ਨਵੀਂ ਦਿੱਲੀ, 21 ਦਸੰਬਰ
ਕਾਂਗਰਸ ਦੇ ਤਿੰਨ ਹੋਰ ਸੰਸਦ ਮੈਂਬਰਾਂ ਨੂੰ ਅੱਜ ਸਦਨ ਦੀ ਕਾਰਵਾਈ ਵਿੱਚ ਅੜਿੱਕਾ ਪਾਉਣ ਤੇ ਬਦਸਲੂਕੀ ਦੇ ਦੋਸ਼ ’ਚ ਸਰਦ ਰੁੱਤ ਇਜਲਾਸ ਦੇ ਬਾਕੀ ਰਹਿੰਦੇ ਸਮੇਂ ਲਈ ਲੋਕ ਸਭਾ ਵਿਚੋਂ ਮੁਅੱਤਲ ਕਰ ਦਿੱਤਾ ਗਿਆ ਹੈ। ਇਨ੍ਹਾਂ ਨਵੀਆਂ ਮੁਅੱਤਲੀਆਂ ਨਾਲ ਹੇਠਲੇ ਸਦਨ ਵਿਚੋਂ ਮੁਅੱਤਲ ਕੀਤੇ ਕਾਂਗਰਸੀ ਐੱਮਪੀਜ਼ ਦੀ ਗਿਣਤੀ ਸੌ ਤੱਕ ਪੁੱਜ ਗਈ ਹੈ ਜਦੋਂਕਿ ਦੋਵਾਂ ਸਦਨਾਂ ਵਿਚੋਂ ਹੁਣ ਤੱਕ ਵਿਰੋਧੀ ਧਿਰਾਂ ਦੇ 146 ਮੈਂਬਰ ਮੁਅੱਤਲ ਕੀਤੇ ਗਏ ਹਨ। ਇਸ ਦੌਰਾਨ ਲੋਕ ਸਭਾ ਤੇ ਰਾਜ ਸਭਾ ਨੂੰ ਅੱਜ ਇਕ ਦਿਨ ਪਹਿਲਾਂ ਹੀ ਅਣਮਿੱਥੇ ਸਮੇਂ ਲਈ ਉਠਾ ਦਿੱਤਾ ਗਿਆ। ਸਰਦ ਰੁੱਤ ਇਜਲਾਸ 4 ਦਸੰਬਰ ਨੂੰ ਸ਼ੁਰੂ ਹੋਇਆ ਸੀ ਤੇ 22 ਦਸੰਬਰ ਨੂੰ ਖ਼ਤਮ ਹੋਣਾ ਸੀ। ਉਂਜ ਸੰਸਦ ਉਠਾਉਣ ਤੋਂ ਪਹਿਲਾਂ ਦੋਵਾਂ ਸਦਨਾਂ ਵਿੱਚ ਕਈ ਅਹਿਮ ਬਿੱਲ ਪਾਸ ਕੀਤੇ ਗਏ। ਲੋਕ ਸਭਾ ਵਿੱਚ ਮੁੱਖ ਚੋਣ ਕਮਿਸ਼ਨਰ (ਸੀਈਸੀ) ਤੇ ਚੋਣ ਕਮਿਸ਼ਨਰਾਂ (ਈਸੀ’ਜ਼) ਦੀ ਨਿਯੁਕਤੀ ਅਤੇ ਅਖ਼ਬਾਰਾਂ ਦੀ ਰਜਿਸਟਰੇਸ਼ਨ ਦੇ ਅਮਲ ਨੂੰ ਸੁਖਾਲਾ ਬਣਾਉਣ ਨਾਲ ਸਬੰਧਤ ਪ੍ਰੈੱਸ ਤੇ ਰਜਿਸਟਰੇਸ਼ਨ ਆਫ਼ ਪੀਰੀਓਡੀਕਲਜ਼ ਬਿੱਲ 2023 ਪਾਸ ਕੀਤੇ ਗਏ। ਰਾਜ ਸਭਾ ਨੇ ਤਿੰਨ ਫੌਜਦਾਰੀ ਕਾਨੂੰਨਾਂ ਨਾਲ ਸਬੰਧਤ ਤਿੰਨ ਬਿੱਲਾਂ ਤੇ ਟੈਲੀਕਾਮ ਬਿੱਲ ’ਤੇ ਮੋਹਰ ਲਾਈ।
