ਰਾਸ਼ਟਰਪਤੀ ਡੋਨਲਡ ਟਰੰਪ ਨੇ ਬੁੱਧਵਾਰ ਨੂੰ ਕਿਹਾ ਕਿ ਅਮਰੀਕਾ ਛੇਤੀ ਹੀ ਭਾਰਤ ਨਾਲ ਵਪਾਰ ਸਮਝੌਤਾ ਕਰ ਰਿਹਾ ਹੈ। ਉਨ੍ਹਾਂ ਦੱਖਣੀ ਕੋਰੀਆ ਦੇ ਗਿਓਂਜੂ ’ਚ ਏਸ਼ੀਆ-ਪ੍ਰਸ਼ਾਂਤ ਆਰਥਿਕ ਸਹਿਯੋਗ ਦੇ ਸੀ ਈ ਓ ਸਿਖਰ ਸੰਮੇਲਨ ’ਚ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪ੍ਰਤੀ ਉਨ੍ਹਾਂ ਦੇ ਮਨ ’ਚ ਬਹੁਤ ਸਨਮਾਨ ਤੇ ਸਨੇਹ ਹੈ ਅਤੇ ਉਹ ਭਾਰਤ ਨਾਲ ਛੇਤੀ ਹੀ ਵਪਾਰ ਸਮਝੌਤਾ ਕਰ ਰਹੇ ਹਨ। ਉਨ੍ਹਾਂ ਦਾ ਇਹ ਬਿਆਨ ਉਸ ਸਮੇਂ ਆਇਆ ਹੈ, ਜਦੋਂ ਰੂਸੀ ਕੱਚਾ ਤੇਲ ਖ਼ਰੀਦਣ ਕਾਰਨ ਭਾਰਤ ’ਤੇ ਜੁਰਮਾਨੇ ਵਜੋਂ 25 ਫ਼ੀਸਦ ਵਾਧੂ ਟੈਰਿਫ ਥੋਪਿਆ ਗਿਆ ਹੈ। ਟਰੰਪ ਨੇ ਮੋਦੀ ਦੇ ਸੋਹਲੇ ਗਾਉਂਦਿਆਂ ਉਨ੍ਹਾਂ ਨੂੰ ‘ਬਹੁਤ ਹੀ ਸ਼ਾਨਦਾਰ’, ‘ਪ੍ਰਭਾਵਸ਼ਾਲੀ’ ਅਤੇ ‘ਬੇਹੱਦ ਸਖ਼ਤ’ ਸ਼ਖ਼ਸ ਦੱਸਿਆ। ਉਨ੍ਹਾਂ ਭਾਰਤ-ਪਾਕਿਸਤਾਨ ਫ਼ੌਜੀ ਟਕਰਾਅ ਰੋਕਣ ਦਾ ਵੀ ਮੁੜ ਦਾਅਵਾ ਕੀਤਾ। ਇਸ ਤੋਂ ਕੁਝ ਘੰਟੇ ਪਹਿਲਾਂ ਅਮਰੀਕੀ ਰਾਸ਼ਟਰਪਤੀ ਨੇ ਇਹ ਵੀ ਦਾਅਵਾ ਕੀਤਾ ਕਿ 7 ਤੋਂ 10 ਮਈ ਦਰਮਿਆਨ ਅਪਰੇਸ਼ਨ ਸਿੰਧੂਰ ਦੌਰਾਨ ਸੱਤ ਬਿਲਕੁਲ ਨਵੇਂ ਜਹਾਜ਼ ਡੇਗੇ ਗਏ ਸਨ। ਉਂਝ, ਉਨ੍ਹਾਂ ਇਹ ਸਪੱਸ਼ਟ ਨਹੀਂ ਕੀਤਾ ਕਿ ਡੇਗੇ ਗਏ ਜਹਾਜ਼ ਕਿਹੜੇ ਮੁਲਕ ਦੇ ਸਨ। ਸ੍ਰੀ ਟਰੰਪ ਨੇ ਦੱਖਣੀ ਕੋਰੀਆ ਦੇ ਗਿਓਂਜੂ ’ਚ ਏਸ਼ੀਆ-ਪ੍ਰਸ਼ਾਤ ਆਰਥਿਕ ਸਹਿਯੋਗ ਦੇ ਸੀ ਈ ਓ ਸਿਖਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਇਹ ਵੀ ਆਖਿਆ ਕਿ ਪ੍ਰਧਾਨ ਮੰਤਰੀ ਮੋਦੀ ਅਜਿਹੇ ਸ਼ਖ਼ਸ ਹਨ ਜਿਨ੍ਹਾਂ ’ਚ ਪਿਤਾ ਵਰਗਾ ਅਕਸ ਦਿਖਾਈ ਦਿੰਦਾ ਹੈ। ਉਨ੍ਹਾਂ ਸ੍ਰੀ ਮੋਦੀ ਨਾਲ ਵਧੀਆ ਸਬੰਧ ਹੋਣ ਦਾ ਦਾਅਵਾ ਕਰਦਿਆਂ ਦੁਹਰਾਇਆ ਕਿ ਉਨ੍ਹਾਂ ਭਾਰਤ ਅਤੇ ਪਾਕਿਸਤਾਨ ਵਿਚਾਲੇ ਟਕਰਾਅ ਰੋਕਣ ਲਈ ਵਪਾਰ ਦਾ ਸਹਾਰਾ ਲਿਆ ਸੀ। ਉਨ੍ਹਾਂ ਪਾਕਿਸਤਾਨ ਦੇ ਫੌਜ ਮੁਖੀ ਫੀਲਡ ਮਾਰਸ਼ਲ ਆਸਿਮ ਮੁਨੀਰ ਦੀ ਵੀ ਸ਼ਲਾਘਾ ਕੀਤੀ ਅਤੇ ਉਸ ਨੂੰ ‘ਬਿਹਤਰੀਨ ਯੋਧਾ’ ਅਤੇ ਵਧੀਆ ਇਨਸਾਨ ਦੱਸਿਆ। ਉਨ੍ਹਾਂ ਕਿਹਾ ਕਿ ਮੋਦੀ ਅਤੇ ਮੁਨੀਰ ਜੰਗ ਲੜਨ ਲਈ ਬਜ਼ਿੱਦ ਸਨ ਪਰ ਦੋਵੇਂ ਮੁਲਕਾਂ ਦੇ ਆਗੂਆਂ ਨੇ ਦੋ ਦਿਨ ਬਾਅਦ ਫੋਨ ਕਰ ਕੇ ਟਕਰਾਅ ਰੋਕਣ ਦੀ ਗੱਲ ਆਖੀ। -ਪੀਟੀਆਈ
ਵਪਾਰ ਸੌਦਾ ਨਾ ਕਰਨ ਦਾ ਦਿੱਤਾ ਸੀ ਡਰਾਵਾ
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਕਿ ਉਨ੍ਹਾਂ ਵਪਾਰ ਸੌਦਾ ਨਾ ਕਰਨ ਦਾ ਡਰਾਵਾ ਦੇ ਕੇ ਭਾਰਤ ਅਤੇ ਪਾਕਿਸਤਾਨ ਨੂੰ ਜੰਗ ਕਰਨ ਤੋਂ ਰੋਕਿਆ ਸੀ। ਟਰੰਪ ਨੇ ਕਿਹਾ, ‘‘ਮੈਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਫੋਨ ਕੀਤਾ ਅਤੇ ਕਿਹਾ ਕਿ ਅਸੀਂ ਤੁਹਾਡੇ ਨਾਲ ਵਪਾਰ ਸੌਦਾ ਨਹੀਂ ਕਰ ਸਕਦੇ ਹਾਂ। ਤੁਸੀਂ ਪਾਕਿਸਤਾਨ ਨਾਲ ਜੰਗ ਕਰ ਰਹੇ ਹੋ। ਅਸੀਂ ਇਹ ਨਹੀਂ ਕਰਨ ਜਾ ਰਹੇ ਹਾਂ।’’ ਉਨ੍ਹਾਂ ਫਿਰ ਪਾਕਿਸਤਾਨ ਨੂੰ ਫੋਨ ਕੀਤਾ ਅਤੇ ਕਿਹਾ, ‘‘ਅਸੀਂ ਤੁਹਾਡੇ ਨਾਲ ਵਪਾਰ ਨਹੀਂ ਕਰਾਂਗੇ ਕਿਉਂਕਿ ਤੁਸੀਂ ਭਾਰਤ ਨਾਲ ਲੜ ਰਹੇ ਹੋ।’’ ਟਰੰਪ ਮੁਤਾਬਕ ਇਸ ਮਗਰੋਂ ਦੋਵੇਂ ਮੁਲਕ ਜੰਗ ਰੋਕਣ ਲਈ ਰਾਜ਼ੀ ਹੋਏ। -ਪੀਟੀਆਈ
ਟਰੰਪ ਦੇ ਦਾਅਵੇ ਨਕਾਰਨ ਦਾ ਪ੍ਰਧਾਨ ਮੰਤਰੀ ਦਮ ਦਿਖਾਉਣ: ਰਾਹੁਲ ਗਾਂਧੀ
