ਮੁੰਬਈ-ਅਹਿਮਦਾਬਾਦ ਹਾਈਵੇਅ ’ਤੇ ਟਰੈਫਿਕ ਜਾਮ; 500 ਤੋਂ ਵੱਧ ਵਿਦਿਆਰਥੀ 12 ਘੰਟਿਆਂ ਤੱਕ ਫਸੇ
ਮਹਾਰਾਸ਼ਟਰ ਦੇ ਪਾਲਘਰ ਜ਼ਿਲ੍ਹੇ ਵਿੱਚ ਮੁੰਬਈ-ਅਹਿਮਦਾਬਾਦ ਨੈਸ਼ਨਲ ਹਾਈਵੇਅ ਉੱਤੇ ਲੱਗੇ ਇੱਕ ਭਾਰੀ ਟਰੈਫਿਕ ਜਾਮ ਕਾਰਨ 500 ਤੋਂ ਵੱਧ ਵਿਦਿਆਰਥੀ ਅਤੇ ਯਾਤਰੀ ਲਗਪਗ 12 ਘੰਟੇ ਤੱਕ ਫਸੇ ਰਹੇ। ਉਨ੍ਹਾਂ ਦੱਸਿਆ ਕਿ ਵੱਖ-ਵੱਖ ਸਕੂਲਾਂ ਦੇ 5ਵੀਂ ਤੋਂ 10ਵੀਂ ਜਮਾਤ ਦੇ ਵਿਦਿਆਰਥੀਆਂ...
ਮਹਾਰਾਸ਼ਟਰ ਦੇ ਪਾਲਘਰ ਜ਼ਿਲ੍ਹੇ ਵਿੱਚ ਮੁੰਬਈ-ਅਹਿਮਦਾਬਾਦ ਨੈਸ਼ਨਲ ਹਾਈਵੇਅ ਉੱਤੇ ਲੱਗੇ ਇੱਕ ਭਾਰੀ ਟਰੈਫਿਕ ਜਾਮ ਕਾਰਨ 500 ਤੋਂ ਵੱਧ ਵਿਦਿਆਰਥੀ ਅਤੇ ਯਾਤਰੀ ਲਗਪਗ 12 ਘੰਟੇ ਤੱਕ ਫਸੇ ਰਹੇ।
ਉਨ੍ਹਾਂ ਦੱਸਿਆ ਕਿ ਵੱਖ-ਵੱਖ ਸਕੂਲਾਂ ਦੇ 5ਵੀਂ ਤੋਂ 10ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਲੈ ਕੇ ਜਾ ਰਹੀਆਂ ਬਾਰਾਂ ਬੱਸਾਂ, ਨਾਲ ਹੀ ਗੁਆਂਢੀ ਠਾਣੇ ਅਤੇ ਮੁੰਬਈ ਦੇ ਕੁਝ ਕਾਲਜ ਵਿਦਿਆਰਥੀ, ਮੰਗਲਵਾਰ ਸ਼ਾਮ 5.30 ਵਜੇ ਤੋਂ ਲੈ ਕੇ ਬੁੱਧਵਾਰ ਸਵੇਰ ਤੱਕ ਵਸਈ ਨੇੜੇ ਕਈ ਕਿਲੋਮੀਟਰ ਤੱਕ ਫੈਲੇ ਇਸ ਗ੍ਰਿਡਲਾਕ ਵਿੱਚ ਫਸੇ ਰਹੇ।
ਜੋ ਬੱਚੇ ਵਿਰਾਰ ਨੇੜੇ ਇੱਕ ਸਕੂਲੀ ਪਿਕਨਿਕ ਤੋਂ ਵਾਪਸ ਆ ਰਹੇ ਸਨ, ਉਨ੍ਹਾਂ ਨੂੰ ਕਈ ਘੰਟੇ ਭੋਜਨ ਅਤੇ ਪਾਣੀ ਤੋਂ ਬਿਨਾਂ ਰਹਿਣਾ ਪਿਆ।