ਸੰਸਦੀ ਮਾਮਲਿਆਂ ਬਾਰੇ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਡੀ.ਕੇ.ਸੁਰੇਸ਼, ਦੀਪਕ ਬੈਜ ਤੇ ਨਕੁਲ ਨਾਥ ਦੀ ਮੁਅੱਤਲੀ ਲਈ ਮਤਾ ਪੇਸ਼ ਕੀਤਾ। ਜੋਸ਼ੀ ਨੇ ਕਿਹਾ, ‘‘ਇਸ ਸਦਨ ਨੇ ਦੀਪਕ ਬੈਜ, ਡੀ.ਕੇ.ਸੁਰੇਸ਼ ਤੇ ਨਕੁਲ ਨਾਥ ਦੀ ਬਦਸਲੂਕੀ ਨੂੰ ਗੰਭੀਰਤਾ ਨਾਲ ਲਿਆ ਹੈ। ਉਨ੍ਹਾਂ ਚੇਅਰ ਨੂੰ ਤਖ਼ਤੀਆਂ ਦਿਖਾ ਕੇ ਅਤੇ ਸਦਨ ਦੇ ਐਨ ਵਿਚਾਲੇ ਦਾਖ਼ਲ ਹੋ ਕੇ ਸਦਨ ਤੇ ਚੇਅਰ ਦਾ ਨਿਰਾਦਰ ਕੀਤਾ ਹੈ...ਇਨ੍ਹਾਂ ਨੂੰ ਇਜਲਾਸ ਦੇ ਬਾਕੀ ਰਹਿੰਦੇ ਸਮੇਂ ਲਈ ਮੁਅੱਤਲ ਕੀਤਾ ਜਾਵੇ।’’
ਉਂਜ ਇਸ ਤੋਂ ਪਹਿਲਾਂ ਸਦਨ ਦੀ ਕਾਰਵਾਈ ਦੌਰਾਨ ਲੋਕ ਸਭਾ ਸਪੀਕਰ ਓਮ ਬਿਰਲਾ ਨੇ ਤਿੰਨਾਂ ਐੱਮਪੀਜ਼ ਨੂੰ ਸਦਨ ਵਿਚ ਰੋਸ ਮੁਜ਼ਾਹਰੇ ਕਰਨ ਤੋਂ ਰੋਕਿਆ। ਵਿਰੋਧੀ ਧਿਰਾਂ ਦੇ ਸੰਸਦ ਮੈਂਬਰਾਂ ਨੇ ਵੱਡੀ ਗਿਣਤੀ ਐੱਮਪੀਜ਼ ਨੂੰ ਮੁਅੱਤਲ ਕੀਤੇ ਜਾਣ ਦਾ ਵਿਰੋਧ ਜਾਰੀ ਰੱਖਿਆ ਤੇ ਸੰਸਦ ਦੀ ਸੁਰੱਖਿਆ ’ਚ ਸੰਨ੍ਹ ਦੇ ਮੁੱਦੇ ’ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਬਿਆਨ ਦੀ ਆਪਣੀ ਮੰਗ ’ਤੇ ਬਜ਼ਿੱਦ ਰਹੇ।
ਲੋਕ ਸਭਾ ਮਗਰੋਂ ਰਾਜ ਸਭਾ ਨੇ ਵੀ ਅੱਜ ਟੈਲੀਕਾਮ ਬਿੱਲ ’ਤੇ ਰਸਮੀ ਮੋਹਰ ਲਾ ਦਿੱਤੀ। ਬਿੱਲ ਵਿਚਲੀਆਂ ਵਿਵਸਥਾਵਾਂ ਤਹਿਤ ਸਰਕਾਰ ਨੂੰ ਕੌਮੀ ਸੁਰੱਖਿਆ ਦੇ ਹਿੱਤ ਵਿੱਚ ਹੰਗਾਮੀ ਹਾਲਾਤ ਦੌਰਾਨ ਟੈਲੀਕਾਮ ਸੇਵਾਵਾਂ ਦਾ ਆਰਜ਼ੀ ਕੰਟਰੋਲ ਮਿਲ ਜਾਵੇਗਾ। ਇਹੀ ਨਹੀਂ ਇਹ ਬਿੱਲ ਸੈਟੇਲਾਈਟ ਸਪੈਕਟ੍ਰਮ ਦੀ ਵੰਡ ਲਈ ਸਰਕਾਰ ਨੂੰ ਬਿਨਾਂ ਕਿਸੇ ਨਿਲਾਮੀ ਦੇ ਰੂਟ ਦੀ ਵੰਡ ਦਾ ਵਿਕਲਪ ਵੀ ਮੁਹੱਈਆ ਕਰਵਾਏਗਾ। ਬਿੱਲ ’ਤੇ ਬਹਿਸ ਦੌਰਾਨ ਸੰਚਾਰ ਮੰਤਰੀ ਅਸ਼ਵਨੀ ਵੈਸ਼ਨਵ ਨੇ ਕਿਹਾ ਕਿ ਇਹ ਬਿੱਲ ਨਵੇਂ ਭਾਰਤ ਦੀਆਂ ਇੱਛਾਵਾਂ ਨੂੰ ਜ਼ਿਹਨ ’ਚ ਰੱਖ ਕੇ ਲਿਆਂਦਾ ਗਿਆ ਹੈ, ਜੋ ਬਸਤੀਵਾਦੀ ਯੁੱਗ ਦੇ ਦੋ ਕਾਨੂੰਨਾਂ ਦੀ ਥਾਂ ਲਏਗਾ। ਲੋਕ ਸਭਾ ਨੇ ਬੁੱਧਵਾਰ ਨੂੰ ਸੰਖੇਪ ਚਰਚਾ ਮਗਰੋਂ ਜ਼ੁਬਾਨੀ ਵੋਟ ਨਾਲ ਬਿੱਲ ਪਾਸ ਕਰ ਦਿੱਤਾ ਸੀ। ਉਪਰਲੇ ਸਦਨ ਵਿੱਚ ਅੱਜ ਤਿੰਨ ਫੌਜਦਾਰੀ ਕਾਨੂੰਨਾਂ ਨਾਲ ਸਬੰਧਤ ਬਿੱਲ ਵੀ ਰੱਖਿਆ ਗਿਆ, ਜੋ ਜ਼ੁਬਾਨੀ ਵੋਟ ਨਾਲ ਪਾਸ ਹੋ ਗਿਆ।
ਰਾਜ ਸਭਾ ਵਿੱਚ ਅੱਜ ਡੀਪਫੇਕਸ ਤੇ ਸਿੰਥੈਟਿਕ ਵੀਡੀਓਜ਼ ਨੂੰ ਨੱਥ ਪਾਉਣ ਲਈ ਸੋਸ਼ਲ ਮੀਡੀਆ ਪਲੈਟਫਾਰਮਾਂ ਲਈ ਸੇਬੀ ਜਿਹੇ ਰੈਗੂਲੇਟਰ ਲਾਉਣ ਦੀ ਮੰਗ ਵੀ ਉੱਠੀ। ਭਾਜਪਾ ਸੰਸਦ ਮੈਂਬਰ ਸੁਸ਼ੀਲ ਕੁਮਾਰ ਮੋਦੀ ਨੇ ਸਿਫ਼ਰ ਕਾਲ ਦੌਰਾਨ ਇਹ ਮਸਲਾ ਰੱਖਦੇ ਹੋਏ ਕਿਹਾ ਕਿ ਅਜਿਹੀਆਂ ਵੀਡੀਓਜ਼ ਦੇਸ਼ ਦੀ ਜਮਹੂਰੀਅਤ ਲਈ ਵੰਗਾਰ ਹਨ। -ਪੀਟੀਆਈ
ਨਵੇਂ ਫੌਜਦਾਰੀ ਕਾਨੂੰਨਾਂ ਨਾਲ ਬਸਤੀਵਾਦੀ ਯੁੱਗ ਦੇ ਕਾਨੂੰਨਾਂ ਦਾ ਭੋਗ ਪਿਆ: ਮੋਦੀ
