ਟੀਐੱਮਸੀ ਦੇ ਕੁਨਾਲ ਘੋਸ਼, ਭਾਜਪਾ ਦੇ ਮਿਥੁਨ ਚੱਕਰਵਰਤੀ ਨੇ ਇੱਕ-ਦੂਜੇ ਖ਼ਿਲਾਫ਼ ਮਾਣਹਾਨੀ ਦੇ ਕੇਸ ਦਾਇਰ ਕੀਤੇ
ਤ੍ਰਿਣਮੂਲ ਕਾਂਗਰਸ ਦੇ ਬੁਲਾਰੇ ਕੁਨਾਲ ਘੋਸ਼ ਨੇ ਕਿਹਾ ਹੈ ਕਿ ਅਦਾਕਾਰ ਅਤੇ ਭਾਜਪਾ ਆਗੂ ਮਿਥੁਨ ਚੱਕਰਵਰਤੀ ਨੇ ਕੋਲਕਾਤਾ ਹਾਈ ਕੋਰਟ ਵਿੱਚ ਉਨ੍ਹਾਂ ਖ਼ਿਲਾਫ਼ ਦੀਵਾਨੀ(ਗੈਰ ਫੌਜ਼ਦਾਰੀ) ਮਾਣਹਾਨੀ ਦਾ ਮੁਕੱਦਮਾ ਦਾਇਰ ਕੀਤਾ ਹੈ। ਘੋਸ਼ ਨੇ ਕਿਹਾ ਕਿ ਉਨ੍ਹਾਂ ਨੇ ਵੀ ਅਦਾਕਾਰ ਵੱਲੋਂ ਉਨ੍ਹਾਂ ਖ਼ਿਲਾਫ਼ ਕੀਤੀਆਂ ਮਾਣਹਾਨੀ ਵਾਲੀਆਂ ਟਿੱਪਣੀਆਂ ਦਾ ਦੋਸ਼ ਲਗਾਉਂਦਿਆਂ, ਇੱਥੇ ਬੈਂਕਸ਼ਾਲ ਕੋਰਟ ਵਿੱਚ ਚੱਕਰਵਰਤੀ ਖ਼ਿਲਾਫ਼ ਇੱਕ ਅਪਰਾਧਿਕ ਮਾਣਹਾਨੀ ਦਾ ਮੁਕੱਦਮਾ ਦਾਇਰ ਕੀਤਾ ਹੈ।
ਇਹ ਦੱਸਦੇ ਹੋਏ ਕਿ ਉਨ੍ਹਾਂ ਨੂੰ ਚੱਕਰਵਰਤੀ ਦੇ ਵਕੀਲ ਵੱਲੋਂ ਅਜੇ ਤੱਕ ਕੋਈ ਨੋਟਿਸ ਨਹੀਂ ਮਿਲਿਆ ਹੈ, ਟੀਐੱਮਸੀ ਆਗੂ ਨੇ ਵੀਰਵਾਰ ਨੂੰ ਕਿਹਾ ਕਿ ਉਹ ਬੇਸਬਰੀ ਨਾਲ ਇਸ ਮੁਕੱਦਮੇ ਦੀ ਸੁਣਵਾਈ ਦੀ ਉਡੀਕ ਕਰ ਰਹੇ ਹਨ ਤਾਂ ਜੋ ਉਹ ਇਸ ਨੂੰ ਅਦਾਲਤ ਵਿੱਚ ਲੜ ਸਕਣ। ਘੋਸ਼ ਨੇ ਕਿਹਾ ਕਿ ਉਨ੍ਹਾਂ ਨੂੰ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਚੱਕਰਵਰਤੀ ਵੱਲੋਂ ਹਾਈ ਕੋਰਟ ਵਿੱਚ ਉਨ੍ਹਾਂ ਖ਼ਿਲਾਫ਼ ਦੀਵਾਨੀ(ਗੈਰ ਫੌਜ਼ਦਾਰੀ) ਮਾਣਹਾਨੀ ਦਾ ਮੁਕੱਦਮਾ ਦਾਇਰ ਕੀਤਾ ਗਿਆ ਹੈ। ਚੱਕਰਵਰਤੀ ਨੇ ਪਹਿਲਾਂ ਘੋਸ਼ ਨੂੰ ਇੱਕ ਕਾਨੂੰਨੀ ਨੋਟਿਸ ਭੇਜਿਆ ਸੀ, ਜਿਸ ਦਾ ਟੀਐੱਮਸੀ ਨੇਤਾ ਦੇ ਵਕੀਲ ਅਯਾਨ ਚੱਕਰਵਰਤੀ ਨੇ ਕਿਹਾ ਕਿ ਉਨ੍ਹਾਂ ਨੇ ਪਹਿਲਾਂ ਹੀ ਜਵਾਬ ਭੇਜ ਦਿੱਤਾ ਸੀ।
ਟੀਐੱਮਸੀ ਦੇ ਬੁਲਾਰੇ ਨੇ ਕਿਹਾ ਕਿ ਜਦੋਂ ਚੱਕਰਵਰਤੀ ਦਾ ਮੁਕੱਦਮਾ ਸੁਣਵਾਈ ਲਈ ਆਵੇਗਾ ਤਾਂ ਉਹ ਹਾਈ ਕੋਰਟ ਵਿੱਚ ਉਨ੍ਹਾਂ ਦੁਆਰਾ ਅਦਾਕਾਰ ਖ਼ਿਲਾਫ਼ ਲਗਾਏ ਗਏ ਦੋਸ਼ਾਂ ਦੀ ਸੀਬੀਆਈ ਜਾਂਚ ਲਈ ਬੇਨਤੀ ਕਰਨਗੇ। -ਪੀਟੀਆਈ