ਡਿਪਟੀ ਕਮਿਸ਼ਨਰ ਆਫ ਪੁਲੀਸ (ਟਰੈਫਿਕ) ਵਸਈ ਪੂਰਨਿਮਾ ਚੌਗੁਲੇ-ਸ਼ਰਿੰਗੀ ਨੇ ਕਿਹਾ ਕਿ ਟਰੈਫਿਕ ਜਾਮ ਨੂੰ ਅਜੇ ਤੱਕ ਕਲੀਅਰ ਨਹੀਂ ਕੀਤਾ ਗਿਆ ਸੀ। ਮੰਗਲਵਾਰ ਸ਼ਾਮ ਨੂੰ ਹੋਏ ਇਸ ਭਾਰੀ ਜਾਮ ਕਾਰਨ ਵਾਹਨ ਘੰਟਿਆਂ ਬੱਧੀ ਮਸਾਂ ਹੀ ਅੱਗੇ ਵਧ ਰਹੇ ਸਨ।
ਰਾਤ ਤੱਕ, ਬਹੁਤ ਸਾਰੇ ਵਿਦਿਆਰਥੀ ਥੱਕੇ ਹੋਏ, ਭੁੱਖੇ ਅਤੇ ਚਿੰਤਤ ਸਨ, ਜਦੋਂ ਕਿ ਫਿਕਰਮੰਦ ਮਾਪੇ ਆਪਣੇ ਬੱਚਿਆਂ ਦੀ ਸੁਰੱਖਿਆ ਬਾਰੇ ਅਪਡੇਟਾਂ ਲਈ ਤਣਾਅ ਵਿੱਚ ਇੰਤਜ਼ਾਰ ਕਰ ਰਹੇ ਸਨ।
ਇੱਕ ਸਥਾਨਕ ਸਮਾਜ ਸੇਵੀ ਸੰਗਠਨ ਨੇ ਫਸੇ ਹੋਏ ਬੱਚਿਆਂ ਨੂੰ ਪਾਣੀ ਅਤੇ ਬਿਸਕੁਟ ਵੰਡੇ ਅਤੇ ਡਰਾਈਵਰਾਂ ਨੂੰ ਭੀੜ ਵਾਲੀਆਂ ਲੇਨਾਂ ਵਿੱਚੋਂ ਬੱਸਾਂ ਨੂੰ ਕੱਢਣ ਵਿੱਚ ਮਦਦ ਕੀਤੀ।
ਇੱਕ ਅਧਿਕਾਰੀ ਨੇ ਕਿਹਾ, "ਭੀੜ ਹੌਲੀ-ਹੌਲੀ ਘੱਟ ਹੋ ਰਹੀ ਹੈ, ਪਰ ਆਵਾਜਾਈ ਅਜੇ ਵੀ ਮੱਠੀ ਹੈ।"
ਨਿਵਾਸੀਆਂ ਨੇ ਮੰਗ ਕੀਤੀ ਹੈ ਕਿ ਟਰੈਫਿਕ ਵਿਭਾਗ ਅਤੇ ਸਿਵਲ ਅਥਾਰਟੀਆਂ ਭਵਿੱਖ ਵਿੱਚ ਅਜਿਹੀਆਂ ਸਥਿਤੀਆਂ ਨੂੰ ਰੋਕਣ ਲਈ ਤੁਰੰਤ ਸੁਧਾਰਾਤਮਕ ਉਪਾਅ ਕਰਨ, ਖਾਸ ਕਰਕੇ ਜਦੋਂ ਸੜਕਾਂ ’ਤੇ ਮੁਰੰਮਤ ਦਾ ਕੰਮ ਅਤੇ ਰੂਟ ਬਦਲਣ ਦੀ ਯੋਜਨਾ ਬਣਾਈ ਜਾਂਦੀ ਹੈ।