ਜੰਮੂ ਕਸ਼ਮੀਰ ’ਚ ਸੈਰ-ਸਪਾਟਾ ਬਹਾਲ ਹੋ ਰਿਹੈ: ਅਬਦੁੱਲਾ
ਕੋਲਕਾਤਾ, 10 ਜੁਲਾਈ
ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਅੱਜ ਕਿਹਾ ਕਿ ਪਹਿਲਗਾਮ ਅਤਿਵਾਦੀ ਹਮਲੇ ਮਗਰੋਂ ਇਸ ਕੇਂਦਰ ਸ਼ਾਸਿਤ ਪ੍ਰਦੇਸ਼ ’ਚ ਸੈਰ-ਸਪਾਟਾ ਬਹਾਲ ਹੋਣ ਨੂੰ ਲੈ ਕੇ ਆਸ ਦਾ ਮਾਹੌਲ ਹੈ। ਇਸ ਹਮਲੇ ’ਚ 26 ਵਿਅਕਤੀਆਂ ਦੀ ਮੌਤ ਹੋ ਗਈ ਸੀ। ਇੱਥੇ ਯਾਤਰਾ ਤੇ ਸੈਰ-ਸਪਾਟੇ ਬਾਰੇ ਇਕ ਸਮਾਗਮ ’ਚ ਅਬਦੁੱਲਾ ਨੇ ਕਿਹਾ ਕਿ ਅਤਿਵਾਦੀ ਹਮਲੇ ਮਗਰੋਂ ਸੈਰ-ਸਪਾਟੇ ਦੇ ‘ਲੀਹ ’ਤੇ ਮੁੜਨ’ ਦੇ ਨਾਲ ਜੰਮੂ ਕਸ਼ਮੀਰ ’ਚ ਇੱਕ ਨਵੀਂ ਸ਼ੁਰੂਆਤ ਦੀ ਉਮੀਦ ਹੈ। ਅਬਦੁੱਲਾ ਨੇ ਕਿਹਾ, ‘2025 ਸਾਡੇ ਲਈ ਸੌਖਾ ਸਾਲ ਨਹੀਂ ਹੈ। ਇਸ ਸਾਲ ਨੂੰ ਦੋ ਹਿੱਸਿਆਂ ’ਚ ਵੰਡਿਆ ਜਾ ਸਕਦਾ ਹੈ। ਪਹਿਲਗਾਮ ਹਮਲੇ ਤੋਂ ਪਹਿਲਾਂ ਤੇ ਬਾਅਦ ਵਿੱਚ। ਅਸੀਂ ਸਾਰੇ ਦੇਖ ਰਹੇ ਹਾਂ ਕਿ ਜੰਮੂ ਕਸ਼ਮੀਰ ’ਚ ਸੈਰ-ਸਪਾਟਾ ਮੁੜ ਤੋਂ ਲੀਹ ’ਤੇ ਆ ਰਿਹਾ ਹੈ। ਇਹ ਆਸ ਦਾ ਸੰਕੇਤ ਹੈ।’ ਉਨ੍ਹਾਂ ਕਿਹਾ ਕਿ ਪੱਛਮੀ ਬੰਗਾਲ ਦੇ ਲੋਕ ਜੰਮੂ ਕਸ਼ਮੀਰ ਦੇ ਨਾਲ ਹਨ ਅਤੇ ਦੋਵਾਂ ਖੇਤਰਾਂ ਵਿਚਾਲੇ ਸਬੰਧ ‘ਭਰੋਸੇ ਤੇ ਪਿਆਰ’ ਦੇ ਸੰਦਰਭ ਵਿੱਚ ਸਮੇਂ ਦੇ ਨਾਲ ਹੋਰ ਵੀ ਮਜ਼ਬੂਤ ਹੁੰਦੇ ਜਾ ਰਹੇ ਹਨ। ਮੁੱਖ ਮੰਤਰੀ ਨੇ ਕਿਹਾ, ‘ਪੱਛਮੀ ਬੰਗਾਲ ਰਾਜਨੀਤਕ ਤੇ ਆਰਥਿਕ ਦੋਵੇਂ ਹੀ ਰੂਪਾਂ ’ਚ ਜੰਮੂ ਕਸ਼ਮੀਰ ਦੇ ਨਾਲ ਖੜ੍ਹਾ ਹੈ। ਜ਼ਮੀਨੀ ਪੱਧਰ ’ਤੇ ਇੱਕ ਨਵੀਂ ਸ਼ੁਰੂਆਤ ਦੀ ਉਮੀਦ ਦਾ ਮਾਹੌਲ ਹੈ।’ ਅਬਦੁੱਲਾ ਨੇ ਭਰੋਸਾ ਦਿੱਤਾ ਕਿ ਜੰਮੂ ਕਸ਼ਮੀਰ ’ਚ ਸੈਲਾਨੀਆਂ ਦੀ ਸੁਰੱਖਿਆ ਲਈ ਸਾਰੇ ਜ਼ਰੂਰੀ ਕਦਮ ਚੁੱਕੇ ਗਏ ਹਨ। -ਪੀਟੀਆਈ