Toxic Syrup: ‘ਸਿਟ’ ਕਰੇਗੀ ਜਾਂਚ; ‘ਭਾਜਪਾ ਸਰਕਾਰ ਦੀ ਨਾਕਾਮੀ’ ਖਿਲਾਫ਼ ਕਾਂਗਰਸ ਵੱਲੋਂ ਧਰਨਾ ਪ੍ਰਦਰਸ਼ਨ ਅੱਜ
ਗ੍ਰਿਫ਼ਤਾਰ ਡਾਕਟਰ ਦੀ ਰਿਹਾਈ ਲਈ ਸਾਥੀਆਂ ਵੱਲੋਂ ਅਣਮਿੱਥੀ ਹੜਤਾਲ ’ਤੇ ਜਾਣ ਦੀ ਧਮਕੀ
ਮੱਧ ਪ੍ਰਦੇਸ਼ ਪੁਲੀਸ ਨੇ ਛਿੰਦਵਾੜਾ ਵਿਚ ‘ਜ਼ਹਿਰੀਲੀ’ ਖੰਘ ਦੀ ਦਵਾਈ ਪੀਣ ਨਾਲ 14 ਬੱਚਿਆਂ ਦੀ ਮੌਤ ਮਾਮਲੇ ਦੀ ਜਾਂਚ ਲਈ ਵਿਸ਼ੇਸ਼ ਜਾਂਚ ਟੀਮ (SIT) ਬਣਾਈ ਹੈ। ਪੁਲੀਸ ਨੇ ਇਸ ਮਾਮਲੇ ਵਿਚ ਕਥਿਤ ਲਾਪਰਵਾਹੀ ਲਈ ਡਾ.ਪ੍ਰਵੀਨ ਸੋਨੀ ਨੂੰ ਸ਼ਨਿੱਚਰਵਾਰ ਨੂੰ ਛਿੰਦਵਾੜਾ ਤੋਂ ਗ੍ਰਿਫ਼ਤਾਰ ਕੀਤਾ ਹੈ ਜਦੋਂਕਿ ਕੋਲਡਰਿਫ਼ ਸਿਰਪ ਬਣਾਉਣ ਵਾਲੀ ਫਾਰਮਾਸਿਊਟੀਕਲ ਕੰਪਨੀ ਖਿਲਾਫ਼ ਕੇਸ ਦਰਜ ਕੀਤਾ ਹੈ।
ਛਿੰਦਵਾੜਾ ਦੇ ਵਧੀਕ ਕੁਲੈਕਟਰ ਧੀਰੇਂਦਰ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਮੋਹਨ ਯਾਦਵ ਵੱਲੋਂ ਪੀੜਤ ਬੱਚਿਆਂ ਦੇ ਪਰਿਵਾਰਾਂ ਲਈ ਐਲਾਨਿਆ 4-4 ਲੱਖ ਰੁਪਏ ਦਾ ਮੁਆਵਜ਼ਾ ਉਨ੍ਹਾਂ ਦੇ ਬੈਂਕ ਖਾਤਿਆਂ ਵਿਚ ਤਬਦੀਲ ਕਰ ਦਿੱਤਾ ਹੇ। ਉਨ੍ਹਾਂ ਕਿਹਾ ਕਿ ਅੱਠ ਬੱਚੇ ਨਾਗਪੁਰ ਵਿਚ ਜ਼ੇਰੇ ਇਲਾਜ ਹਨ। ਇਨ੍ਹਾਂ ਵਿਚੋਂ ਚਾਰ ਸਰਕਾਰੀ ਹਸਪਤਾਲ, ਇਕ ਏਮਸ ਤੇ ਤਿੰਨ ਨਿੱਜੀ ਹਸਪਤਾਲ ਵਿਚ ਦਾਖ਼ਲ ਹਨ। ਇਸ ਦੌਰਾਨ ਮੱਧ ਪ੍ਰਦੇਸ਼ ਦੇ ਬੇਤੁਲ ਜ਼ਿਲ੍ਹੇ ਵਿਚ ਕੋਲਡਰਿਫ਼ ਕਫ਼ ਸਿਰਪ ਪੀਣ ਮਗਰੋਂ ਦੋ ਬੱਚਿਆਂ ਦੀ ਮੌਤ ਹੋ ਗਈ।
