ਅਮਰੀਕਾ ਨਾਲ ਵਪਾਰ ਸਮਝੌਤਾ: ਖੇਤੀਬਾੜੀ ਬਾਰੇ ਭਾਰਤ ਦਾ ਰੁਖ਼ ਸਖ਼ਤ
ਨਵੀਂ ਦਿੱਲੀ, 30 ਜੂਨਭਾਰਤ ਨੇ ਅਮਰੀਕਾ ਨਾਲ ਦੁਵੱਲੇ ਵਪਾਰ ਸਮਝੌਤੇ ਨੂੰ ਲੈ ਕੇ ਗੱਲਬਾਤ ’ਚ ਖੇਤੀ ਨਾਲ ਸਬੰਧਤ ਮੁੱਦਿਆਂ ’ਤੇ ਆਪਣਾ ਰੁਖ਼ ਸਖ਼ਤ ਕੀਤਾ ਹੈ। ਇਸ ਦੇ ਨਾਲ ਹੀ ਦੋਵਾਂ ਦੇਸ਼ਾਂ ਵਿਚਾਲੇ ਗੱਲਬਾਤ ਅਹਿਮ ਗੇੜ ’ਚ ਪਹੁੰਚ ਗਈ ਹੈ।
ਇੱਕ ਅਧਿਕਾਰੀ ਨੇ ਅੱਜ ਇਹ ਜਾਣਕਾਰੀ ਦਿੰਦਿਆਂ ਕਿਹਾ ਕਿ ਵਣਜ ਵਿਭਾਗ ’ਚ ਵਿਸ਼ੇਸ਼ ਸਕੱਤਰ ਰਾਜੇਸ਼ ਅਗਰਵਾਲ ਦੀ ਪ੍ਰਧਾਨਗੀ ਹੇਠਲੀ ਭਾਰਤੀ ਟੀਮ ਅਮਰੀਕਾ ਨਾਲ ਅੰਤਰਿਮ ਵਪਾਰ ਸਮਝੌਤੇ ਬਾਰੇ ਗੱਲਬਾਤ ਲਈ ਵਾਸ਼ਿੰਗਟਨ ’ਚ ਹੈ। ਗੱਲਬਾਤ ਨੂੰ ਅੰਤਿਮ ਰੂਪ ਦੇਣ ਲਈ ਭਾਰਤੀ ਟੀਮ ਅਜੇ ਉੱਥੇ ਕੁਝ ਹੋਰ ਸਮਾਂ ਰੁਕ ਸਕਦੀ ਹੈ। ਦੋਵੇਂ ਧਿਰਾਂ ਸਮਝੌਤੇ ਨੂੰ ਨੌਂ ਜੁਲਾਈ ਤੋਂ ਪਹਿਲਾਂ ਅੰਤਿਮ ਰੂਪ ਦੇਣ ’ਚ ਲੱਗੀਆਂ ਹੋਈਆਂ ਹਨ। ਅਜਿਹਾ ਨਾ ਹੋਣ ’ਤੇ 26 ਫੀਸਦ ਜਵਾਬੀ ਟੈਕਸ ਅਮਲ ’ਚ ਆ ਜਾਵੇਗਾ। ਇਹ ਟੈਕਸ ਅਪਰੈਲ ਮਹੀਨੇ ਵਿੱਚ ਨੌਂ ਜੁਲਾਈ ਤੱਕ ਟਾਲ ਦਿੱਤਾ ਗਿਆ ਸੀ। ਅਮਰੀਕਾ ਖੇਤੀ ਤੇ ਡੇਅਰੀ ਦੋਵਾਂ ਖੇਤਰਾਂ ’ਚ ਟੈਕਸ ਤੋਂ ਛੋਟ ਦੀ ਮੰਗ ਕਰ ਰਿਹਾ ਹੈ ਪਰ ਭਾਰਤ ਲਈ ਇਨ੍ਹਾਂ ਖੇਤਰਾਂ ’ਚ ਅਮਰੀਕਾ ਨੂੰ ਟੈਕਸ ਤੋਂ ਛੋਟ ਦੇਣਾ ਮੁਸ਼ਕਿਲ ਤੇ ਚੁਣੌਤੀ ਭਰਿਆ ਹੈ। ਇਸ ਦਾ ਕਾਰਨ ਇਹ ਹੈ ਕਿ ਭਾਰਤੀ ਕਿਸਾਨ ਰੁਜ਼ਗਾਰ ਲਈ ਖੇਤੀ ’ਚ ਲੱਗੇ ਹੋਏ ਹਨ ਅਤੇ ਉਨ੍ਹਾਂ ਦੇ ਖੇਤਾਂ ਦਾ ਆਕਾਰ ਕਾਫੀ ਛੋਟਾ ਹੈ। ਇਸ ਲਈ ਇਹ ਖੇਤਰ ਸਿਆਸੀ ਤੌਰ ’ਤੇ ਬਹੁਤ ਸੰਵੇਦਨਸ਼ੀਲ ਹਨ। ਜ਼ਿਕਰਯੋਗ ਹੈ ਕਿ ਭਾਰਤ ਨੇ ਹੁਣ ਤੱਕ ਕੀਤੇ ਕਿਸੇ ਵੀ ਮੁਕਤ ਵਪਾਰ ਸਮਝੌਤੇ ’ਚ ਡੇਅਰੀ ਖੇਤਰ ਨਹੀਂ ਖੋਲ੍ਹਿਆ ਹੈ।
ਅਧਿਕਾਰੀ ਨੇ ਕਿਹਾ, ‘ਜੇ ਤਜਵੀਜ਼ ਕੀਤੀ ਵਪਾਰ ਵਾਰਤਾ ਨਾਕਾਮ ਹੋ ਜਾਂਦੀ ਹੈ ਤਾਂ 26 ਫੀਸਦ ਟੈਕਸ ਮੁੜ ਤੋਂ ਲਾਗੂ ਹੋ ਜਾਵੇਗਾ।’ ਭਾਰਤੀ ਅਧਿਕਾਰੀਆਂ ਦੀ ਅਮਰੀਕਾ ਯਾਤਰਾ ਪਹਿਲਾਂ ਹੀ ਤਿੰਨ ਦਿਨ ਵਧਾ ਕੇ 30 ਜੂਨ ਤੱਕ ਕਰ ਦਿੱਤੀ ਗਈ ਹੈ। ਪਹਿਲਾਂ ਵਫ਼ਦ ਨੇ ਦੋ ਦਿਨ ਰੁਕਣਾ ਸੀ। ਵਾਰਤਾ 26 ਜੂਨ ਨੂੰ ਸ਼ੁਰੂ ਹੋਈ ਸੀ। ਇੱਕ ਹੋਰ ਅਧਿਕਾਰੀ ਨੇ ਕਿਹਾ ਕਿ ਵਣਜ ਮੰਤਰਾਲੇ ਨੇ ਘਰੇਲੂ ਬਰਾਮਦਕਾਰਾਂ ਤੇ ਉਦਯੋਗ ਨੂੰ ਸੂਚਿਤ ਕੀਤਾ ਹੈ ਕਿ ਦੁਵੱਲੇ ਵਪਾਰ ਸਮਝੌਤੇ ਦੇ ਪਹਿਲੇ ਗੇੜ ਲਈ ਗੱਲਬਾਤ ਜਾਰੀ ਹੈ ਅਤੇ ਇਸ ਦੇ ਹੋਰ ਵੀ ਗੇੜ ਹੋਣਗੇ। -ਪੀਟੀਆਈ
ਟੈਕਸਾਂ ’ਤੇ ਲਾਈ ਰੋਕ ’ਚ ਵਾਧਾ ਨਹੀਂ ਹੋਵੇਗਾ: ਟਰੰਪ
ਵਾਸ਼ਿੰਗਟਨ: ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਕਿ ਬਹੁਤੇ ਮੁਲਕਾਂ ’ਤੇ ਲਗਾਏ ਟੈਕਸ ਦੇ ਅਮਲ ’ਤੇ 90 ਦਿਨਾਂ ਦੀ ਰੋਕ ਦੀ ਮਿਆਦ ਨੂੰ 9 ਜੁਲਾਈ ਤੋਂ ਅੱਗੇ ਵਧਾਉਣ ਦੀ ਉਨ੍ਹਾਂ ਦੀ ਕੋਈ ਯੋਜਨਾ ਨਹੀਂ ਹੈ ਕਿਉਂਕਿ ਇਸ ਤਰੀਕ ਨੂੰ ਉਨ੍ਹਾਂ ਵੱਲੋਂ ਨਿਰਧਾਰਿਤ ਗੱਲਬਾਤ ਦੀ ਮਿਆਦ ਖਤਮ ਹੋ ਜਾਵੇਗੀ। ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ 9 ਜੁਲਾਈ ਮਗਰੋਂ ਉਨ੍ਹਾਂ ਦਾ ਪ੍ਰਸ਼ਾਸਨ ਮੁਲਕਾਂ ਨੂੰ ਸੂਚਿਤ ਕਰੇਗਾ ਕਿ ਇਹ ਟੈਕਸ ਉਦੋਂ ਤੱਕ ਅਮਲ ਵਿਚ ਰਹਿਣਗੇ ਜਦੋਂ ਤੱਕ ਅਮਰੀਕਾ ਨਾਲ ਕੋਈ ਸਮਝੌਤਾ ਨਹੀਂ ਹੋ ਜਾਂਦਾ।
ਅਮਰੀਕੀ ਸਦਰ ਨੇ ਕਿਹਾ ਕਿ ਨਿਰਧਾਰਤ ਮਿਆਦ ਮੁੱਕਣ ਤੋਂ ਪਹਿਲਾਂ ਹੀ ਚਿੱਠੀ ਪੱਤਰ ਭੇਜਣੇ ਸ਼ੁਰੂ ਹੋ ਜਾਣਗੇ। ਟਰੰਪ ਨੇ ਫੌਕਸ ਨਿਊਜ਼ ਚੈਨਲ ਨੂੰ ਦਿੱਤੀ ਇੰਟਰਵਿਊ ਵਿਚ ਕਿਹਾ, ‘‘ਅਸੀਂ ਦੇਖਾਂਗੇ ਕਿ ਕੋਈ ਮੁਲਕ ਨਾਲ ਸਾਡੇ ਨਾਲ ਕਿਹੋ ਜਿਹਾ ਵਿਹਾਰ ਕਰਦਾ ਹੈ। ਕੀ ਉਹ ਚੰਗੇ ਹਨ? ਕੀ ਉਹ ਇੰਨੇ ਚੰਗੇ ਨਹੀਂ ਹਨ? ਕੁਝ ਮੁਲਕਾਂ ਬਾਰੇ ਅਸੀਂ ਪ੍ਰਵਾਹ ਨਹੀਂ ਕਰਦੇ, ਅਸੀਂ ਬੱਸ ਉੱਚ ਟੈਕਸ ਦਾ ਪੱਤਰ ਭੇਜਾਂਗੇ।’’ ਟਰੰਪ ਨੇ ਕਿਹਾ ਕਿ ਚਿੱਠੀ ਪੱਤਰਾਂ ਵਿਚ ਲਿਖਿਆ ਹੋਵੇਗਾ, ‘‘ਵਧਾਈ ਹੋਵੇ, ਅਸੀਂ ਤੁਹਾਨੂੰ ਅਮਰੀਕਾ ਵਿਚ (ਆਪਣਾ ਸਾਮਾਨ) ਵੇਚਣ ਦੀ ਇਜਾਜ਼ਤ ਦੇ ਰਹੇ ਹਾਂ। ਤੁਹਾਨੂੰ 25 ਫੀਸਦ ਟੈਕਸ ਜਾਂ 35 ਫੀਸਦ ਜਾਂ 50 ਫੀਸਦ ਜਾਂ 10 ਫੀਸਦ ਟੈਕਸ ਦਾ ਭੁਗਤਾਨ ਕਰਨਾ ਹੋਵੇਗਾ।’’ ਟਰੰਪ ਨੇ ਕਿਹਾ ਕਿ ਹਰੇਕ ਦੇਸ਼ ਨਾਲ ਵੱਖਰੇ ਤੌਰ ’ਤੇ ਵਪਾਰ ਸਮਝੌਤਾ ਸਿਰੇ ਚੜ੍ਹਨਾ ਕਾਫੀ ਮੁਸ਼ਕਲ ਹੋਵੇਗਾ। ਪ੍ਰਸ਼ਾਸਨ ਨੇ 90 ਦਿਨਾਂ ਵਿੱਚ 90 ਵਪਾਰਕ ਸੌਦੇ ਕਰਨ ਦਾ ਟੀਚਾ ਮਿੱਥਿਆ ਸੀ। ਉਨ੍ਹਾਂ ਕਿਹਾ, ‘‘ਗੱਲਬਾਤ ਚੱਲ ਰਹੀ ਹੈ, ਪਰ 200 ਦੇਸ਼ ਹਨ, ਤੁਸੀਂ ਉਨ੍ਹਾਂ ਸਾਰਿਆਂ ਨਾਲ ਗੱਲ ਨਹੀਂ ਕਰ ਸਕਦੇ।’’
