ਤਿਰੂਪਤੀ ਲੱਡੂ ਮਿਲਾਵਟ ਮਾਮਲਾ: ਹਾਈਕੋਰਟ ਦੀ ਟਿਪਣੀ ਖਿਲਾਫ਼ ਸੁਪਰੀਮ ਕੋਰਟ ਪਹੁੰਚੀ CBI
ਸੁਪਰੀਮ ਕੋਰਟ ਸ਼ੁੱਕਰਵਾਰ ਨੂੰ ਸੀਬੀਆਈ ਡਾਇਰੈਕਟਰ ਵੱਲੋਂ ਦਾਇਰ ਪਟੀਸ਼ਨ ’ਤੇ ਸੁਣਵਾਈ ਕਰੇਗਾ, ਜਿਸ ਵਿੱਚ ਆਂਧਰਾ ਪ੍ਰਦੇਸ਼ ਹਾਈਕੋਰਟ ਦੇ ਉਸ ਹੁਕਮ ਨੂੰ ਚੁਣੌਤੀ ਦਿੱਤੀ ਗਈ ਹੈ ਜਿਸ ਵਿੱਚ ਕਿਹਾ ਗਿਆ ਸੀ ਕਿ ਉਨ੍ਹਾਂ ਨੇ ਤਿਰੂਮਲਾ ਤਿਰੂਪਤੀ ਮੰਦਰ ਦੇ ਪ੍ਰਸ਼ਾਦ ਵਿੱਚ ਮਿਲਾਵਟੀ ਘਿਓ ਦੇ ਦੋਸ਼ਾਂ ਦੀ ਜਾਂਚ ਲਈ ਐਸਆਈਟੀ ਤੋਂ ਬਾਹਰ ਇੱਕ ਅਧਿਕਾਰੀ ਦੀ ਨਿਯੁਕਤੀ ਕਰਕੇ ਸੁਪਰੀਮ ਕੋਰਟ ਦੇ ਨਿਰਦੇਸ਼ਾਂ ਦੀ ਉਲੰਘਣਾ ਕੀਤੀ ਹੈ।
ਚੀਫ ਜਸਟਿਸ ਬੀ. ਆਰ. ਗਵਾਈ ਅਤੇ ਜਸਟਿਸ ਕੇ. ਵਿਨੋਦ ਚੰਦਰਣ ਦੀ ਬੈਂਚ ਅੱਗੇ CBI ਡਾਇਰੈਕਟਰ ਵਲੋਂ ਪੇਸ਼ ਹੋਏ ਸੋਲਿਸੀਟਰ ਜਨਰਲ ਤੁਸ਼ਾਰ ਮਹਤਾ ਨੇ ਬੇਨਤੀ ਕੀਤੀ ਕਿ ਇਹ ਮਾਮਲਾ 29 ਦੀ ਥਾਂ 26 ਸਤੰਬਰ ਨੂੰ ਹੀ ਸੁਣਿਆ ਜਾਵੇ।
ਡਿਵੀਜ਼ਨ ਬੈਂਚ ਨੇ ਇਸਨੂੰ ਸ਼ੁੱਕਰਵਾਰ ਲਈ ਸੂਚੀਬੱਧ ਕਰਨ ’ਤੇ ਸਹਿਮਤੀ ਪ੍ਰਗਟਾਈ।
ਦਸ ਦਈਏ ਕਿ ਹਾਈਕੋਰਟ ਦੇ ਜਸਟਿਸ ਹਰੀਨਾਥ ਐਨ. ਨੇ ਕਿਹਾ ਕਿ ਸੁਪਰੀਮ ਕੋਰਟ ਦੇ ਨਿਰਦੇਸ਼ਾਂ ਅਨੁਸਾਰ ਬਣਾਈ ਗਈ ਐਸਆਈਟੀ ਵਿੱਚ ਐਸਆਈਟੀ ਦੇ ਮੈਂਬਰ ਜੇ. ਵੈਂਕਟ ਰਾਓ ਨੂੰ ਵਿਸ਼ੇਸ਼ ਤੌਰ ’ਤੇ ਸੂਬੇ ਦੀ ਨੁਮਾਇੰਦਗੀ ਕਰਨ ਵਾਲੇ ਅਧਿਕਾਰੀ ਵਜੋਂ ਨਾਮਜ਼ਦ ਨਹੀਂ ਕੀਤਾ ਗਿਆ ਸੀ। ਇਸ ਲਈ ਹਾਈਕੋਰਟ ਨੇ ਫੈਸਲਾ ਸੁਣਾਇਆ ਕਿ ਜੇ. ਵੈਂਕਟ ਰਾਓ ਨੂੰ ਐਸਆਈਟੀ ਵਿੱਚ ਸ਼ਾਮਲ ਨਹੀਂ ਕੀਤਾ ਜਾ ਸਕਦਾ ਅਤੇ ਉਹ ਜਾਂਚ ਨਹੀਂ ਕਰ ਸਕਦੇ।