ਮੁਜ਼ੱਫਰਪੁਰ: ਕਾਂਗਰਸ ਆਗੂ ਰਾਹੁਲ ਗਾਂਧੀ ਨੇ ਇਥੇ ਚੋਣ ਰੈਲੀ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚੁਣੌਤੀ ਦਿੱਤੀ ਕਿ ਉਹ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਕੀਤੇ ਜਾ ਰਹੇ ਦਾਅਵਿਆਂ ਨੂੰ ਨਕਾਰ ਕੇ ਦਿਖਾਉਣ। ਰਾਹੁਲ ਨੇ ਕਿਹਾ ਕਿ ਟਰੰਪ ਨੇ 50 ਤੋਂ ਵੱਧ ਵਾਰ ਦਾਅਵਾ ਕੀਤਾ ਹੈ ਕਿ ‘ਅਪਰੇਸ਼ਨ ਸਿੰਧੂਰ’ ਦੌਰਾਨ ਉਨ੍ਹਾਂ ਭਾਰਤ ਅਤੇ ਪਾਕਿਸਤਾਨ ਵਿਚਾਲੇ ਜੰਗ ਨੂੰ ਰੁਕਵਾਇਆ ਸੀ। ਉਨ੍ਹਾਂ ਕਿਹਾ ਕਿ ਮੋਦੀ ਇਹ ਆਖ ਕੇ ਦਿਖਾਉਣ ਕਿ ਅਮਰੀਕੀ ਰਾਸ਼ਟਰਪਤੀ ਝੂਠ ਬੋਲ ਰਹੇ ਹਨ ਪਰ ਉਹ ਇੰਝ ਨਹੀਂ ਕਰਨਗੇ ਕਿਉਂਕਿ ਪ੍ਰਧਾਨ ਮੰਤਰੀ ਉਨ੍ਹਾਂ ਤੋਂ ਡਰੇ ਹੋਏ ਹਨ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਭਾਰਤ ਅਤੇ ਪਾਕਿਸਤਾਨ ਵਿਚਾਲੇ ਫ਼ੌਜੀ ਟਕਰਾਅ ਰੋਕਣ ਦੇ ਮੁੜ ਕੀਤੇ ਗਏ ਦਾਅਵੇ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਪਰ ਨਿਸ਼ਾਨਾ ਸੇਧਦਿਆਂ ਕਾਂਗਰਸ ਨੇ ਕਿਹਾ, ‘‘ਅਖੌਤੀ 56 ਇੰਚ ਦੀ ਛਾਤੀ ਹੁਣ ਸੁੰਗੜਨ ਅਤੇ ਬੇਨਕਾਬ ਹੋਣ ਦੇ ਬਾਵਜੂਦ ਉਹ ਹਾਲੇ ਵੀ ਖਾਮੋਸ਼ ਹਨ।’’ ਕਾਂਗਰਸ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ‘ਐਕਸ’ ’ਤੇ ਕਿਹਾ, ‘‘ਟਰੰਪ ਜੰਗ ਰੋਕਣ ਦੀ ਗੱਲ 54 ਵਾਰ ਆਖ ਚੁੱਕੇ ਹਨ। ਉਨ੍ਹਾਂ ਅਮਰੀਕਾ, ਕਤਰ, ਸਾਊਦੀ ਅਰਬ, ਮਿਸਰ, ਇੰਗਲੈਂਡ ਅਤੇ ਇਥੋਂ ਤੱਕ ਕੇ ਜਹਾਜ਼ਾਂ ਅਤੇ ਧਰਤੀ ’ਤੇ ਇਹ ਬਿਆਨ ਦਿੱਤੇ ਹਨ। ਰਾਸ਼ਟਰਪਤੀ ਟਰੰਪ ਨੇ ਹੁਣ ਫਿਰ ਦੁਹਰਾਇਆ ਹੈ।’’ ਕਾਂਗਰਸ ਆਗੂ ਨੇ ਕਿਹਾ ਕਿ ਇਸ ’ਚ ਕੋਈ ਹੈਰਾਨੀ ਨਹੀਂ ਹੈ ਕਿ ਨਵੀਂ ਦਿੱਲੀ ’ਚ ਟਰੰਪ ਦਾ ‘ਚੰਗਾ ਦੋਸਤ’ ਹੁਣ ਉਨ੍ਹਾਂ ਨੂੰ ਗੱਲਵਕੜੀ ਨਹੀਂ ਪਾਉਣਾ ਚਾਹੁੰਦਾ ਹੈ। -ਪੀਟੀਆਈ

