ਅਮਰਨਾਥ ਯਾਤਰਾ ਲਈ ਸਖ਼ਤ ਸੁਰੱਖਿਆ ਪ੍ਰਬੰਧ: ਸਿਨਹਾ
ਸ੍ਰੀਨਗਰ, 11 ਜੂਨ
ਜੰਮੂ-ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਨੇ ਅੱਜ ਕਿਹਾ ਕਿ ਸਾਲਾਨਾ ਅਮਰਨਾਥ ਯਾਤਰਾ ਲਈ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਸ਼ਰਧਾਲੂਆਂ ਨੂੰ ਵੱਡੀ ਗਿਣਤੀ ਵਿੱਚ ਪਵਿੱਤਰ ਗੁਫਾ ਦੇ ਦਰਸ਼ਨ ਕਰਨ ਲਈ ਆਉਣ ਦੀ ਅਪੀਲ ਕੀਤੀ। ਸਿਨਹਾ ਨੇ ਅੱਜ ਪਵਿੱਤਰ ਗੁਫਾ ਵਿੱਚ ‘ਪ੍ਰਥਮ ਪੂਜਾ’ ਕਰਕੇ ਇਸ ਸਾਲ ਦੀ ਸਾਲਾਨਾ ਅਮਰਨਾਥ ਯਾਤਰਾ ਦੀ ਰਸਮੀ ਸ਼ੁਰੂਆਤ ਕੀਤੀ। ਸਿਨਹਾ ਨੇ ਇਸ ਬਾਰੇ ਦੱਸਿਆ, ‘ਪ੍ਰਥਮ ਪੂਜਾ ਪੂਰੀ ਹੋ ਗਈ ਹੈ। ਮੈਂ ਸ਼ਰਧਾਲੂਆਂ ਨੂੰ ਵੱਡੀ ਗਿਣਤੀ ’ਚ ਦਰਸ਼ਨ ਕਰਨ ਲਈ ਆਉਣ ਦੀ ਅਪੀਲ ਕਰਦਾ ਹਾਂ। ਇਹ ਯਾਤਰਾ 3 ਜੁਲਾਈ ਨੂੰ ਸ਼ੁਰੂ ਹੋਵੇਗੀ ਅਤੇ 9 ਅਗਸਤ ਨੂੰ ਰੱਖੜੀ ਵਾਲੇ ਦਿਨ ਸਮਾਪਤ ਹੋਵੇਗੀ।’ ਉਨ੍ਹਾਂ ਕਿਹਾ ਕਿ ਸ਼ਰਾਈਨ ਬੋਰਡ ਅਤੇ ਪ੍ਰਸ਼ਾਸਨ ਨੇ ਇਸ ਸਾਲ ਸ਼ਰਧਾਲੂਆਂ ਲਈ ਸਹੂਲਤਾਂ ਵਿੱਚ ਸੁਧਾਰ ਕੀਤਾ ਹੈ। ਸਿਨਹਾ ਨੇ ਕਿਹਾ, ‘ਜੰਮੂ ਅਤੇ ਕਸ਼ਮੀਰ ਪੁਲੀਸ, ਫੌਜ, ਸੀਆਰਪੀਐੱਫ ਅਤੇ ਹੋਰ ਕੇਂਦਰੀ ਨੀਮ ਫ਼ੌਜ ਬਲਾਂ ਵੱਲੋਂ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਹਨ। ਇਸ ਲਈ ਮੈਨੂੰ ਲੱਗਦਾ ਹੈ ਕਿ ਕਿਸੇ ਨੂੰ ਵੀ ਕੁਝ ਸੋਚਣ ਦੀ ਲੋੜ ਨਹੀਂ ਹੈ, ਉਨ੍ਹਾਂ ਨੂੰ ਬਾਬਾ ਦਾ ਆਸ਼ੀਰਵਾਦ ਲੈਣਾ ਚਾਹੀਦਾ ਹੈ।’