ਉਧਰ ਡਾ. ਪ੍ਰਵੀਨ ਸੋਨੀ, ਜੋ ਨਿੱਜੀ ਕਲੀਨਿਕ ਵਿਚ ਪ੍ਰੈਕਟਿਸ ਕਰ ਰਹੇ ਸਨ ਤੇ ਜਿਨ੍ਹਾਂ ਬੱਚਿਆਂ ਲਈ ਕੋਲਡਰਿਫ ਸਿਰਪ ਲਿਖ ਕੇ ਦਿੱਤੀ ਸੀ, ਦੇ ਸਾਥੀਆਂ ਨੇ ਸੋਮਵਾਰ ਤੋਂ ਹੜਤਾਲ ’ਤੇ ਜਾਣ ਦੀ ਧਮਕੀ ਦਿੱਤੀ ਹੈ। ਇੰਡੀਅਨ ਮੈਡੀਕਲ ਐਸੋਸੀਏਸ਼ਨ ਦੀ ਛਿੰਦਵਾੜਾ ਇਕਾਈ ਦੇ ਪ੍ਰਧਾਨ ਕਲਪਨਾ ਸ਼ੁਕਲਾ ਨੇ ਕਿਹਾ ਕਿ ਜੇਕਰ ਡਾ.ਸੋਨੀ ਨੂੰ ਰਿਹਾਅ ਨਾ ਕੀਤਾ ਗਿਆ ਤਾਂ ਡਾਕਟਰ ਸੋਮਵਾਰ ਨੂੰ ਅਣਮਿੱਥੇ ਸਮੇਂ ਦੀ ਹੜਤਾਲ ਸ਼ੁਰੂ ਕਰਨਗੇ।
ਇਸ ਦੌਰਾਨ ਕਾਂਗਰਸ ਨੇ ਵੀ ਸੰਕਟ ਨਾਲ ਨਜਿੱਠਣ ਵਿਚ ‘ਭਾਜਪਾ ਸਰਕਾਰ ਦੀ ਨਾਕਾਮੀ’ ਨੂੰ ਸਾਰਿਆਂ ਦੇ ਸਾਹਮਣੇ ਲਿਆਉਣ ਤੇ ਪੀੜਤ ਪਰਿਵਾਰਾਂ ਲਈ ਵਧੇਰੇ ਵਿੱਤੀ ਰਾਹਤ ਦੀ ਮੰਗ ਨੂੰ ਲੈ ਕੇ ਸੋਮਵਾਰ ਨੂੰ ਰੋਸ ਮੁਜ਼ਾਹਰੇ ਦਾ ਐਲਾਨ ਕੀਤਾ ਹੈ। ਕਾਂਗਰਸ ਨੇ ਇਕ ਬਿਆਨ ਵਿਚ ਕਿਹਾ ਕਿ ਪਾਰਟੀ ਵਰਕਰ ਜ਼ਿਲ੍ਹਾ ਹੈਡਕੁਆਰਟਰ ਵਿਚ ਫਵਾਰਾ ਚੌਕ ਉੱਤੇ ਭੁੱਖ ਹੜਤਾਲ ਕਰਨਗੇ। ਪਾਰਾਸੀਆ ਪੁਲੀਸ ਦੇ ਸਬ ਡਿਵੀਜ਼ਨਲ ਅਧਿਕਾਰੀ ਜਿਤੇਂਦਰ ਸਿੰਘ ਜਾਟ ਦੀ ਅਗਵਾਈ ਵਾਲੀ 12 ਮੈਂਬਰੀ ਵਿਸ਼ੇਸ਼ ਜਾਂਚ ਟੀਮ ਤਾਮਿਲ ਨਾਡੂ ਵਿਚ ਫਾਰਮਾ ਕੰਪਨੀ ਦਾ ਦੌਰਾ ਕਰੇਗੀ।