ਟਰੰਪ ਨੇ ਸੰਭਾਵੀ ਟਿਕਟੌਕ ਸੌਦੇ, ਚੀਨ ਨਾਲ ਸਬੰਧਾਂ, ਇਰਾਨ ’ਤੇ ਹਮਲਿਆਂ ਅਤੇ ਇਮੀਗ੍ਰੇਸ਼ਨ ਨੂੰ ਲੈ ਕੇ ਕਾਰਵਾਈ ’ਤੇ ਵੀ ਚਰਚਾ ਕੀਤੀ। ਟਰੰਪ ਨੇ ਕਿਹਾ, ‘‘ਉਂਝ ਸਾਡੇ ਕੋਲ ਟਿਕਟੌਕ ਲਈ ਇੱਕ ਖਰੀਦਦਾਰ ਹੈ। ਮੈਨੂੰ ਲਗਦਾ ਹੈ ਕਿ ਇਸ ਲਈ ਸ਼ਾਇਦ ਚੀਨ ਦੀ ਮਨਜ਼ੂਰੀ ਦੀ ਲੋੜ ਹੋਵੇਗੀ ਅਤੇ ਮੈਨੂੰ ਲੱਗਦਾ ਹੈ ਕਿ ਰਾਸ਼ਟਰਪਤੀ ਸ਼ੀ (ਜਿਨਪਿੰਗ) ਸ਼ਾਇਦ ਅਜਿਹਾ ਕਰਨਗੇ।’’ -ਏਪੀ
ਇਰਾਨ ਦੇ ਪਰਮਾਣੂ ਟਿਕਾਣੇ ਤਬਾਹ ਕਰਨ ਦਾ ਦਾਅਵਾ
ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਕਿ ਇਰਾਨ ’ਤੇ ਅਮਰੀਕੀ ਹਮਲਿਆਂ ਨੇ ਉਸ ਦੇ ਪਰਮਾਣੂ ਟਿਕਾਣਿਆਂ ਨੂੰ ‘ਤਬਾਹ’ ਕਰ ਦਿੱਤਾ ਹੈ ਅਤੇ ਜਿਸ ਨੇ ਵੀ ਸ਼ੁਰੂਆਤੀ ਖੁਫੀਆ ਮੁਲਾਂਕਣ ਲੀਕ ਕੀਤਾ ਹੈ (ਜਿਸ ਵਿੱਚ ਕਿਹਾ ਗਿਆ ਸੀ ਕਿ ਤਹਿਰਾਨ ਦਾ ਪਰਮਾਣੂ ਪ੍ਰੋਗਰਾਮ ਕੁਝ ਮਹੀਨਿਆਂ ਲਈ ਹੀ ਰੁਕਿਆ ਹੈ) ਉਸ ਖਿਲਾਫ਼ ਕਾਰਵਾਈ ਹੋਣੀ ਚਾਹੀਦੀ ਹੈ। ਟਰੰਪ ਨੇ ਦਾਅਵਾ ਕੀਤਾ ਸੀ ਕਿ ਇਰਾਨ ’ਤੇ ਹਮਲੇ ਦਾ ਹੁਕਮ ਦੇਣ ਤੋਂ ਪਹਿਲਾਂ ਇਸਲਾਮਿਕ ਮੁਲਕ ਪਰਮਾਣੂ ਹਥਿਆਰ ਪ੍ਰਾਪਤ ਕਰਨ ਤੋਂ ਸਿਰਫ਼ ਕੁਝ ‘ਹਫ਼ਤੇ ਦੂਰ’ ਸੀ।