ ਕੀਤਾ ਜਿਸ ਕਾਰਨ ਸ਼ਿਮਲਾ-ਕਾਲਕਾ ਰਾਸ਼ਟਰੀ ਰਾਜਮਾਰਗ ’ਤੇ ਪਰਵਾਣੂ ਟੋਲ ਬੈਰੀਅਰ ਅਤੇ ਕੰਡਾਘਾਟ ਖੇਤਰ ਵਿੱਚ ਲੰਬਾ ਜਾਮ ਲੱਗ ਗਿਆ।
ਮੈਦਾਨੀ ਇਲਾਕਿਆਂ ਵਿੱਚ ਗਰਮੀ ਕਾਰਨ ਸ਼ਿਮਲਾ, ਨਾਰਕੰਡਾ, ਕੁਫਰੀ, ਚੈਲ ਅਤੇ ਕਿਨੌਰ ਜ਼ਿਲ੍ਹੇ ਦੇ ਸੈਲਾਨੀ ਕੇਂਦਰਾਂ ’ਤੇ ਵੱਡੀ ਗਿਣਤੀ ਲੋਕ ਇਕੱਠੇ ਹੁੰਦੇ ਹਨ। ਜੂਨ ਦੇ ਆਖਰੀ ਹਫਤੇ ਵਿੱਚ ਲੋਕਾਂ ਦੀ ਆਮਦ ਕਾਫ਼ੀ ਵੱਧ ਜਾਂਦੀ ਹੈ। ਪਹਾੜੀ ਸੂਬੇ ਦੀ ਪੁਲੀਸ ਨੇ ਆਵਾਜਾਈ ਨੂੰ ਨਿਯਮਤ ਕਰਨ ਲਈ ਵਾਧੂ ਪੁਲੀਸ ਫੋਰਸ ਤਾਇਨਾਤ ਕੀਤੀ ਸੀ ਪਰ ਫਿਰ ਵੀ ਪਰਵਾਣੂ ਅਤੇ ਕੰਡਾਘਾਟ ਵਿਚ ਐਕਸਾਈਜ਼ ਕੁਲੈਕਸ਼ਨ ਟੌਲ ਬੈਰੀਅਰ ’ਤੇ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲਗ ਗਈਆਂ।
ਪਰਵਾਣੂ ਟੌਲ ਬੈਰੀਅਰ ’ਤੇ ਵਾਹਨ ਐਂਟਰੀ ਫੀਸ ਦਾ ਭੁਗਤਾਨ ਕਰਨ ਲਈ ਰੁਕੇ ਅਤੇ ਜਾਮ ਲੱਗ ਗਿਆ। ਕੰਡਾਘਾਟ ਵਿਚ ਨਿਰਮਾਣ ਅਧੀਨ ਸੜਕ ਕਾਰਨ ਆਵਾਜਾਈ ਵਿੱਚ ਰੁਕਾਵਟ ਆਈ।
ਸੋਲਨ ਦੇ ਡਿਪਟੀ ਕਮਿਸ਼ਨਰ ਮਨਮੋਹਨ ਸ਼ਰਮਾ ਨੇ ਪੀਟੀਆਈ ਨੂੰ ਸ਼ਾਮ ਵੇਲੇ ਦੱਸਿਆ ਕਿ ਹੁਣ ਹਾਲਾਤ ਵਿਚ ਸੁਧਾਰ ਹੈ ਤੇ ਜਾਮ ਨਹੀਂ ਹੈ। ਸੋਲਨ ਦੇ ਪੁਲੀਸ ਸੁਪਰਡੈਂਟ ਗੌਰਵ ਸਿੰਘ ਨੇ ਕਿਹਾ ਕਿ ਸ਼ਨਿਚਰਵਾਰ ਨੂੰ ਪੰਜ ਘੰਟਿਆਂ ਵਿੱਚ ਰਾਜ ਵਿੱਚ ਸੈਲਾਨੀਆਂ ਦੀ ਆਮਦ ਬਹੁਤ ਜ਼ਿਆਦਾ ਹੋਈ ਤੇ ਲਗਪਗ 7,000 ਵਾਹਨ ਸੋਲਨ ਵਿੱਚ ਦਾਖਲ ਹੋਏ। ਉਨ੍ਹਾਂ ਕਿਹਾ ਕਿ 1 ਤੋਂ 9 ਜੂਨ ਤੱਕ 2.5 ਲੱਖ ਵਾਹਨ ਸ਼ਿਮਲਾ ਵਿੱਚ ਦਾਖਲ ਹੋਏ।