ਉਪ ਰਾਜਪਾਲ ਨੇ ਬਾਅਦ ਵਿੱਚ ਸੋਸ਼ਲ ਮੀਡੀਆ ਪਲੇਟਫਾਰਮ ਐਕਸ ’ਤੇ ਕਿਹਾ, ‘ਹਰ ਹਰ ਮਹਾਦੇਵ! ਮੈਂ ਬਾਬਾ ਬਰਫਾਨੀ ਨੂੰ ਮੱਥਾ ਟੇਕਿਆ ਅਤੇ ਪਵਿੱਤਰ ਗੁਫਾ ਵਿੱਚ ‘ਪ੍ਰਥਮ ਪੂਜਾ’ ਕੀਤੀ। ਸਾਲਾਨਾ ਅਮਰਨਾਥ ਯਾਤਰਾ ਦੀ ਰਸਮੀ ਸ਼ੁਰੂਆਤ ਹੋ ਗਈ ਹੈ।’ ਉਨ੍ਹਾਂ ਕਿਹਾ ਕਿ ਜੰਮੂ-ਕਸ਼ਮੀਰ ਪ੍ਰਸ਼ਾਸਨ, ਸ੍ਰੀ ਅਮਰਨਾਥ ਜੀ ਸ਼ਰਾਈਨ ਬੋਰਡ ਤੇ ਸੁਰੱਖਿਆ ਬਲ ਆਪਸੀ ਸਹਿਯੋਗ ਨਾਲ ਕੰਮ ਕਰ ਰਹੇ ਹਨ। -ਪੀਟੀਆਈ
ਕਠੂਆ ਵਿੱਚ ਤਿੰਨ ਦਰਜਨ ਰਿਹਾਇਸ਼ੀ ਕੇਂਦਰ ਸਥਾਪਤ
ਜੰਮੂ: ਸਾਲਾਨਾ ਅਮਰਨਾਥ ਯਾਤਰਾ ਲਈ ਜਾਣ ਵਾਲੇ ਸ਼ਰਧਾਲੂਆਂ ਦੀ ਸਹੂਲਤ ਲਈ ਜੰਮੂ-ਕਸ਼ਮੀਰ ਦੇ ਕਠੂਆ ਜ਼ਿਲ੍ਹੇ ਵਿੱਚ ਲਗਪਗ ਤਿੰਨ ਦਰਜਨ ਰਿਹਾਇਸ਼ੀ ਕੇਂਦਰ ਅਤੇ ਛੇ ਰੇਡੀਓ ਫ੍ਰੀਕੁਐਂਸੀ ਆਈਡੈਂਟੀਫਿਕੇਸ਼ਨ ਰਜਿਸਟ੍ਰੇਸ਼ਨ ਕਾਊਂਟਰ ਸਥਾਪਤ ਕੀਤੇ ਜਾ ਰਹੇ ਹਨ। ਇਸ ਬਾਰੇ ਕਠੂਆ ਦੇ ਡਿਪਟੀ ਕਮਿਸ਼ਨਰ ਰਾਕੇਸ਼ ਮਿਨਹਾਸ ਨੇ ਕਿਹਾ, ‘ਸਾਡਾ ਮਕਸਦ ਲਖਨਪੁਰ ਨੂੰ ਬਹੁ-ਸੁਵਿਧਾ ਕੇਂਦਰ ਵਿੱਚ ਬਦਲਣਾ ਹੈ। ਅਸੀਂ ਸ਼ਰਧਾਲੂਆਂ ਦੀ ਸੇਵਾ ਲਈ 36 ਰਿਹਾਇਸ਼ੀ ਕੇਂਦਰ, ਛੇ ਆਰਐੱਫਆਈਡੀ ਰਜਿਸਟ੍ਰੇਸ਼ਨ ਕਾਊਂਟਰ, ਲੋੜੀਂਦੀ ਗਿਣਤੀ ਵਿੱਚ ਸਾਫ਼-ਸੁਥਰੇ ਪਖਾਨੇ ਅਤੇ ਮਨੋਰੰਜਨ ਜ਼ੋਨ ਸਥਾਪਤ ਕੀਤੇ ਹਨ।’ ਮਿਨਹਾਸ ਨੇ ਮੰਗਲਵਾਰ ਨੂੰ ਅਮਰਨਾਥ ਯਾਤਰਾ ਦੀਆਂ ਤਿਆਰੀਆਂ ਦੀ ਸਮੀਖਿਆ ਅਤੇ ਅੰਤਿਮ ਰੂਪ ਦੇਣ ਲਈ ਲਖਨਪੁਰ ਲਾਂਘੇ ਦਾ ਵਿਆਪਕ ਨਿਰੀਖਣ ਕੀਤਾ। ਉਨ੍ਹਾਂ ਕਿਹਾ ਕਿ ਹੁਣ ਤੱਕ 3.50 ਲੱਖ ਤੋਂ ਵੱਧ ਸ਼ਰਧਾਲੂਆਂ ਨੇ ਅਮਰਨਾਥ ਯਾਤਰਾ ਲਈ ਰਜਿਸਟ੍ਰੇਸ਼ਨ ਕਰਵਾਈ ਹੈ। -ਪੀਟੀਆਈ