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤਿੰਨ ਫੌਜਦਾਰੀ ਕਾਨੂੰਨਾਂ ਨਾਲ ਸਬੰਧਤ ਬਿੱਲਾਂ ’ਤੇ ਸੰਸਦ ਦੀ ਮੋਹਰ ਨੂੰ ਭਾਰਤ ਦੇ ਇਤਿਹਾਸ ਦਾ ਅਹਿਮ ਪਲ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਨਵੇਂ ਕਾਨੂੰਨਾਂ ਨਾਲ ਬਸਤੀਵਾਦੀ ਯੁੱਗ ਦੇ ਕਾਨੂੰਨਾਂ ਦਾ ਭੋਗ ਪੈ ਗਿਆ ਹੈ। ਉਨ੍ਹਾਂ ਕਿਹਾ ਕਿ ਨਵੇਂ ਫੌਜਦਾਰੀ ਕਾਨੂੰਨ ਲੋਕਾਂ ਦੀ ਸੇਵਾ ਤੇ ਭਲਾਈ ਵੱਲ ਕੇਂਦਰਤ ਹਨ ਤੇ ਇਹ ਨਵੇਂ ਯੁੱਗ ਦੀ ਸ਼ੁਰੂਆਤ ਹੈ। ਲੋਕ ਸਭਾ ਮਗਰੋਂ ਰਾਜ ਸਭਾ ਨੇ ਵੀ ਅੱਜ ਇਨ੍ਹਾਂ ਤਿੰਨ ਅਹਿਮ ਬਿੱਲਾਂ ਨੂੰ ਮਨਜ਼ੂਰੀ ਦੇ ਦਿੱਤੀ। ਭਾਰਤੀ ਨਿਆਂਏ ਸੰਹਿਤਾ, ਭਾਰਤੀ ਨਾਗਰਿਕ ਸੁਰਕਸ਼ਾ ਸੰਹਿਤਾ ਤੇ ਭਾਰਤੀ ਸਾਕਸ਼ਯ ਅਧਿਨਿਯਮ ਬਸਤੀਵਾਦੀ ਯੁੱਗ ਦੇ ਕਾਨੂੰਨਾਂ ਆਈਪੀਸੀ 1860, ਸੀਆਰਪੀਸੀ 1898 ਤੇ ਇੰਡੀਅਨ ਐਵੀਡੈਂਸ ਐਕਟ 1872 ਦੀ ਥਾਂ ਲੈਣਗੇ। ਸ੍ਰੀ ਮੋਦੀ ਨੇ ਐਕਸ ’ਤੇ ਇਕ ਪੋਸਟ ਵਿੱਚ ਕਿਹਾ, ‘‘ਇਨ੍ਹਾਂ ਬਿੱਲਾਂ ਜ਼ਰੀਏ ਅਸੀਂ ਵੇਲਾ ਵਿਹਾਅ ਚੁੱਕੇ ਸਿਡੀਸ਼ਨ (ਰਾਜਦ੍ਰੋਹ) ਨਾਲ ਸਬੰਧਤ ਕਾਨੂੰਨਾਂ ਨੂੰ ਅਲਵਿਦਾ ਆਖ ਦਿੱਤੀ ਹੈ। ਫੌਜਦਾਰੀ ਨਿਆਏ ਪ੍ਰਬੰਧ ਦੀ ਕਾਇਆਕਲਪ ਕਰਨ ਵਾਲੇ ਇਹ ਬਿੱਲ ਸੁਧਾਰਾਂ ਲਈ ਭਾਰਤ ਦੀ ਵਚਨਬੱਧਤਾ ਦੀ ਸ਼ਾਹਦੀ ਭਰਦੇ ਹਨ।’’ -ਪੀਟੀਆਈ